Wednesday 3 August 2016

ਸਾਥੋੰ ਕਿਹੜੀ ਰੁੱਤੇ

ਸਾਥੋੰ ਕਿਹੜੀ ਰੁੱਤੇ ਦੂਰ ਹੋਇਆੰ ਹੀਰਿਆ
ਭੈੜਾ ਚੱਲਿਆ ਵਲੈਤਾੰ ਦਾ ਰਿਵਾਜ਼ ਵੇ
ਕਹਿਣ ਪਾਸਪੋਰਟ ਨਿੱਕੀ ਜਿਹੀ ਕਾਪੀ ਨੂੰ
ਪਾਕੇ ਜੇਬ ਵਿੱਚ ਚੜ੍ਹਿਆ ਜ਼ਹਾਜ ਵੇ
ਸੀਗੇ ਰੋਟੀ ਜੋਗੇ ਏਥੇ ਵੀ ਤਾੰ ਸੋਹਣਿਆ
ਸੀ ਖਰੀਦਣੇ ਕੀ ਹੋਰ ਆਪਾੰ ਤਾਜ ਵੇ
ਇੱਕ ਵੀ ਨਾ ਮੰਨੀੰ ਮੇਰੀ ਹਾਣੀਆ
ਚੰਗੀ ਰੱਖੀ ਆ ਤੂੰ ਵੈਰੀਆ ਲਿਹਾਜ਼ ਵੇ
ਮੁੜ ਆਇਆ ਸ਼ਾਮੀੰ ਕੱਲ੍ਹ ਮੰਡੀਓੰ
ਬਾਪੂ ਤੇਰਾ ਵੇਚਕੇ ਅਨਾਜ ਵੇ
ਮੂਲ ਵੀ ਨਾ ਲਹਿੰਦੇ ਓਦੋੰ ਹੀਰਿਆ
ਜਦੋੰ ਲੱਗਦੇ ਵਿਆਜਾੰ ਨੂੰ ਵਿਆਜ ਵੇ
ਨਵੇੰ ਜਏ ਬਰੈੰਡ ਪਾਉਣ ਵਾਲਿਆ
ਤੇਰੇ ਕੁੜਤੇ ਨੂੰ ਕਰਾੰ ਹਜੇ ਕਾਜ ਵੇ
ਪੱਗ ਬੰਨ੍ਹੇ ਤੇਰਾ ਪੁੱਤ ਸਵਾ ਸੱਤ ਦੀ
ਤੇਰੀ ਧੀ ਜੋਗਾ ਜੋੜੀ ਜਾਵਾੰ ਦਾਜ ਵੇ
ਖੋਲ੍ਹ ਗੁੱਤ ਮੈੰ ਵੀ ਜੂੜਾ ਵਲ੍ਹਿਆ
ਮੈੰ ਵੀ ਹੋਗੀ ਹੁਣ ਉਮਰ ਦਰਾਜ਼ ਵੇ
ਮੈੰ ਵੀ ਆਖਣਾੰ ਨਹੀੰ ਆਪੇ ਓਦੋੰ ਮੁੜਪੀੰ
ਜਦੋੰ ਪੂਰੀ ਹੋਗੀ ਡਾਲਰਾੰ ਦੀ ਭਾਜ ਵੇ .......ਘੁੱਦਾ

No comments:

Post a Comment