Saturday 28 May 2016

ਬਾਣੀ

ਨਿੱਕੇ ਹੁੰਦੇ ਮੈੰ, ਸਾਡੇਆਲਾ ਵੱਡਾ ਤੇ ਨਿੱਕਾ ਗਰਨੈਬ ਫਿਰੋਜ਼ਪੁਰ ਲਿਵੇ ਅਰਮਾਨਪੁਰੇ ਪੜ੍ਹਦੇ ਹੁੰਦੇ ਸੀ। ਹੋਸਟਲ ਸੀਗਾ। ਆਥਣੇ ਗੁਟਕੇ ਫੜ੍ਹਕੇ ਰਹਿਰਾਸ ਦਾ ਪਾਠ ਕਰਦੇ। ਸਹਿਜ ਸੁਭਾਅ ਪੜ੍ਹੀ ਬਾਣੀ ਹੁਣ ਤੀਕ ਜ਼ੁਬਾਨੀ ਚੇਤੇ ਆ। ਪਿੰਡ 'ਚ ਤੁਰੇ ਫਿਰਦੇ ਜਦੋੰ ਸਪੀਕਰੋੰ ਬਾਣੀ ਸੁਣਦੇ ਆੰ ਓਦੋੰ ਓਥੋੰ ਈ ਅਗਲੀ ਤੁਕ ਚੱਕ ਲਈਦੀ ਆ ਤੇ ਬਰੋਬਰ ਪਾਠ ਕਰ ਲਈਦਾ। ਛੇਮੀੰ ਸੱਤਮੀੰ ਵੇਲੇ ਤੜਕੇ ਚਾਰ ਵਜੇ ਗੁਰੂ ਘਰ ਜਾਕੇ ਸਪੀਕਰ 'ਚ ਜਪੁਜੀ ਸਾਹਿਬ ਦਾ ਪਾਠ ਪੜ੍ਹਦੇ ਰਹੇ। 
ਫੇਰ ਇੱਕ ਲਿਹਾਜ਼ੀ ਬਾਬਾ ਕਹਿੰਦਾ ਨਿੱਕਿਆ,"ਗੁਰੂ ਗ੍ਰੰਥ ਸਾਹਿਬ ਪੜ੍ਹ"। ਤਰੇਲੀਆੰ ਆਗੀਆੰ ਬੀ ਬਹੁਤ ਵੱਡਾ ਕੰਮ ਆ। ਵਾਕ ਗਵਾਚ ਜਾੰਦਾ ਸੀ, ਅੰਗ ਤੇ ਉੰਗਲ ਧਰਕੇ ਪਾਠ ਕਰਦੇ ਸੀ। ਪ੍ਰਕਾਸ਼ ਕਰਨਾ, ਵਾਕ ਲੈਣਾ ਤੇ ਸੁਖਆਸਣ ਕਰਨਾ।
ਗੁਰਬਾਣੀ ਨੂੰ ਪੜ੍ਹਨ ਦਾ ਕੀ ਅਨੰਦ ਹੁੰਦਾ, ਲਿਖਿਆ ਨਈੰ ਜਾ ਸਕਦਾ ਬਸ ਮੌਕੇ ਤੇ ਈ ਪਤਾ ਲੱਗਦਾ। ਕਾੰਟ ਡੀਫਾਇਨ ਇਨ ਫਿਊ ਵਰਡਜ਼। 
ਬਾਣੀ ਸਾਡੇ ਘਰਾੰ ਦਾ ਹਿੱਸਾ ਈ ਸਮਝ। ਆਥਣੇ ਬੇਬੇ ਹੋਰੀੰ ਕਹਿੰਦੀਆੰ," ਕੁੜੀਓ ਲੈਟਾੰ ਜਗਾਲੋ ਨੀੰ ਰਹਿਰਾਸ ਦਾ ਵੇਲਾ"। ਹੁਣ ਕਈ ਸਾਲ ਹੋਗੇ ਸੀ ਪਾਠ ਨਈੰ ਕਰਿਆ। 
ਹੁਣ ਥੋਡੀ ਭਰਜਾਈ ਬਗੈਰ ਨਾਗੇ ਤੋੰ ਨਿੱਤ ਲਾਜ਼ਮੀ ਪਾਠ ਕਰਦੀ ਆ। ਓਹਦੀ ਰੀਸ ਕਰਨੀ ਸ਼ੁਰੂ ਕਰਨੀ ਆ ਫੇਰ, ਬਾਬਾ ਸੁੱਖ ਰੱਖੇ......ਘੁੱਦਾ

No comments:

Post a Comment