Sunday 1 July 2012

ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ


ਰੱਤ ਹੋਰ ਨਾ ਡੁੱਲ੍ਹੇ ਜ਼ਮੀਨ ਉੱਤੇ ਰੰਗ ਫਿੱਕੇ ਨਾ ਪੈਣ ਕਦੇ ਮਹਿੰਦੀਆਂ ਦੇ
ਚਿੱਟੇ ਰੰਗ ਨਾ ਸੋਹਦੇਂ ਨਾਰਾਂ ਨੂੰ ਛਣਕਾਟੇ ਸੁਨਣ ਵੰਗਾਂ ਖਹਿੰਦੀਆਂ ਦੇ
ਜੋਬਨ ਰੁੱਤੇ ਨਾ ਕੋਈ ਰੰਡਾਪ ਕੱਟੇ ਔਲਾਦੋਂ ਸੱਖਣੀ ਨਾ ਕੋਈ ਕੁੱਖ ਹੋਵੇ
ਫਿਫਰੇ ਉੱਭਰੇ ਦਿਸਣ ਮਾਸ ਵਿੱਚੋਂ ਰੱਬਾ ਐਹੇ ਜੀ ਨਾ ਕਿਧਰੇ ਭੁੱਖ ਹੋਵੇ
ਕਿਤੇ ਧਰਤੀ ਖਾਏ ਤਰੇੜਾਂ ਬਿਨਾਂ ਪਾਣੀਆਂ ਤੋਂ ਕਿਤੇ ਚੱਤੋਪੈਰ ਸਲ੍ਹਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਮੋਹ ਰਹੂ ਹਮੇਸ਼ਾ ਸੱਥਾਂ ਦਾ ਲੱਖ ਫੈਲਣਗੇ ਹੋਰ ਕਲਚਰ ਪੱਬ ਕਲੱਬਾਂ ਦੇ
ਕਿਰਕਿਟ ਕੀ ਮਿੱਤਰਾ ਰੀਸ ਕਰੂ ਨਜ਼ਾਰੇ ਗੁੱਲੀ ਡੰਡੇ ਦੀਆਂ ਗੱਭਾਂ ਦੇ
ਮਨ ਮਰ ਗਿਆ ਭਾਵੇਂ ਦੁਨੀਆਂ ਤੋਂ ਪਰ ਭੁੱਲਦਾ ਨੀਂ ਮੋਹ ਜਮਾਤੀਆਂ ਦਾ
ਓਦੋਂ ਕੁੱਛੜ ਸੀ ਮੈਂ ਬੇਬੇ ਦੇ ਜਦੋਂ ਕੇਰਾਂ ਜੇ ਲਿਆ ਸੀ ਝੂਟਾ ਹਾਥੀਆਂ ਦਾ
ਦੇਖ ਸਪੀਕਰ ਜੋੜ ਕੇ ਲਾਏ ਮੰਜਿਆਂ ਤੇ ਚਾਅ ਚੜ੍ਹਦਾ ਬੇਹਿਸਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਪੰਡ ਬੰਨ੍ਹੀਦੀ ਕਿਮੇਂ ਨਿੱਕਿਆ ਨੀਰੇ ਦੀ ਬੇੜ ਵੱਟਕੇ ਕੱਚੀ ਜਵਾਰ ਦੀ
ਕਿਮੇਂ ਨਿਆਣਾ ਪਾ ਗਾਂ ਚੋਈ ਦੀ ਜਿਹੜੀ ਹੋਵੇ ਛੜਾਂ ਬਾਹਲੀਆਂ ਮਾਰਦੀ
ਸੇਪੀ ਆਲੇ ਬਾਈ ਮਿਸਤਰੀ ਤੋਂ ਕਿਮੇਂ ਟੁੱਟੇ ਮੰਜੇ ਵਿੱਚ ਚੂਲ ਠਕਾਈਦੀ
ਚੁੰਗ ਦੋ ਮੁੱਠੀਆਂ ਲੈਂਦੀ ਬੇਬੇ ਝਿਊਰਾਂ ਦੀ ਭੱਠੀ ਵਿੱਚ ਦਾਣੇ ਭੁਨਾਈ ਦੀ
ਜੱਟ ਸੀਰੀ ਦੀ ਸਾਂਝ ਬੜੀ ਪੁਰਾਣੀ ਇਉਂ ਚੱਲਦਾ ਹਸਾਬ ਕਤਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਹੀਰ ਰਾਂਝੇ ਦਾ ਕਿੱਸਾ ਦੱਸੂ ਆੜੀਆ ਕਿਮੇਂ ਬਣ ਜੋਗੀ ਕੰਨ ਪੜਵਾਈਦੇ
ਸਸਤੀ ਨੀਂ ਮਿਲਦੀ ਯਾਰਾ ਹੀਰ ਦੀ ਚੂਰੀ ਵੱਗ ਬਾਰ੍ਹਾਂ ਸਾਲ ਚਰਾਈਦੇ
ਵੇਖੀਂ ਕਿਮੇਂ ਵਲੈਤੀ ਯਾਰ ਨੂੰ ਲੱਭਦੀ ਸੱਸੀ ਥਲਾਂ ਦੇ ਰੇਤੇ ਲਾਲ ਰੱਤੇ 'ਚੋਂ
ਸੌਂਜੀ ਨਾ ਮਿੱਤਰਾ ਜੰਡ ਦੀ ਛਾਵੇਂ ਨਹੀਂ ਟੁੱਟੇ ਤੀਰ ਲੱਭਣਗੇ ਭੱਤੇ 'ਚੋਂ
ਸੋਹਣੀ ਮਹੀਆਲ ਦੇ ਕਿੱਸੇ ਅੰਦਰ ਸਦਾ ਜਿਓਦਾਂ ਦਰਿਆ ਚਨਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਪੜ੍ਹ ਚਿੱਠੀ ਕਿਸ਼ਨੇ ਭਾਈ ਦੀ ਫੇਰ ਜਿਓਣਾ ਡੋਗਰ ਨੂੰ ਸੋਧਾ ਲਾਉਂਦਾ ਸੀ
ਭੇਸ ਵਟਾ ਬਣ ਸਾਧ ਬੂਬਨਾ ਕਿਮੇਂ ਨੈਣਾ ਦੇਵੀ ਦੇ ਛਤਰ ਚੜ੍ਹਾਉਦਾ ਸੀ
ਸਿਓਂ ਕੇ ਪਾਟਾ ਸਾਲੂ ਦੁੱਲੇ ਭੱਟੀ ਦੱਸੇ ਕਿਮੇਂ ਕੁੜੀਆਂ ਦੀ ਪੱਤ ਬਚਾਈਦੀ
ਚਲਾ ਸੰਗਤ ਪੰਗਤ ਦੀ ਰੀਤ ਬਾਬਾ ਨਾਨਕ ਆਖੇ ਇੱਕੋ ਜਾਤ ਲੋਕਾਈ ਦੀ
ਚਰਖੇ ਆਲੇ ਮੌਸਮੀ ਡੱਡੂ ਨਿਕਲੇ ਚੇਤੇ ਭਗਤ ਸਿਹੁੰ ਦਾ ਇੰਨਕਲਾਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ

