Saturday 28 May 2016

ਖੁਦਕੁਸ਼ੀਆੰ

ਮਸਲੇ ਹੱਦੋੰ ਵੱਧ ਗੰਭੀਰ ਨੇ। ਹੁਣ ਤੀਕ ਖੁਦਕੁਸ਼ੀਆੰ ਕਰ ਗਏ ਕਿਰਸਾਨਾੰ ਦੇ ਟੱਬਰਾੰ ਨਾਲ ਮੈੰ ਤੂੰ ਸਿਰਫ ਹਮਦਰਦੀ ਕਰ ਸਕਦੇ ਆੰ, ਏਦੂੰ ਵੱਧ ਕੁਛ ਨਈੰ ਕਰਨ ਜੋਕਰੇ। ਮੁਆਵਜ਼ੇ 'ਚ ਮਿਲਿਆ ਪੈਸਾ ਕੁਛ ਸਮੇੰ ਦੀਆੰ ਲੋੜਾੰ ਪੂਰੀਆੰ ਕਰ ਸਕਦਾ। ਪਰ ਕੰਧ ਤੇ ਟੰਗੀ ਫੋਟੋ 'ਚ ਬੈਠੇ ਜਗਸੀਰ ਸਿਓੰ ਨੂੰ ਜਿਓੰਦਾ ਨਈੰ ਕਰ ਸਕਦਾ।
ਪਹਿਲੋ ਪਹਿਲ ਖੁਦਕੁਸ਼ੀਆੰ ਦੀ ਵਿਰਲੀ ਖ਼ਬਰ ਛਪਦੀ ਸੀ । ਹੁਣ ਅਖਬਾਰ ਡੱਟੇ ਪਏ ਆ। ਖਬਰ ਰੋਜ਼ ਓਹੀ ਹੁੰਦੀ ਆ ਬਸ ਮ੍ਰਿਤਕ ਦੀ ਫੋਟੋ ਨਿੱਤ ਨਵੀੰ। ਇੱਨਸੈੱਟ ਫਾਈਲ ਫੋਟੋ। ਕਹਾਣੀ ਇੱਕੋ ਕਰਜ਼ਾ, ਬੈੰਕ, ਕੁਰਕੀ,ਸਲਫਾਸ ਫਾਹਾ।
ਸਟੇਟਸ ਆਪਣੇ ਲਈ ਆ, ਜਿਹੜੇ ਅੱਜ ਜਿਓਣੇ ਆੰ, ਹੁਣ ਸਾਹ ਲੈ ਰਹੇ ਆੰ। ਸਾਰੇ ਆਖਣਗੇ ਸਰਕਾਰ ਮਾੜੀ ਆ। ਹਾੰ ਹੈਗੀ ਆ, ਕੋਈ ਸ਼ੱਕ ਨਈੰ। ਨੱਕਾ ਯਾਹੁਣ ਸਰਕਾਰਾੰ ਖੜ੍ਹਕੇ। ਸਰਕਾਰਾੰ ਦੇ ਸਿਰ ਚੜ੍ਹਕੇ ਕਿਓੰ ਮਰਦੇੰ ਆੰ? ਓਹਨ੍ਹਾੰ ਦਾ ਕੀ ਬਣੂ ਬਚਾਰੀਆੰ ਦਾ ਜਿਹੜੀਆੰ ਗੁਰੂ ਦੀ ਹਜ਼ੂਰੀ 'ਚ ਲਾਵਾੰ ਲੈਕੇ ਆਈਆੰ ਹੁੰਦੀਆੰ। ਨਾ ਪੇਕਿਆੰ ਜੋਗਰੀਆੰ ਨਾ ਸਹੁਰਿਆੰ ਜੋਗਰੀਆੰ। ਕਰਜ਼ਾ ਸਾਰਿਆੰ ਤੇ ਹੁੰਦਾ। ਦਾਅਵੇੇ ਨਾ ਕਹਿ ਸਕਦਾੰ ਮੇਰੀ ਫਰੈੰਡਲਿਸਟ 'ਬੈਠੇ 70 ਪਰਸਿੰਟ ਲੋਕਾੰ ਤੇ ਕਰਜ਼ਾ ਹੋਊ। ਜਮ੍ਹਾੰਬੰਦੀਆੰ ਫਰੋਲੋ ਪੰਜਾਬ ਦੀਆੰ ਸਾਰੇ ਵਾਹਣ ਆੜ ਰਹਿਨ ਨੇ। ਪਲੱਜ ਨੇ।
