Thursday 8 August 2013

ਫੌਜੀ ਮੌਤਾਂ ਬਨਾਮ ਲੋਕ

ਸੁਣਿਆ ਪੁਣਛ ਸੈਗਟਰ 'ਚ ਪਾਕਸਤਾਨੀਆਂ ਪੰਜ ਭਾਰਤੀ ਫੌਜੀ ਸ਼ਹੀਦ ਕਰਤੇ। ਬਹੁਤ ਮਾੜਾ ਕਰਿਆ ਕੰਜਦੇਆਂ ਨੇ । ਭਾਜਪੇ , ਕਾਂਗਰਸੀਆਂ ਨੂੰ ਮੁੱਦਾ ਥਿਆਗਿਆ ਬੀ "ਪਾਕਿ ਸੇ ਬਦਲਾ ਲੋ, ਸਖਤ ਕਾਰਬਾਈ ਕਰੋ"। ਦਿੱਲੀ ਬੰਨੀਂ ਧਰਨੇ , ਨਬਾਜ਼ ਸ਼ਰੀਫ ਦੇ ਪੁਤਲੇ ਸਾੜੇ , ਚੰਦ ਤਾਰੇ ਆਲ਼ੇ ਪਾਕਿਸਤਾਨੀ ਝੰਡੇ ਫੂਕ ਮੁਜ਼ਾਹਰੇ ਕਰੇ ਜਾ ਰਹੇ ਨੇ।
ਦਿੱਲੀ ਬੈਠਾ ਮੁਲਖ ਚਾਹੁੰਦਾ ਬੀ ਜੰਗ ਵਿੱਢੀ ਜਾਵੇ ਪਰ ਜਦੋਂ ਜੰਗਾਂ ਛਿੜਦੀਆਂ ਓਦੋਂ ਦਿੱਲੀ ਆਲੇ ਤਾਂ ਟੀ.ਬੀ ਮੂਹਰੇ ਬੈਠੇ ਕੁਰਕੁਰਿਆਂ ਦੇ ਬੀਹਾਂ ਆਲ਼ੇ ਪੈਟਕ ਖੋਲ੍ਹਕੇ ਨਾਲ ਕੋਕ ਪੀਂਦੇ ਹੁੰਦੇ ਆ। ਓਧਰ ਮਾਝੇ ਦੇ ਸਰਹੱਦੀ ਏਰੀਏ ਦੇ ਜੱਟ ਮੰਜੇ, ਪੇਟੀਆਂ ਚਾਕੇ ਮਾਲ ਡੰਗਰ ਹੱਕਕੇ ਰਿਸ਼ਤੇਦਾਰੀਆਂ 'ਚ ਠਾਹਰਾਂ ਭਾਲਦੇ ਫਿਰਦੇ ਰੈਂਹਦੇ ਨੇ।
ਪੰਜਾਬ ਦੇ ਕਲੇਜੇ ਤੇ ਬਰੂਦ ਪਰਖਿਆ ਜਾਂਦਾ। ਅੱਗ ਲਾਕੇ ਡੱਬੂ ਤਾਂ ਕੰਧ ਤੇ ਚੜ੍ਹ ਜਾਂਦਾ ਫੇਰ ਮਰਦੇ ਪੰਜਾਬ ਦੇ ਈ ਨੇ।
ਪਟਿਆਲਾ ਰੈਜੀਮੈਂਟ ਦਿਆਂ ਜਵਾਨਾਂ ਸ੍ਰੀਨਗਰ ਦਾ ਹਵਾਈ ਅੱਡਾ ਕਬਜ਼ੇ 'ਚ ਕਰਕੇ ਕਸ਼ਮੀਰ ਬਚਾਕੇ ਭਾਰਤ ਨੂੰ ਦਿੱਤਾ, ਪੈਂਹਟ ਦੀ ਜੰਗ 'ਚ ਪੈਟਨ ਟੈਂਕ ਲੱਦਕੇ ਮਾਰੇ ਫੇਰ ਭਾਰਤ ਦਾ ਢਿੱਡ ਨੰਗਾ ਹੋਣੋਂ ਬਚਾਇਆ, ਚੀਨ ਦੀ ਜੰਗ ਵੇਲੇ ਜਰਨਲ ਕੌਲ ਅਰਗੇ ਨਿੱਕਰਾਂ ਲਬੇੜ ਕੇ ਸਾਬਣ ਪੀਕੇ ਹਸਪਤਾਲ ਦਾਖਲ ਹੋਗੇ ਫੇਰ ਸਿੱਖ ਫੌਜੀਆਂ ਮੂਹਰੇ ਹੋਕੇ ਚੀਨ ਨੂੰ ਠੱਲ੍ਹ ਮਾਰੀ।
ਤਰਾਂਨਵੇਂ ਹਜ਼ਾਰ ਪਾਕਿਸਤਾਨੀਆਂ ਤੋਂ ਬੰਗਲਾਦੇਸ਼ 'ਚ ਹਥਿਆਰ ਸਿਟਾਕੇ ਭਾਰਤ ਦੀ ਬੱਲੇ ਬੱਲੇ ਕਰਾਉਣ ਆਲੇ ਸਿੱਖ ਜਰਨੈਲਾਂ ਨੂੰ ਚੌਰਾਸੀ ਵੇਲੇ ਦਿੱਲੀ 'ਚ ਲੁਕਣ ਨੂੰ ਥਾਂ ਨਾ ਮਿਲੀ।
ਐਨਾ ਕੁਸ ਕਰਕੇ ਵੀ ਤਖਤ ਈ ਢਹਾਏ , ਹੋਰ ਕੀ ਲੈਹਦਾ ਦੇਦਾ ਦਿੱਲੀ ਨੇ ਪੰਜਾਬ ਨੂੰ। ਦਹੀਂ ਭੁਲੇਖੇ ਰੂੰ ਚਿੱਥਣ ਆਲ਼ੇ ਹੋਰ ਹੁੰਦੇ ਨੇ, ਜਦੋਂ ਮਰਨ ਦਾ ਵੇਲਾ ਆਉਂਦਾ ਓਦੋਂ ਜੈਲੇ ਕੈਲੇ ਅਰਗੇ ਈ ਮਰਦੇ ਨੇ, ਕਦੇ ਕਿਸੇ ਸੁਣਿਆ ਬੀ ਕੋਈ ਅਗਰਵਾਲ ਜਾਂ ਮਿਸ਼ਰਾ ਸ਼ਹੀਦ ਹੋਇਆ ਹੋਵੇ?
ਤਾਂਹੀ ਕਹਿਣੇਂ ਆ ਏਹਨਾਂ ਨੇ ਕੁਸ਼ ਨੀਂ ਦੇਣਾ ਆਥਣੇ ਟੈਮ ਨਾ ਅੰਨ੍ਹੇ ਦੀ ਹਿੱਕ ਅਰਗੇ ਪੰਜ ਸੱਤ ਮੰਨ ਦਾਲ ਨਾ ਲਬੇੜ ਕੇ ਢਿੱਡ 'ਚ ਸਿੱਟ ਲਿਆ ਕਰੋ, ਫੇਰ ਦਾਤੀ ਫਰੇ ਦੀ ਸੁੱਚ ਮਰੋੜ ਕੇ ਮੱਛਰਦਾਨੀ ਲਾਕੇ ਸੌਂਜਿਆ ਕਰੋ......ਘੁੱਦਾ

No comments:

Post a Comment