ਔਖਾ ਸਾਂਭਣਾ ਨਮੀਂ ਚੜ੍ਹੀ ਜਵਾਨੀ ਨੂੰ ਤਾਂਹੀ ਗੇੜੇ ਛੇੜੇ ਬਾਹਲੇ ਬੱਜਦੇ ਨੇ
"ਪੰਜਾਬ ਵੱਸਦਾ ਗੁਰਾਂ ਦੇ ਨਾਂ ਉੱਤੇ" ਠੀਕ ਪੂਰਨ ਸਿੰਘ ਹੁਣੀਂ ਦੱਸਦੇ ਨੇ
ਗੱਲ ਚੱਲੂ ਮਾਘੀਆਂ ਬਸਾਖੀਆਂ ਦੀ ਗੇੜ ਚੱਲੂ ਇਉਂ ਸਾਉਣੀ ਹਾੜ੍ਹੀ ਦਾ
ਲਾਲ ਵਹੀਆਂ ਵਿੱਚ ਸਦਾ ਕੈਦ ਰਹਿਣਾ ਕਿੱਸਾ ਜੱਟਾਂ ਸ਼ਾਹਾਂ ਦੀ ਆੜੀ ਦਾ
ਰਾਹਗੀਰਾਂ ਦੀ ਠਾਹਰ ਲਈ "ਘੁੱਦਿਆ" ਸਦਾ ਝੂਲ਼ਦਾ ਨਿਸ਼ਾਨ ਸਾਹਬ ਰਹੂ
ਭਾਵੇਂ ਰਹਿੰਦਾ ਪਾਣੀ ਵੀ ਵੰਡ ਦਿਓ ਨਾਂ ਫਿਰ ਵੀ ਪੰਜਾਬ ਦਾ ਪੰਜਾਬ ਰਹੂ...ਘੁੱਦਾ

No comments:

Post a Comment