Friday 23 September 2011

ਅਣਗੌਲੇ ਸੱਚ

ਕਦੇ ਸ਼ਾਮਾਂ ਢਲਣ ਵੇਲੇ, ਸਫੈਦਿਆਂ ਵਿੱਚਕਾਰੋਂ  ਡੁੱਬਦੇ ਸੂਰਜ ਨੂੰ ਵੇਖੀਂ,
ਸ਼ਾਇਦ ਤੇਰਾ ਅਤੀਤ ਕੁਝ ਪਲ ਲਈ ਤੇਰਾ ਵਰਤਮਾਨ ਹੋ ਨਿੱਬੜੇ....

ਤੈਨੂੰ ਯਾਦ ਆਏਗਾ ਜਿੰਦਗੀ ਦਾ ਸਵੇਰਾ,
ਜਦ ਤੂੰ ਨਿੱਕਾ ਹੁੰਦਾ, ਹਾਣੀਆਂ ਨਾਲ ਲੁਕਣ-ਮੀਟੀ ਖੇਡਦਾ,
'ਥੱਪਾ'  ਲਾਉਣ ਦੀ ਸ਼ਰਾਰਤ ਨਾਲ,
ਤ੍ਰਿੰਜਣ ਵਿੱਚ ਬੈਠੀਆਂ ਭੈਣਾਂ ਦੀਆਂ,
ਢੂਈਆਂ ਉਹਲੇ ਲੁੱਕ ਜਾਂਦਾ ਸੀ..
ਜਾਂ ਤੈਨੂੰ ਯਾਦ ਆਵੇਗਾ ਜਦ ਤੂੰ ਬੇਬੇ ਨਾਲ ,
ਮੇਲੇ ਵਿੱਚ ਜਾਕੇ ਖਿਡੌਣਾ ਖ੍ਰੀਦਣ ਦੀ ਜਿੱਦ ਲੈਕੇ,
ਜ਼ਮੀਨ 'ਤੇ ਅੱਡੀਆਂ ਰਗੜਨ ਲੱਗ ਜਾਦਾਂ ਸੀ,
ਤੇ ਫਿਰ ਉੱਠ ਖਲੋਂਦਾ ਸੀ ਬਾਪੂ ਜੀ ਦੀ ਘੂਰੀ ਵੇਖਕੇ,
ਫਿਰ ਬੁੱਲ੍ਹ 'ਟੇਰਦਾ ਹੋਇਆ ਬੇਬੇ ਦੇ ਕਮੀਜ਼ ਨਾਲ ਮੂੰਹ ਲਕੋ ਲੈਂਦਾ ਸੀ.....

ਤੇ ਫਿਰ ਤੈਨੂੰ ਯਾਦ ਆਏਗਾ,ਜਿੰਦਗੀ ਦਾ ਸਿਖਰ ਦੁਪਹਿਰਾ,
ਜਦੋਂ ਤੇਰੀ ਅੱਖ, ਦੋਹਣੀਆਂ 'ਚ ਮੱਝੀਆਂ ਦੀਆਂ ਧਾਰਾਂ ਵੱਜਣ ਤੋਂ ਜਾਂ
ਕੁੱਕੜ ਨੂੰ ਬਾਂਗ ਦੇਣ ਦਾ ਖਿਆਲ ਆਉਣ ਤੋਂ ਪਹਿਲਾਂ ਖੁੱਲ੍ਹ ਜਾਂਦੀ ਸੀ,
ਤੇ ਫਿਰ ਬੱਗੇ ਬਲਦਾਂ ਨੂੰ ਜੋੜ, ਤ੍ਰੇਲ ਨਾਲ ਜੰਮੀ ਰਾਹ ਦੀ ਮਿੱਟੀ ਤੇ,
ਪੈੜ ਛੱਡਦਾ, ਖੇਤ ਪਹੁੰਚ ਜਾਦਾਂ ਸੀ,
ਤੇ ਫਿਰ ਮੁੜਦਾ ਸੀ ਘਰ,
ਕਦੇ ਮੂੰਹ ਹਨੇਰੇ ਜਾਂ ਕਦੇ ਤਾਰਿਆਂ ਦੀ ਛਾਵੇਂ...

ਤੇ ਅੱਜ ਤੂੰ ਖੜ੍ਹਾ ਏਂ, ਹੱਡਾਂ ਨੂੰ ਤਾਅ ਦੇਕੇ ਬਣਾਏ ਘਰ ਦੀ ਛੱਤ ਉੱਤੇ,
ਤੇ ਤੱਕ ਰਿਹੈਂ ਸਫੈਦਿਆਂ ਵਿੱਚਕਾਰੋਂ ਢਲਦਾ ਸੂਰਜ,
ਤੇਰੇ ਪੋਤਰਿਆਂ ਮੂੰਹੋਂ ਨਿਕਲਿਆ 'ਬਾਪੂ' ਲਫਜ਼ ਬਿਆਨ ਰਿਹੈ ਤੇਰੀ ਉਮਰ,
ਪਰ ਸੂਰਜ ਤਾਂ ਰੋਜ਼ ਚੜ੍ਹਦਾ ਲਹਿੰਦਾ ਏ,
ਪਰ ਅੱਜ ਤੱਕਣ ਦਾ ਖਿਆਲ਼ ਕਿਉਂ ਆਇਆ?
ਸ਼ਾਇਦ ਰੁਝੇਵਿਆਂ ਕਰਕੇ ਤੂੰ ਬੇਖਬਰ ਰਿਹੈਂ ਜਿੰਦਗੀ ਦੀ ਸ਼ਾਮ ਤੋਂ,
ਜੋ ਖਲੋਤੀ ਏ ਸਾਹਮਣੇ ਕੌੜਾ ਸੱਚ ਬਣਕੇ,
ਰਾਤ ਦੇ ਬੂਹੇ 'ਤੇ ਦਸਤਕ ਦੇਣ ਨੂੰ ਤਿਆਰ....

Written by  ---ਅੰਮ੍ਰਿਤ ਪਾਲ ਸਿੰਘ

No comments:

Post a Comment