Thursday 22 August 2013

ਰੱਖੜੀ

ਨਿੱਕੇ ਨਿੱਕੇ ਹੁੰਦੇ ਸੀਗੇ ਚੌਥੀ ਪੰਜਮੀਂ ਦੀਆਂ ਗੱਲਾਂ। ਜਿੱਦੇ ਰੱਖੜੀ ਹੁੰਦੀ ਵੇਹੜੇ ਦੀਆਂ ਕੁੜੀਆਂ ਨਾਲੇ ਪੰਡਤਾਂ ਦੇ ਕੁੱਲ ਘਰਾਂ ਦੀਆਂ ਕੁੜੀਆਂ ਘਰੇ ਰੱਖੜੀਆਂ ਫੜ੍ਹਾ ਜਾਂਦੀਆਂ ਨਾਲ ਜਿੰਨਾ ਜਿੰਨਾ ਸਰਦਾ ਬਚਾਰੀਆਂ ਪੰਜਾਂ ਦਸਾਂ ਦੇ ਲੱਡੂ ਲਈ ਆਉਂਦੀਆਂ। ਜਾਤ ਪਾਤ ਆਲੀ ਕੋਈ ਨਿੰਦ ਵਿਚਾਰ ਨਾ ਹੁੰਦੀ ਸਮਾਂ ਦੀ ਮੋਹ ਸੀ ਸਾਰੇਆਂ ਦਾ।
ਗੁੱਦ ਆਲੀਆਂ ਬੱਡੀਆਂ ਬੱਡੀਆਂ ਰੱਖੜੀਆਂ ਹੁੰਦੀਆਂ ਸੀਗੀਆਂ ਨਾਲੇ ਉਹ ਘੜੀ ਟੈਪ ਰੱਖੜੀ ਜੀਹਦਾ ਗੁੱਟ ਹਲਾਏ ਤੋਂ ਟੈਮ ਬਦਲ ਜਾਂਦਾ ਸੀ। ਸ਼ਗਨ ਵਿਹਾਰ ਕਰੇ ਜਾਂਦੇ, ਸੂਟ ਖੇਸ ਹੋਰ ਲੱਲਾ ਭੱਬਾ ਮਾਤਾ ਅਰਗੀਆਂ ਦੇ ਛੱਡਦੀਆਂ।
ਜਦੋਂ ਦੀ ਫੇਸਬੁੱਕ ਚੱਲੀ ਆ ਮੁਲਖ ਕੱਟੜਵਾਦ ਫੜ੍ਹਦਾ ਜਾਂਦਾ।
ਅਖੇ ਰੱਖੜੀ ਸਿੱਖੋਂ ਕਾ ਤਿਓਹਾਰ ਨਹੀਂ।
"ਅਖੇ ਭਾਈ ਬਹਿਨ ਕੇ ਰਕਸ਼ਾ ਕੇ ਲੀਏ ਰਾਖੀ ਬਾਂਧਤੇ ਹੈ"। ਸਿੱਖੋਂ ਕੀ ਲੜਕੀ ਖੁਦ ਆਪਣੀ ਰਾਖੀ ਕਰ ਸਕਤੀ ਹੈ" ।
ਬੜੀਆਂ ਦਲੀਲਾਂ ਸਿੱਟਦਾ ਮੁਲਖ। ਜੇਹੜੇ ਬਾਹਲੇ ਧਰਮਕੀ ਬਣਦੇ ਆ ਐਹੇ ਜੇ ਤੜਕੇ ਸੰਦੇਹਾਂ ਈ ਬੋਦੀਆਂ ਚੋਪੜਕੇ ਸ਼ੈਹਰ ਜਾਕੇ ਤੁਰੇ ਜਾਂਦੇ ਨਾਲਦੇ ਨੂੰ ਹੁੱਜ ਮਾਰਕੇ ਆਖਣਗੇ, "ਪਰਧਾਨ ਪੱਟ ਵੇਖ ਸਾਲੀ ਦੇ" ।
ਅਸੀਂ ਬੀ ਸਿੱਖ ਈ ਆਂ ਤਾਂਹਾਂ ਮੰਗਲ ਗ੍ਰਹਿ ਤੋਂ ਨੀਂ ਡਿੱਗੇ। ਸਾਰਾ ਟੱਬਰ ਅੰਬਰਤਧਾਰੀ ਈ ਆ। ਜੇ ਭੈਣ ਭਰਾ ਰੱਖੜੀ ਬੰਨ੍ਹ ਲੈਣਗੇ ਤਾਂ ਧਰਮ ਨੀਂ ਬਦਲ ਚੱਲਿਆ। ਨਾਲੇ ਜੇਹੜੇ ਭਰਾ ਕੁੜੀਆਂ ਤੋਂ ਰੱਖੜੀਆਂ ਬੰਨ੍ਹਾ ਲੈਂਦੇ ਆ ਉਹ ਕੇਹੜਾ ਸਾਢੇ ਤਿੰਨ ਫੁੱਟੀਆ ਤਲਬਾਰਾਂ ਚੱਕਕੇ ਮਗਰ ਮਗਰ ਰਾਖੀਆਂ ਕਰਦੇ ਫਿਰਦੇ ਨੇ।
ਰੱਖੜੀ ਦੇ ਬਹਾਨੇ ਕੁੜੀਆਂ ਪੇਕੀਂ ਮਿਲ ਆਉਂਦੀਆਂ। ਪੱਜ ਨਾਲ ਪੇਕੇ ਕੁੜੀਆਂ ਨੂੰ ਚਾਰ ਛਿੱਲੜ ਦੇ ਦੇਂਦੇ ਨੇ।
ਬੱਡੇ ਬਾਈ ਹਰਿੱਕ ਗੱਲ 'ਚ ਧਰਮ ਵਾੜਨਾ ਕਿੱਧਰ ਦੀ ਸਿਆਣਫ ਆ .???......ਘੁੱਦਾ

No comments:

Post a Comment