Wednesday 3 August 2016

ਪੰਜਾਬੀ

ਫਿਰੋਜ਼ਦੀਨ ਸ਼ਰਫ ਹੋਣਾੰ ਦੀ ਲਿਖੀ ਕਵਿਤਾ ਆਪਾੰ ਨੂੰ ਸਕੂਲੀ ਸਿਲੇਬਸ 'ਚ ਹੁੰਦੀ ਸੀ। ਓਸ ਲਿਖਤ ਦੀਆੰ ਕੁਝ ਗੱਲਾੰ ਇਓੰ ਸੀ 
"ਰਹਾੰ ਪੰਜਾਬ 'ਚ ਤੇ ਯੂਪੀ ਵਿੱਚ ਕਰਾੰ ਗੱਲਾੰ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾੰ
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ
ਆਸ਼ਕ ਮੁੱਢੋੰ ਮੈੰ ਏਸ ਉਮੰਗ ਦਾ ਹਾੰ
ਮੈੰ ਪੰਜਾਬੀ ਪੰਜਾਬ ਦਾ 'ਸ਼ਰਫ' ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾੰ ਹਾੰ"
ਬੜੀ ਸੁਭਾਵਿਕ ਜੀ ਗੱਲ ਆ, ਆਪਾੰ ਸਾਰੇ ਪੰਜਾਬ 'ਚ ਜੰਮੇ ਆੰ ਤੇ ਕੁਦਰਤੀ ਏਸੇ ਬੋਲੀ ਤੇ ਏਸੇ ਮਿੱਟੀ ਨਾਲ ਪਿਆਰ ਆ। ਜੇ ਕੋਈ ਟੁੱਕ ਕਮਾਓਣ ਖਾਤਰ ਵਲੈਤ ਰਹਿੰਦਾ ਤਾੰ ਮਰਨ ਵੇੇਲੇ ਓਹ ਵੀ ਆਵਦੇ ਪੁੱਤ ਧੀ ਨੂੰ ਆਖਦਾ," ਸ਼ੇਰਾ ਘੌਲ ਨਾ ਕਰਿਓ ਮੇਰਾ ਸਸਕਾਰ ਪਿੰਡ ਲਿਜਾਕੇ ਈ ਕਰਿਓ"। ਪੰਜਾਬੋੰ ਬਾਹਰ ਗਿਆ ਨੂੰ ਕਿਤੇ ਪੰਜਾਬੀ 'ਚ ਲਿਖਿਆ ਸਾਈਨ ਬੋਰਡ ਦਿਸਜੇ ਤਾੰ ਚਾਅ ਜੇ ਨਾਲ ਦੂਹਰੀ ਆਰੀ ਦੇਖੀਦਾ। ਪੰਜਾਬੀ ਲਿਖਣ ਦਾ ਵੀ ਅਲੈਹਦਾ ਸਵਾਦ ਆ ਜਰ।
ਕੁੱਛੜ ਚੁੱਕੇ ਨਿਆਣੇ ਨੂੰ ਮਾੰ ਸੌ ਕੁਛ ਆਖਦੀ ਆ,'ਨੀੰ ਮੇਰਾ ਭੂੰਡੀ ਜਾ, ਮੇਰਾ ਬੂੰਗੜੀ ਜਾ, ਮੇਰਾ ਗੁੱਚੀ ਮੁੱਚੀ ਜਾ ਨੀੰ ਮੇਰੀ ਡੱਡ ਮੱਡ ਜੀ। ਤੇ ਜਵਾਕ ਮਾੰ ਬੋਲੀ ਸਿੱਖਣੀ ਸ਼ੁਰੂ ਕਰ ਦਿੰਦਾ। 
ਸ਼ੂੰ ਫੈੰ ਦੇ ਚੱਕਰਾੰ 'ਚ ਪੰਜਾਬੀ ਬੋਲਣ ਨੂੰ ਆਪਣੇ ਲੋਕ ਹੁਣ ਹੱਤਕ ਸਮਝਦੇ ਨੇ। ਡੱਕਿਆ ਮੁਲਖ ਵਿਆਹ ਦੇ ਕਾਰਡ ਵੀ ਅੰਗਰੇਜ਼ੀ 'ਚ ਛਪਾਓਦਾ ਜਿਮੇੰ ਸਾਰਾ ਲਾਣਾ ਓਕਸਫੋਰਡ 'ਚੋੰ ਪੜ੍ਹਿਆ ਹੁੰਦਾ। ਮੈੰ ਕਿਸੇ ਲਿਹਾਜ਼ੀ ਘਰੇ ਗਿਆ ਸੀ ਤੇ ਕੋਲ ਬੈਠਾ ਜਵਾਕ ਅੰਬ ਚੂਪੀ ਜਾਵੇ। ਮੇਰੇ ਲਿਹਾਜ਼ੀ ਦੀ ਘਰਾੰਆਲੀ ਆਕੇ ਜਵਾਕ ਨੂੰ ਕਹਿੰਦੀ ,"ਬੇਟਾ ਹੈੰਡੀ ਵਾਸ਼ੀ ਕਰੋ ਤੇ ਚਾਚੂ ਨੂੰ ਨਮਸਤੇ ਬੁਲਾਓ"। ਮਖਾ ਸੈੱਟ ਆ ਭਰਜਾਈ ਤੂੰ ਜਵਾਕ ਨੁੰ ਅੰਬ ਈ ਚੂਪ ਲੈਣਗੇ।
ਅਖਬਾਰਾੰ ਦਾ ਬੇੜਾ ਗਰਕੀ ਜਾੰਦਾ। ਵਿਆਹ ਨੂੰ ਸ਼ਾਦੀ, ਪਛਤਾਵੇ ਨੂੰ ਪਸ਼ਚਾਤਾਪ, ਕਾਹਲੀ ਨੂੰ ਜਲਦੀ, ਲੂਣ ਨੂੰ ਨਮਕ, ਪੁੱਤ ਧੀ ਨੂੰ ਬੇਟਾ ਬੇਟੀ । ਕੁੜੀ ਦਿਆੰ ਖਸਮਾੰ ਨੇ ਪੰਜਾਬੀ ਦਾ ਜਲੂਸ ਈ ਕੱਢਤਾ। ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਬੀ ਘੁੱਦੇ ਆਲਾ ਡੱਕਿਆ ਵਾ ਭੋਰੀ ਜਾੰਦਾ, ਪਰ ਏਸ ਮਾਮਲੇ 'ਚ ਮੈੰ ਬਾਹਲਾ ਜ਼ਜਬਾਤੀ ਹੁੰਨਾੰ ਜਰ। ਮਿਹਰਬਾਨੀ ਕਰਕੇ....ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਤੇ ਪੰਜਾਬੀ ਲਿਖੋ......ਘੁੱਦਾ

No comments:

Post a Comment