Sunday 29 July 2012

ਦਾਹੜੀ ਦੇ ਉਲਝੇ ਵਾਲਾਂ ਨੂੰ


ਜਦੋਂ ਕੰਘਾ ਨਾ ਕਦੇ ਨਸੀਬ ਹੋਇਆ ਦਾਹੜੀ ਦੇ ਉਲਝੇ ਵਾਲਾਂ ਨੂੰ
ਢੂਈ ਕਰਲੀ ਕੁੱਬੀ ਚੱਕ ਕਹੀ ਮੋਘੇ ਤਾਂਈ ਰਹੇ ਸਮਾਰਦੇ ਖਾਲਾਂ ਨੂੰ
ਜਦੋਂ ਆਹਣ ਸਮੇਟ ਗਿਆ ਫਸਲਾਂ ਤੇ ਘੁਣ ਲੱਗ ਗਿਆ ਬਾਗਾਂ ਨੂੰ
ਦੁੱਧ ਦੀ ਕਿੱਲਤ ਓਤੋਂ ਗੱਭਣ ਮਹਿੰ ਤੂਅ ਗਈ ਮਾੜੇ ਭਾਗਾਂ ਨੂੰ
ਲਿਮਟ ਬੈਂਕ ਦੀ ਸਿਰ ਟੁੱਟਗੀ ਤਸੀਲੋਂ ਆਡਰ ਆਗੇ ਕੁਰਕੀ ਦੇ
ਤੇਜਾ ਤੋਰੀ ਅੰਗੂ ਬੋਹੜ ਨਾ ਲਮਕੇ ਭੋਗ ਪਾਤੇ ਬਾਣੀ ਧੁਰਕੀ ਦੇ

ਫੇਫੜਿਆਂ ਤੱਕ ਪੁੱਜਕੇ ਦਮਾ ਬਣਗੀ ਧੂੜ ਖੇਤ ਦਿਆਂ ਰਾਹਾਂ ਦੀ
ਗੁਰੂ ਘਰ ਦਾ ਬਾਬਾ ਕੈਂਹਦਾ ਫਲਾਣਾ ਪੂੰਜੀ ਭੋਗ ਗਿਆ ਸਾਹਾਂ ਦੀ
ਦਾਜ ਕੁੜੀ ਦਾ ਬਣਾਉਣ ਖਾਤਰ ਚੱਕ ਟਾਹਲੀ ਵੱਢਤੀ ਦਾਦੇ ਦੀ
ਪੈਲੀ ਦੋ ਕਨਾਲਾਂ ਬੈ ਕਰਤੀ ਗੱਲ ਨਾਂ ਨਿੱਕਿਆ ਨੇਕ ਇਰਾਦੇ ਦੀ
ਚਿੱਟੇ ਪਾਲੇ ਲੀੜੇ ਤੇ ਕੰਨੀਂ ਪਾਲੀਆਂ ਮੁੰਦਰਾਂ ਵਾਂਗ ਨਚਾਰਾਂ ਦੇ
ਪੈਰ ਤੇ ਮਿੱਟੀ ਨਾ ਪੈਣ ਦੇਂਦਾ ਕਹਿੰਦਾ ਬੋਲਟ ਘੁੰਮਦੇ ਯਾਰਾਂ ਦੇ

ਵੰਡ ਸਵਾ ਰੁਪਏ ਦੀ ਸ਼ੱਕਰ ਬੁੜ੍ਹੇ ਸਿਰ ਮਿੱਧਦੇ ਰਹਿਗੇ ਨਾਗਾਂ ਦੇ
ਬਿਨ੍ਹਾਂ ਮਾਲੀਆਂ ਕਾਟੋ ਹੋਰੀਂ ਪਟਵਾਰੀ ਬਣ ਗਏ ਉੱਜੜੇ ਬਾਗਾਂ ਦੇ
ਚੱਕਲੇ ਫੀਤੇ ਪਟਵਾਰੀਆਂ ਛੱਡ ਗੱਲ ਨਬੇੜਤੀਂ ਜ਼ਰੀਬਾਂ ਦੀ
ਚੱਕ ਸ਼ਾਮਲਾਟ ਵਿੱਚ ਪਾਤੀ ਚੱਕਕੇ, ਸੀ ਥਾਂ ਘਰੂ ਗਰੀਬਾਂ ਦੀ
ਵੀਹ ਮਰਲਿਆਂ ਦੀ ਇੱਕ ਕਨਾਲ ਤੇ ਕਿੱਲਾ ਅੱਠ ਕਨਾਲਾਂ ਦਾ
ਛੱਤੀ ਤੇ ਚਾਲੀ ਕਰਮਾਂ ਦੀ ਬਾਹੀ ਹੋਰ ਰੌਲਾ ਨਹੀਂ ਖਾਲਾਂ ਦਾ

