Saturday 20 July 2013

ਸਾਡੇ ਲੋਕ

ਹਲਾਂ ਮਗਰ ਉੱਡਦੇ ਬਗਲਿਆਂ ਦੀਆਂ ਡਾਰਾਂ ਤੋਂ ਉੱਡਣਾ ਸਿੱਖਦੇ ਆ ਅਸੀਂ।
ਸਾਉਣ ਮਹੀਨੇ ਪੈਂਦੀਆਂ ਫੁਹਾਰਾਂ ਕਰਕੇ ਲਾਚੜੀਆਂ ਕੋਇਲਾਂ ਦੀ ਕੂਕ ਸਾਡੇ ਕੰਨੀਂ ਵਸੀ ਵਈ ਆ।
ਸੂਏਆਂ 'ਚ ਰੁੜ੍ਹੇ ਆਉਂਦੇ ਲਲੇਰਾਂ ਅਰਗੇ ਕਾਲਜੇ ਨੇ ਸਾਡੇ ਲੋਕਾਂ ਨੇ। ਉੱਤੋਂ ਕੱਛੂਕੁੰਮੇ ਦੀ ਖੱਲ ਅਰਗੇ ਸਖਤ ਤੇ ਅੰਦਰੋਂ ਗਿਰੀ ਅਰਗੇ ਸਫੈਦ ਤੇ ਕੂਲੇ। ਝੋਨੇ ਦੇ ਵਾਹਣ 'ਚੋਂ ਕਹੀ ਦੇ ਟੱਕ ਨਾ ਚੱਕੀ ਗਾਚੀ ਅਰਗੇ ਲੋਕ, ਜਿੱਥੇ ਅੜਗੇ ਸੋ ਅੜਗੇ । ਝੋਰਿਆਂ ਨਾ ਧਵਾਂਖੇ ਚਿਹਰਿਆਂ ਤੋਂ ਸਦਾ ਚੜ੍ਹਦੀ ਕਲਾ ਈ ਸੁਣੀ ਆ। ਦੋ ਵੀਲ੍ਹੇ ਫੀਟਰਾਂ ਦੀ ਠੁੱਕ ਠੁੱਕ ਜਿਮੇਂ ਕੰਨਾਂ 'ਚ ਘਰ ਕਰਗੀ ਹੋਵੇ।
ਢਿੱਲੀ ਪੱਗ ਦਾ ਲੜ ਮੂੰਹ ਅੱਗੇ ਕਰਕੇ ਖਾਲੇ 'ਚੋਂ ਪਾਣੀ ਪੀਣ ਆਲੇ ਏਹ ਲੋਕ ਦੱਸ ਸਕਦੇ ਨੇ ਬਿਸਲੇਰੀ ਬਾਟਰ 'ਚ ਕੀ ਕਮੀਆਂ ਨੇ।
ਚੌਰਾਸੀ ਸੰਤਾਲੀ ਵੇਲੇ ਕੱਖਾਂ ਆਲੀ ਸਰਪੇਅ ਦੀਆਂ ਢੋਲੀਆਂ ਭਰ ਭਰ ਛਿੜਕੀਆਂ ਸੀ ਖੱਬਲ ਅਰਗੇ ਲੋਕਾਂ ਤੇ। ਪਰ ਨਰਮੇ ਦੇ ਵਾਹਣਾਂ 'ਚ ਧੱਕੇ ਨਾਲ ਉੱਗਰੀ ਇੱਟਸਿੱਟ ਅਰਗੇ ਢੀਠ ਲੋਕ ਫੇਰ ਹਰੇਬਾਈ ਫੜ੍ਹਗੇ ਤੇ ਵੱਟਾਂ ਵੀ ਟੱਪਗੇ ਨਰੰਤਰ ਵਧਦੇ ਗਏ। ਬਰਾਨੀ ਵਾਹਣਾਂ ਦੀਆਂ ਸਰ੍ਹੋਆਂ ਅਰਗੇ , ਸਿਆਲ ਦੇ ਪਿਛਲੇ ਜੇ ਪੱਖ ਖਿੜੇ ਪੀਲੇ ਫੁੱਲਾਂ ਅਰਗੇ ਲੋਕ। ਤਖਤ ਹਜ਼ਾਰੇ ਤੋਂ ਲੈ ਦਾਨਾਬਾਦ ਤੱਕ ਦਾ ਸਫਰ ਈ ਨਹੀਂ ਕੀਤਾ ਏਹਨਾਂ ,ਸਗੋਂ ਸੁਨਾਮ ਤੋਂ ਵਾਇਆ ਅੰਬਰਸਰ ਹੋਕੇ ਕੈਕਸਟਨ ਵੀ ਪਹੁੰਚੇ ਨੇ।
ਤਿੰਨ ਪਾਸਿਓਂ ਖਿੱਚਾਂ ਪਾਕੇ ਖਲ੍ਹਾਰੇ ਨਿਸ਼ਾਨ ਸਾਹਬ ਦੇ ਸਿਖਰ ਤੇ ਝੂਲਦਾ ਕੇਸਰੀ ਰੰਗ ਦਾ ਨਿਸ਼ਾਨ ਸਾਬ੍ਹ ਖੌਣੀ ਕੇਹੜੀ ਅਨਰਜ਼ੀ ਦੇਂਦਾ।
ਪਿੱਛੇ ਖਲੋਤਾ ਲੰਮੇ ਨੀਲੇ ਚੋਲੇ ਆਲਾ ਨਹੰਗ ਸਿੰਘ ਭਰਮੀਂ ਦਾਹੜੀ ਆਲੇ ਚਿਹਰੇ ਤੇ ਰਵ੍ਹਾਨਗੀ ਲਿਆਕੇ , ਲੰਮਾ ਸਾਹ ਖਿੱਚ ਫਿਫਰਿਆਂ 'ਚ ਹਵਾ ਭਰਕੇ ਹਜ਼ਾਰਾਂ ਚੁੱਪਾਂ ਨੂੰ ਤੋੜਦਾ ਕਲੇਜਾ ਚੀਰਦੀ ਜਾਂਦੀ ਗਰਜ਼ਵੀ ਅਵਾਜ਼ 'ਚ ਸਦੀਆਂ ਪੁਰਾਣਾ ਜੈਕਾਰਾ ਬੋਲਦਾ "ਬੋਲੇ ਸੋ ਨਿਹਾਲ"।
ਬੋਹੜਾਂ ਤੇ ਬੈਠੇ ਜਨੌਰ ਨਿਡਰ ਹੋਕੇ ਨੀਲੇ ਅਸਮਾਨ ਨੂੰ ਉਡਾਰੀ ਭਰਦੇ ਨੇ, ਸਿਰੋਂ ਲੈ ਪੈਰਾਂ ਤਾਂਈ ਜਿਮੇਂ ਧੁੜ ਧੁੜੀ ਜੀ ਉੱਠਦੀ ਹੋਵੇ। ਤੇ ਆਪ ਮੁਹਾਰੇ ਮੂੰਹੋਂ ਨਿੱਕਲ ਜਾਂਦਾ "ਸਤਿ ਸ੍ਰੀ ਅਕਾਲ"....ਘੁੱਦਾ

No comments:

Post a Comment