Thursday 8 August 2013

ਬਾਬਾ ਗੁਰਦਾਸ

ਕਾਲਜ ਦੀ ਫੇਅਰਵੈੱਲ ਪਾਰਟੀ ਸੀ। ਗੁਰਦਾਸ ਮਾਨ ਨੂੰ ਉਹਦੇ ਜਮਾਤੀਆਂ ਨੇ ਕਮਰੇ 'ਚ ਤਾੜ ਕੇ ਬਾਹਰੋਂ ਕੁੰਡਾ ਲਾਤਾ ਤੇ ਹਦੈਤ ਕਰਤੀ ਪਰਧਾਨ ਕੋਈ ਗੀਤ ਲਿਖ ਮ੍ਹਸੋਸਿਆ ਜਾ ਤੇ ਜਦੋਂ ਲਿਖ ਲਿਆ ਓਦੋਂ ਅਰਲ ਖੜਕਾ ਦੀਂ ਤੇ ਫੇਰ ਈ ਬਾਰ ਖੋਲਾਂਗੇ। ਦੱਸਦੇ ਆ ਓਦੋਂ ਬਾਬੇ ਗੁਰਦਾਸ ਨੇ ਗੀਤ ਲਿਖਿਆ ਸੀ , "ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾਂ ਮੈਂ"।
ਸਫਰ ਚੱਲਦਾ ਰਿਹਾ, ਮਾਲਵੇ ਦੀ ਟਿੱਬਿਆਂ ਦੀ ਪੈਦਾਇਸ਼ ਗੁਰਦਾਸ ਨੇ ਕੱਤੀ ਦਸੰਬਰ ਉੱਨੀ ਸੌ ਅੱਸੀ ਨੂੰ ਜਲੰਧਰ ਦੂਰਦਰਸ਼ਨ ਤੋਂ ਸ਼ੁਰੁਆਤ ਕਰਕੇ ਲੰਡਨ ਦੇ ਐਲਬਰਟ ਹਾਲ ਤੱਕ ਜਾ ਗਾਇਆ। ਐਲਬਟ ਹਾਲ 'ਚ ਮਾਈਕਲ ਜੈਕਸਨ ਅਰਗੇਆਂ ਨੇ ਈ ਗਾਇਆ ਪਹਿਲੋਂ।
ਲੰਡਨੋਂ ਪ੍ਰਸਾਰਿਤ ਹੁੰਦੇ ਸੰਸਾਰ ਪਰਸਿੱਧ ਚੈਨਲ BBC ਤੇ ਇੰਟਰਵਿਊਂ ਦੇਂਦਿਆ ਗੁਰਦਾਸ ਨੇ ਐਂਕਰ ਨੂੰ ਬਿਨਾਂ ਝੇਪ ਤੋਂ ਕਿਸੇ ਅਣਜਕੇ ਜੇ ਜਵਾਕ ਅੰਗੂ ਪਹਿਲੋਂ ਏਹੀ ਕਿਹਾ ,"ਮਾਈ ਇੰਗਲਿਸ਼ ਇਸ ਨੌਟ ਟੂ ਗੁੱਡ"
ਸਿਰ ਪਲੋਸਣ ਖਾਤਰ ਪੋਤਰੇ ਦੇ ਸਿਰ ਤੇ ਧਰੇ ਦਾਦੀ ਦੇ ਕੰਬਦੇ ਹੱਥ ਅਰਗੇ ਗੀਤ, ਜਾਂ ਜਿਮੇਂ ਕੋਈ ਬੱਕਰੀਆਂ ਚਾਰਨ ਆਲ਼ਾ ਛੇੜੂ ਆਥਣੇ ਜੇ ਸੋਟੀ ਤੇ ਠੋਡੀ ਧਰੀ ਲਹਿੰਦੇ ਸੂਰਜ ਦਾ ਨਜ਼ਾਰਾ ਦੇਂਹਦਾ ਹੋਵੇ , ਨਗੌਰੀ ਬਲਦਾਂ ਦੇ ਗਲ ਖੜਕਦੀਆਂ ਟੱਲੀਆਂ ਦੀਆਂ ਟੁਣਕਾਰਾਂ ਅਰਗੇ ਬੋਲ, ਜਿਮੇਂ ਕੁਤਰੇ ਆਲੀ ਮਸ਼ੀਨ ਤੇ ਰੇਤ ਲਾਉਦਿਆਂ ਹੁੰਦੀ ਕਿਰਚ ਕਿਰਚ ਨਾਲ ਧੁੜਧੁੜੀ ਛਿੜਦੀ ਹੋਵੇ, ਕੱਸੀਆਂ ਦੇ ਪਾਣੀਆਂ ਨਾ ਭਰੇ ਟੋਭੇ ਤੇ ਵਰ੍ਹਦੀਆਂ ਕਣੀਆਂ ਵਰਗਾ ਮਹੌਲ ਜਿਮੇਂ ਕੋਈ ਬੋਹੜ ਦਾ ਬੋਝਲ ਜਾ ਪੱਤਾ ਪਾਣੀ 'ਚ ਡਿੱਗਕੇ ਲਹਿਰਾਂ ਦੇ ਗੋਲਘਤੇਰੇ ਜੇ ਬਣਾ ਜਾਂਦਾ ਜਾਂ ਜਿਮੇਂ ਸਾਦਿਹਾੜੀ ਵਾਂਡੇਓਂ ਘਰ ਮੁੜੇ ਬਾਪੂ ਦੇ ਝੋਲੇ ਨੂੰ ਜਵਾਕ ਟੁੱਟਕੇ ਪੈਗੇ ਹੋਣ।
ਨਮੇਂ ਗੈਕਾਰਾਂ ਲਈ ਇੱਕ ਸਿਨਿਆਂ ਬਾਬੇ ਗੁਰਦਾਸ ਦਾ ਬੀ ਗੀਤ ਬਾਹਲੇ ਛਣਕਣਿਆ ਬਾਜੇਆਂ ਜਾਂ ਹਥਿਆਰਾਂ ਬਿਨਾਂ ਵੀ ਚੱਲ ਸਕਦੇ ਨੇ। ਲੱਚਰਤਾ ਤੋਂ ਕੋਹਾਂ ਦੂਰ ਗੀਤ ਉਹਦੇ ਜਿਮੇਂ ਕੋਈ ਪੇਂਡੂੰ ਰਕਾਨ ਬਿੰਦੇ ਝੱਟੇ ਚੁੰਨੀ ਸੂਤ ਕਰਕੇ ਚੇਤੰਨਤਾ ਦਿਖਾਉਂਦੀ ਹੋਵੇ ।ਬਸ ਕੁਝ ਏਮੇਂ ਦੇ ਨੇ ਬਾਬੇ ਗੁਰਦਾਸ ਦੇ ਗੀਤ। ਤਿੰਨ ਪੀੜ੍ਹੀਆਂ ਦਾ ਸਾਂਝਾ, ਸਰਬੋਤਮ ਤੇ ਸਦਾਬਹਾਰ ਕਲਾਕਾਰ ਬਾਬਾ ਗੁਰਦਾਸ.......ਘੁੱਦਾ

No comments:

Post a Comment