ਕਣਕ, ਝੋਨਾ ਤੇ ਨਰਮਾ ਜਾਂ ਬਸ ਧਰਨੇ ਚੌਕਾਂ ਵਿੱਚ ਲਾਉਣੇ ਨੂੰ
ਜਾਂ ਜੂਨ ਕਿਰਸਾਨ ਦੀ ਬਣੀ ਆ ਬਈ ਲੋਕਾਂ ਨੂੰ ਅੰਨ ਖਵਾਉਣੇ ਨੂੰ
ਜੰਮਦੇ ਨੂੰ ਦੇ ਕੇ ਗੁੜ ਦੀ ਗੁੜ੍ਹਤੀ ਫਿਰ ਤੇਰ੍ਹੀਂ ਸਾਲੀਂ ਹਾਲੀ ਕਢਦੇ ਨੇ
ਕੋਨਮੈਂਟ ਤੋਂ ਡਰਦੇ ਗੌਲਮੈਂਟੀ ਸਕੂਲ 'ਚ ਮਸਾਂ ਦਸਮੀਂ ਈ ਕਰਦੇ ਨੇ
ਜਵਾਕਾਂ ਮੂੰਹੋ ਦੁੱਧ ਖੋਹਕੇ ਦੋਧੀ ਨੂੰ ਪਾ ਆਪ ਫੇਰ ਸੁੱਕੀ ਖਾਂਦੇ ਨੇ
ਓਦੋਂ ਈ ਫਿਕਰ ਮੁੱਕਦੇ "ਘੁੱਦਿਆ" ਜਦੋਂ ਫੁੱਲ ਕੀਰਤਪੁਰ ਜਾਂਦੇ ਨੇ

ਬਹਿ ਕਿੱਕਰ ਦੀ ਛਾਮੇਂ ਜਦੋਂ ਪੋਣਾ ਖੋਲ੍ਹਿਆ ਦੁਪੈਹਰ ਦੀ ਰੋਟੀ ਦਾ
ਦੋ ਫੁਲਕੇ ਉੱਤੇ ਅੰਬ ਦੀ ਫਾੜੀ ਬਸ ਸਿਆਪਾ ਕਿਸਮਤ ਖੋਟੀ ਦਾ
ਤਸੀਲ,ਕਚੈਹਰੀ,ਵਕੀਲ ਤੇ ਬਾਕੀ ਕਈ ਲਾਤੇ ਦੁੱਖ ਬਿਮਾਰੀਆਂ ਨੇ
ਕੌਡੀ ਦੇ ਰੇਡਰ ਨੂੰ ਲਾਲਿਆ ਡਾਹਢਾ ਜੱਫਾ ਹਾਏ ਕਬੀਲਦਾਰੀਆਂ ਨੇ
ਦਾਤੀ ਪੱਲੀ ਰਹਿਗੀ ਪੱਲੇ ਜਾਂ ਵੱਢਣ ਨੂੰ ਰਹਿਗੇ ਟੱਕ ਜਵਾਰਾਂ ਦੇ
ਸਾਥੋਂ ਚੰਗੇ ਕਸਾਬ ਹੋਰੀਂ ਵੀ ਬਣਗੇ ਸਕੇ ਜਵਾਈ ਸਰਕਾਰਾਂ ਦੇ ....ਘੁੱਦਾ

1 comment:

  1. ਅੰਮ੍ਰਿਤਪਾਲ,
    ਹਾਇਕੁ-ਲੋਕ ਨਾਂ ਦੇ ਵੈਬ ਰਸਾਲੇ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਹਾਇਕੁ ਇਸ ਪਤੇ 'ਤੇ ਭੇਜੋ........haikusyd@gmail.com
    http://haikulok.blogspot.com

    ਸੰਪਾਦਕ
    ਹਾਇਕੁ-ਲੋਕ

    ReplyDelete