Saturday 28 July 2012

ਖੱਡੀ ਤਾਣੀ


ਖੱਡੀ ਤਾਣੀ, ਸਿਖਰ ਦੁਪਹਿਰੇ , 'ਚਾਰ ਨਾ ਰੋਟੀ
ਰੌਸ਼ਨਦਾਨ ਦੇ ਟੁੱਟੇ ਸ਼ੀਸ਼ੇ ਦੀ ਪੜਗਾਹ ਲੈਕੇ
ਬੈਠੀ ਘੁੱਗੀ ਦੀ ਡੂੰਘੀ ਜੀ ਸੁਣਦੀ ਘੂੰ ਘੂੰ
ਢਾਣੀ ਆਲਿਆਂ ਦੇ ਘਰੇ ਪੈਂਦੇ ਭੋਗ ਦੀ
ਹਵਾ ਦੇ ਬੁੱਲੇ ਨਾਲ ਉੱਡਕੇ ਆਉਂਦੀ 'ਵਾਜ਼
ਖੇਤਾਂ ਬੰਨੀਂ ਘਾਹ ਖੋਤਦੀਆਂ ਵਿਹੜੇ ਦੀਆਂ ਜਨਾਨੀਆਂ
'ਚੋਂ ਕਿਸੇ ਦੀ ਉੱਡਦੀ ਚੁੰਨੀ ਦੀ ਪੈਂਦੀ ਝਲਕ
ਕੁਲਫੀ ਆਲੇ ਦਾ ਪਾਂਪੂੰ ਸੁਣ ਮਾਵਾਂ ਦੀ ਸੁੱਥਣ ਖਿੱਚਕੇ
ਪੈਹੇ ਮੰਗਣ ਖਾਤਰ ਭੁੰਜੇ ਅੱਡੀਆ ਰਗੜਦੇ ਨਿਆਣੇ
ਅੱਡੇ 'ਤੇ ਭਿੱਜੀ ਬੋਰੀ ਨਾ ਵਲ੍ਹੇਟੇ ਤੌੜੇ 'ਚੋਂ ਗਲਾਸ ਭਰ ਓਕ ਲਾਕੇ
ਪਾਣੀ ਪੀਂਦੀਆਂ ਬੀਬੀਆਂ ਬਿੰਦੇ ਝੱਟੇ ਬੱਸ ਦਾ ਟੈਮ ਪੁੱਛਦੀਆਂ
ਐਕਟਿਵਾ ਤੇ ਮੂੰਹ ਸਿਰ ਵਲ੍ਹੇਟੀ ਜਾਂਦੀਆਂ ਕੁੜੀਆਂ ਨੂੰ ਤਾੜਦੀਆਂ
ਪੱਠੇ ਲੱਦੀ ਆਉਦਾਂ ਕੋਈ ਗੱਡੇ ਤੇ
ਬੈਠਾ ਜਵਾਰ ਦੇ ਟਾਂਡੇ ਚੱਬਦਾ
'ਗਾਲਾ ਪੱਟੀ ਬੈਠੇ ਪਸੂਆਂ ਦੇ ਮੂੰਹ 'ਚੋਂ ਡਿੱਗਦੀ ਝੱਗ
ਤੇ ਅੱਖਾਂ ਦੀ ਰੜਕਦੀ ਨੀਂਦ
ਧੁੱਪ ਆਉਣ ਤੇ ਛਾਂ ਬੰਨੀਂ ਮੰਜਾ ਘੜੀਸਦਾ ਬੋਹੜ ਹੇਠਾਂ ਬੈਠਾ ਬਜ਼ੁਰਗ
ਮਿੱਟੀ ਤੇ ਓੱਕਰੀ ਹੋਈ ਘੜੀਸੇ ਮੰਜੇ ਦੇ ਪਾਵਿਆਂ ਦੀ ਲੀਕ
ਕਾਮਰੇਟ ਦੇ ਚੁਬਾਰੇ 'ਚ ਪੇਪਰਵੇਟ ਹੇਠਾਂ ਦੱਬੇ
ਹਵਾ ਨਾਲ ਹਿੱਲਦੇ ਲੈਨਿਨ ਦੀ ਕਿਤਾਬ ਦੇ ਵਰਕੇ
ਕੋਲੇ ਮੂਧੀ ਪਈ ਐਨਕ ਦੇ ਮੋਟੇ ਸ਼ੀਸ਼ੇ ਦੱਸਦੇ ਨੇ ਕਾਮਰੇਡ ਦੀ ਉਮਰ
ਸਾਹਮਣੀ ਕੰਧ ਤੇ ਲੱਗੀ ਹਵਾ ਨਾ ਉੱਖੜੀ ਭਗਤ ਸਿਹੁੰ ਦੀ ਫੋਟੋ
ਸੜਕ ਤੋਂ ਲੰਘਦੇ ਟਰੈਕਟਰਾਂ ਤੇ ਬੱਜਦੇ ,ਸੁਣਦੇ ਗਾਣੇ
ਹੌਲੀ ਹੌਲੀ ਘਟਦੀ 'ਵਾਜ਼ ਜਿਓਂ ਜਿਓਂ ਦੂਰ ਜਾਂਦੇ ਨੇ
ਐਥੇ ਧੁੱਪ ,ਫਿਰ ਬੱਦਲਾਂ ਅੱਗੇ ਸੂਰਜ ਕਿੱਲੇ ਕੁ ਪੰਧ ਤੇ ਛਾਂ
ਹੁਣੇ ਉੱਠਕੇ ਸੱਥ 'ਚ ਆਏ ਮੱਖਣ ਦੀ ਢੂਈ ਤੇ ਛਪਿਆ
'ਵਾਣ ਦੇ ਮੰਜੇ ਦਾ ਡਜ਼ੈਨ
ਦੋ ਕਿੱਕਰਾਂ ਦੇ ਸੰਨ੍ਹ ਵਿੱਚਦੀ ਦੀਂਹਦਾ
ਗੁਰੂ ਘਰ ਦਾ ਨਿਸ਼ਾਨ ਸਾਬ੍ਹ ਦੇਖਕੇ
ਸੱਥ 'ਚੋਂ ਉੱਠਣ ਲੱਗਾ ਜਥੇਦਾਰ ਨਿਓਂ ਕੇ ਮੱਥਾ ਟੇਕਦਾ
"ਸੁੱਖ ਰੱਖੀਂ ਬਾਜ਼ਾਂ ਆਲ਼ਿਆ"....ਘੁੱਦਾ

No comments:

Post a Comment