Friday 7 June 2013

ਵੋਟਾਂ

ਥੋੜ੍ਹੇ ਕ ਦਿਨ ਪਹਿਲਾਂ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੀਆਂ ਵੋਟਾਂ ਪੈ ਕੇ ਹਟੀਆਂ।
ਆਮ ਖਾਸ ਹਰਿੱਕ ਬੰਦੇ ਨੂੰ ਨਹੀਂ ਪਤਾ ਬੀ ਏਹ ਵੋਟਾਂ ਕਾਹਦੀਆਂ ਜਾਂ ਕਿਮੇਂ ਸੀ। ਡੱਕੇਆ ਮੁਲਖ ਤੇਲ ਨਾ ਬੋਦੀਆਂ ਚੋਪੜ ਕੇ, ਜਾਂ ਟੂਟੀ ਆਲੀਆਂ ਪੱਗਾਂ ਬੰਨ੍ਹਕੇ, ਦਾਹੜੀਆਂ ਊਤ ਦੀ ਢਾਹਠੀਆਂ ਬੰਨ੍ਹਕੇ, ਪਲੇਟਾਂ ਆਲੀਆਂ ਨੈਰੋ ਪੈਟਾਂ ਪਾਕੇ ਸਦੇਹਾਂ ਈ ਪੋਲਿੰਗ ਬੂਥਾਂ ਤੇ ਬੱਜਿਆ।
ਬੋਟਰ ਪਰਚੀਆਂ ਤੇ ਦਹਾਕਿਆਂ ਪੁਰਾਣੇ ਦੋ ਨਿਸ਼ਾਨ ਛਪੇ ਵਏ ਸੀ। ਤੱਕੜੀ ਤੇ ਪੰਜਾ। ਖੱਬੇ ਹੱਥ ਦੀ ਬੋਲੀ ਉਂਗਲ ਤੇ ਸ਼ਿਆਹੀ ਦਾ ਨਿਸ਼ਾਨ ਲਵਾਕੇ ਮੁਲਖ ਵੋਟਾਂ ਪਾਉਂਦਾ ਰਿਹਾ ਬੀ "ਹਮ ਭਾਰਤਵਰਸ਼ ਕੇ ਨਾਗਰਿਕ ਮਤਦਾਨ ਕਾ ਪਰਯੋਗ ਕਰ ਰਹੇ ਹੈਂ"
ਫੇਰ ਅੱਸਰ ਝੋਟੀ ਦੇ ਪਹਿਲੇ ਸੂਏ ਅੰਗੂ ਚੋਣ ਰਿਜ਼ਲਟ ਦੀ 'ਡੀਕ ਕਰੀ ਗਈ। ਚੋਣ ਨਤੀਜੇ ਦੇਹਦੀਂ ਜੰਤਾ ਨੇ ਚੈਨਲ ਬਦਲ ਬਦਲ ਟੀਵੀਆਂ ਦੇ ਰਮੋਟਾਂ ਦੇ ਸਿੱਲ ਡੌਨ ਕਰਤੇ।
ਥੋਡੇ ਸਾਹਮਣੇ ਆ ਪਰਧਾਨ ਗੱਲ ਨੋਟ ਕਰਲਿਓ ਜੇਹੜਾ ਏਹਨਾਂ ਚੋਣਾਂ 'ਚ ਉਮੀਦਵਾਰ ਜਿੱਤਿਆ , ਥੋਨੂੰ ਉਹਦੇ ਤਾਂਈ ਕਦੇ ਕੰਮ ਨੀਂ ਪਊਗਾ।
ਉਹਦੇ ਹੱਥ ਪੱਲੇ ਡੱਕਾ ਨੀਂ ਹੁੰਦਾ ਨਿਰੀ ਸ਼ੂੰ ਫੈਂ ਤੋਂ ਬਿਨਾਂ। ਆਮ ਪੰਚੈਤ ਮੈਂਬਰ ਦੀ ਬੁੱਕਤ ਏਹਦੇ ਨਾਲੋਂ ਵੱਧ ਹੁੰਦੀ ਆ। ਅਸਲ 'ਚ ਏਹ ਵੋਟਾਂ ਸਰਕਾਰਾਂ ਦਾ ਥਰਮਾਮੀਟਰ ਹੁੰਦਾ ਬੀ ਆਹ ਇਲਾਕੇ 'ਚ ਸਾਡੀ ਕਿੰਨੀ ਕ ਵੋਟ ਹੈਗੀ ਆ। ਐਹੇ ਜੀਆਂ ਵੋਟਾਂ ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੁੰਦੀਆਂ ਬਸ। । ਹਰੇਕ ਪਿੰਡ 'ਚ ਸਰਕਾਰਾਂ ਦੇ ........ ਪਾਲਸ਼ ਕਰਨ ਆਲੇ ਵੀ ਲਾਜ਼ਮੀ ਹੁੰਦੇ ਆ । ਜੇਹੜੇ ਆਮ ਘਰਾਂ 'ਚ ਪਾਲਟੀਬਾਜ਼ੀ ਜਾਂ ਧੜੇਬੰਦੀ ਕਰਾਕੇ ਘਰਾਂ ਪਾੜਦੇ ਨੇ। ਜਦੋਂ ਲੋਕ ਪੁਰਾਣੇ ਰੋਸੇ ਸ਼ਕੈਤਾਂ ਭੁਲਾਕੇ ਜੰਦਰੇ ਸੁਹਾਗੇ ਜਾਂ ਬਿੜ੍ਹੀ ਸਿੜ੍ਹੀ ਦੀ ਸਾਂਝ ਦਬਾਰੇ ਪਾਉਣ ਲੱਗਦੇ ਨੇ ਓਦੋਂ ਈ ਕੋਈ ਨਾ ਕੋਈ ਵੋਟਾਂ ਆ ਜਾਂਦੀਆਂ । ਘਟੀਆ ਲੋਕਤੰਤਰ ਦੀ ਦੇਣ ਘਟੀਆ ਚੋਣ ਤਰੀਕੇ......ਘੁੱਦਾ

No comments:

Post a Comment