Monday 29 July 2013

ਪਰਤਿਆਈਆਂ ਬੀਆਂ ਗੱਲਾਂ

ਪਰਤਿਆਈਆਂ ਬੀਆਂ ਗੱਲਾਂ....ਫੇਰ ਦਬਾਰੇ ਗੌਰ ਕਰਿਓ
1. ਜਦੋਂ ਅੱਤ ਦੀ ਗਰਮੀ ਜਾਂ ਮੀਂਹ ਪੈਂਦਾ ਓਦੋਂ ਪੱਤਰਕਾਰ ਹਮੇਸ਼ਾ ਰਾਹ ਤੇ ਤੁਰੀਆਂ ਆਉਂਦੀਆਂ ਕੁੜੀਆਂ ਦੀ ਫੋਟੋ ਖਿੱਚਕੇ ਅਖਬਾਰਾਂ 'ਚ ਛਾਪਦੇ ਨੇ ਬੀ ਮੁਟਿਆਰਾਂ ਛਤਰੀ ਤਾਣੀ ਆਉਂਦੀਆਂ ਜੀ, ਮੁਟਿਆਰਾਂ ਮੀਂਹ ਦਾ ਲੁਤਫ ਲੈਂਦੀਆਂ ਜੀ। ਠਰਕ ਭੋਰਦੇ ਨੇ ਜਾਣਕੇ ਮੁੰਡੇਆਂ ਨੂੰ ਕੇਹੜਾ ਗਰਮੀ ਨੀਂ ਲੱਗਦੀ ਜਾਂ ਮੁੰਡੇ ਕੇਹੜਾ ਮੋਮੀਜਾਮੇ ਦੇ ਬਣੇ ਨੇ ਬੀ ਭਿੱਜਦੇ ਨੀਂ ਮੀਂਹ 'ਚ।
2. ਕਈ ਵੇਖੇ ਆ ਘਰੇ ਸੀਸੇ ਮੂ੍ਹਰੇ ਖੜ੍ਹੇ ਪੱਗ 'ਚ ਈ ਬਾਜ਼ ਫੇਰੀ ਜਾਣਗੇ । ਪੱਗ ਤੇ ਸਬਾ ਦੋ ਘੈਂਟੇ ਲਾ ਦੇਣਗੇ ਪਰ ਜੇ ਰਾਹ 'ਚ ਫਾਟਕ ਬੰਦ ਹੋਵੇ ਫੇਰ ਐਂਮੀ ਕਲੱਚ ਨੱਪਕੇ ਰੇਸ਼ਾਂ ਕਰੀ ਜਾਣਗੇ। ਭਮਾਂ ਰੇਲ ਆਕੇ ਕੱਦੂਕਸ਼ ਕਰਦੇ ਪਰ ਓਥੇ ਟੇਢੇ ਬੀਂਗੇ ਜੇ ਹੋਕੇ ਫਾਟਕ ਹੇਠ ਦੀ ਮੋਟਰਸੈਕਲ ਟਪਾ ਈ ਲੈਣਗੇ
3. ਪਿੰਡਾਂ ਆਲ਼ੇਆਂ ਦਾ ਇੱਕ ਅੱਧਾ ਚਾਚਾ ਫੌਜ 'ਚ ਲਾਜ਼ਮੀ ਹੁੰਦਾ ਹਰਿੱਕ ਦਾ।
4. ਫੇਸਬੁੱਕ ਤੇ ਜਿਮੇਂ ਜਿਮੇਂ ਬੰਦੇ ਦੇ ਲਾਈਕ ਵਧਦੇ ਜਾਂਦੇ ਨੇ ਓਮੇਂ ਓਮੇਂ ਹੰਕਾਰ ਵਧਦਾ ਜਾਂਦਾ । ਮੇਰੇ ਅਰਗੇ ਨਾਲ ਫੇਰ ਅਗਲਾ ਗੱਲ ਕਰਨੀ ਪਸਿੰਦ ਨੀਂ ਕਰਦਾ।
5. ਫਿਲਮਾਂ ਆਲ਼ੇ ਮਸ਼ਹੂਰ ਗੈਕ ਕਲਾਕਾਰ ਜਦੋਂ ਵੀ ਮਰਦੇ ਨੇ ਤਾਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਈ ਪੂਰੇ ਹੁੰਦੇ ਨੇ। ਖੌਣੀ ਪਤੰਦਰ ਜਾਣਕੇ ਈ ਮੋਨੋ ਦਾ ਟੀਕਾ ਲਾ ਦੇਂਦੇ ਨੇ ਭਰਕੇ ।
6. ਬੰਦਾ ਜਵਾਨੀ ਦੀ ਕੋਈ ਘਟਨਾ ਤਾਂ ਕਿਸੇ ਵੇਲੇ ਭੁੱਲ ਸਕਦਾ ਪਰ ਬਚਪਨ ਦੀ ਕੋਈ ਗੱਲ ਨੀਂ ਭੁੱਲਦੀ ਕਦੇ।
7. ਕਈ ਆਰੀ ਬੰਦੇ ਨਾ ਬਹੁਤ ਕੁੱਤੇਖਾਣੀ ਹੁੰਦੀ ਆ। ਬੰਦਾ ਆਵਦੇ ਜਣੀ ਮੋਬੈਲ ਚਾਰਜ ਤੇ ਲਾਕੇ ਜਾਂਦਾ । ਜਦੋਂ ਅੱਧੇ ਪੌਣੇ ਘੈਂਟੇ ਬਾਅਦ ਆਕੇ ਚੈੱਕ ਕਰਦਾ ਤਾਂ ਪਤਾ ਲੱਗਦਾ 'ਤਾਹਾਂ ਤੋਂ ਸੁੱਚ ਤਾਂ ਛੱਡੀ ਈ ਨੀਂ।
8. ਵਿਆਹਾਂ ਸ਼ਾਦੀਆਂ 'ਚ ਬੀਬੀਆਂ ਤਿੜ੍ਹ ਤਿੜ੍ਹ ਕੇ ਸੋਨਾ ਬਣਾਉਦੀਆਂ । ਫੇਰ ਆਪ ਈ ਆਖੀ ਜਾਣਗੀਆਂ, "ਨੀਂ ਭੈਣੇ ਜ਼ਮਾਨਾ ਬਾਹਲਾ ਮਾੜਾ, ਸੋਨਾ ਪਾਉਣ ਦੀ ਕੇਹੜਾ ਵਾਹ ਕੋਈ" .....ਘੁੱਦਾ

No comments:

Post a Comment