Saturday 28 July 2012

ਸਮ ਪੀਪਲ ਕੈਨ ਨੇਵਰ ਚੇਂਜ



ਕਿਸੇ ਇੰਜਨੀਅਰਿੰਗ ਕਾਲਜ ਤੇ ਏ.ਸੀ ਕੈਂਪਸ 'ਚ ਬੈਠੀ ਹੋਣੀ
ਠੋਡੀ ਦਾ ਭਾਰ ਖੱਬੇ ਹੱਥ ਦੀ ਹਥੇਲੀ ਤੇ ਰੱਖਕੇ
ਲੈਪੀ ਤੇ ਵਾਈ ਫਾਈ ਚਲਦਾ ਹੋਣਾ
ਵੀਣੀ ਤੇ ਲਿਖੇ ਮੇਰੇ ਨੌਂ ਤੇ ਕਾਟੀ
ਮਾਰਕੇ ਕਿਸੇ ਦਾ ਬਰੈੱਸਲੇਟ ਪਾਇਆ ਹੋਣਾ
ਚਿੜੀ ਉੱਡ ਕਾਂ ਉੱਡ ਦੀ ਥੌਂ ਤੇ ਹੋਰ ਖੇਡਾਂ ਹੋਣਗੀਆਂ
ਪੀਚੋ ਬੱਕਰੀ ਦੀ ਥਾਂ ਬਡਮਿੰਟਨ ਖੇਡਦੀ ਹੋਣੀ
ਹੁਣ ਨਮੀਂ ਕਿਤਾਬ ਖੋਲ੍ਹਕੇ ਵਧੇ
ਜੇ ਵਰਕੇ ਨੂੰ ਲੱਕੀ ਨਹੀਂ ਸਮਝਦੀ ਹੋਣੀ
ਭੁੱਲਗੀ ਹੋਣੀ ਮਿੱਟੀ ਤੇ ਛਿੜਕੇ ਪਾਣੀ ਦੀ ਖੁਸ਼ਬੂ
ਗਿਫਟ ਪੈਕਿੰਗ ਦੇ ਕੰਮ ਆਉਂਦੇ
ਹੋਣਗੇ ਗੁੱਤਾਂ ਆਲ਼ੇ ਲਾਲ ਰੀਬਨ
ਮੈਂਹਗੀ ਕਾਰ ਡ੍ਰਾਈਵ ਕਰਦੀ ਭੁੱਲਗੀ ਹੋਣੀ
ਸੈਕਲ ਦੀ ਕੈਂਚੀ ਸਿਖਾਉਣ ਆਲ਼ੇ ਨੂੰ
ਬੱਡੇ ਮਾਲਾਂ 'ਚ ਸ਼ੌਪਿੰਗ ਕਰਦੀ ਰੇਟ ਦੇਖਕੇ ਕਹਿੰਦੀ ਹੋਣੀ ਆ
"ਵਾਓਓਓ......ਓਨਲੀ ਨਾਈਨਟੀਨ ਹੰਡਰਡ"
ਅੱਡੇ ਤੇ ਲਿਖੀ ਸਪ੍ਰੇਅ ਦੀ ਮਸ਼ਹੂਰੀ ਨੀਂ ਪੜ੍ਹਨੋ ਹਟੇ ਅਸੀਂ
" ਲੀਡਰ, ਗੁੱਲੀ ਡੰਡਾ ਗੁੱਲ, ਝਾੜ ਪੂਰਾ ਫੁੱਲ"
ਯੱਗਾਂ ਤੇ ਰੰਗ ਬਰੰਗੇ ਚੌਲ ਖਾਣ ਦੀ ਆਦਤ ਸਾਡੀ
ਛਬੀਲਾਂ ਦਾ ਮਿੱਠਾ ਪਾਣੀ ਪੀ ਪੀ ਅਫਰੇਵਾਂ ਕਰਾਉਣ ਦੀ
ਦਸਮੀਂ ਦੇ ਦਿਨ ਮਟੀ ਤੇ ਲੱਸੀ ਪਾਉਣਾ
ਟਰੈਲੀਆਂ ਦੇ ਡਾਲਿਆਂ ਪਿੱਛੇ ਲਮਕਣ ਦੀ ਆਦਤ
ਮੀਂਹ ਝੜੀ 'ਚ ਯੂਰੀਆ ਦੇ ਗੱਟੇ ਦੀ ਛੱਤਰੀ ਬਣਾਉਣੀ
ਮੁੱਠੀ 'ਚੋਂ ਰੇਤਾ ਕੇਰ ਕੇ ਹਵਾ ਦਾ ਰੁੱਖ ਵੇਖਣਾ
ਬਹੁਕਰ ਦੀਆਂ ਤੀਲਾਂ ਪਾ ਮੋਮੀਜਾਮੇ ਦਾ ਪਤੰਗ ਬਣਾਉਣਾ
ਮਾਤਾ ਤੋਂ ਚੋਰਿਓਂ ਮਸ਼ੀਨ 'ਚੋਂ ਰੀਲਾਂ ਚਾਕੇ ਪਤੰਗ ਚੜ੍ਹਾਉਣਾ
ਕਦੇ ਕਦਾਈਂ ਫੇਹਬੁੱਕ ਤੇ ਫੋਟਮਾਂ ਵੇਖਕੇ ਕਹਿੰਦੀ ਹੋਣੀ ਆ
"ਸਮ ਪੀਪਲ ਕੈਨ ਨੇਵਰ ਚੇਂਜ"..ਘੁੱਦਾ

No comments:

Post a Comment