ਜਦੋੰ ਅੱਡੀਆੰ ਚੱਕਕੇ ਹੂਲੇ ਫੱਕਦੇ ਆੰ, ਓਦੋੰ ਮਰਦੇ ਆੰ। ਐੰ ਨਈੰ ਦੇਖਦੇ ਬੀ ਮੁਲਖ ਬੱਸਾੰ ਤੇ ਵੀ ਚੜ੍ਹਦਾ, ਐੰ ਦੇਖਦੇ ਆ ਬੀ ਫਲਾਣਾ ਸ਼ਰੀਕ ਬਲੈਰੋ ਲਿਆਇਆ ਮੈੰ ਵੀ ਲਿਆਉਣੀ ਆ॥ ਨੀਵੇੰ ਵੱਲ ਨਈੰ ਝਾਕਦੇ। 
ਨੌੰ ਵੱਜਦੇ ਤੀਕ ਚਿੱਤੜ ਤਾੰਹਾੰ ਕਰਕੇ ਸੁੱਤੇ ਰਹਿਣਗੇ। ਉੱਠਕੇ ਸਟੇਟਸ ਪਾਓਣਗੇ 'ਹਾਏ ਕਰਜ਼ਾ'। ਮਿਹਨਤਾੰ ਕਰਾੰਗੇ ਤਾੰ ਕੁਛ ਬਣੂ। ਮਰਨਾ ਕਿਸੇ ਮਸਲੇ ਦਾ ਹੱਲ ਨਈੰ। 
ਇਤਿਹਾਸ ਫਰੋਲੋ। ਕੁੱਪ ਰੋਹੀੜਾ, ਕਾਹਨੂੰਵਾਨ ਦੀ ਛੰਭ ਪੜ੍ਹੋ। ਅੱਤ ਜ਼ਾਬਰ ਸਰਕਾਰਾੰ ਹੇਠ ਵੀ ਕੌਮ ਕਿਵੇੰ ਜਿਓੰਦੀ ਰਹੀ। ਸੰਤਾਲੀ ਚੁਰਾਸੀ ਸਮੇੰ ਭਰੇ ਘਰਾੰ ਨੂੰ ਛੱਡ ਫੇਰ ਪੈਰਾੰ ਸਿਰ ਹੋਏ। ਲੰਮੀ ਗੱਲ ਨੀੰ ਕਰਨੀੰ।
ਇੱਕ ਜਣਾ ਖੁਦਕੁਸ਼ੀ ਕਰੂ, ਪੀੜ੍ਹੀਆੰ ਤੱਕ ਮਿਹਣਾ ਬਣੂ।
ਸੱਥ 'ਚ ਖੜ੍ਹਾ ਕੋਈ ਪੁੱਛੂ 'ਕੀਹਦਾ ਮੁੰਡਾ ਓਏ ਤੂੰ?"
"ਬੂਟੇ ਦਾ" । "ਹੱਛਾ ਜਿਹੜਾ ਫਾਹਾ ਲੈਕੇ ਮਰਿਆ ਸੀ"
ਸਰਬੰਸਦਾਨੀ ਕੌਮ ਨੂੰ ਬਲ ਬਖ਼ਸ਼ੇ.....ਘੁੱਦਾ

No comments:

Post a Comment