Saturday 25 August 2012

ਹੈਪੀ ਇੰਡੀਪੈਨਡਸ ਡੇ


ਜੇਹਨਾਂ ਦਾ ਕੁੜਤਾ ਮੁੜ੍ਹਕੇ ਨਾ ਭਿੱਜ ਢੂਈ ਨਾ ਚੁੰਬੜਿਆ ਹੋਵੇ
ਅੱਡੀਆਂ ਦੀਆਂ ਪਾਟੀਆਂ ਬਿਆਈਆਂ ਰੇਤੇ ਨਾ ਭਰੀਆਂ ਹੋਣ
ਜੇਹਨਾਂ ਕੋ ਸੈਕਲ ਦੇ ਨਮਾਂ ਮਗਰਾੜ ਪਵਾਉਣ ਜੋਗੇ ਪੈਸੇ ਨੀਂ ਹੁੰਦੇ
ਰਾਤਾਂ ਮਸ਼ੂਕ ਦੇ ਗਮ 'ਚ ਤਾਰੇ ਗਿਣਕੇ ਨਹੀਂ
ਸਵਾ ਰੁਪਈਆ ਪ੍ਰਤੀ ਸੈਂਕੜੇ ਦੇ ਵਿਆਜ ਦਾ ਹਸਾਬ ਲਾਕੇ ਲੰਘਦੀਆਂ ਹੋਣ
ਜੇਹੜੇ ਸੱਤਰ ਸਾਲੇ ਹੋਕੇ ਵੀ ਸ਼ਹਿਰ ਰਿਕਸ਼ੇ ਵਾਹੁੰਦੇ ਨੇ
ਜੇਹਨਾਂ ਨੂੰ ਮੱਟੀ 'ਚ ਮੁੱਕੇ ਆਟੇ ਦਾ ਫਿਕਰ ਹੋਵੇ
"ਰੇਨੀ ਸੀਜ਼ਨ" 'ਚ ਚੋਂਦੇ ਕੋਠਿਆਂ ਦੀ ਚਿੰਤਾ ਹੋਵੇ
ਕੁੜੀ ਦੀ ਸ਼ੂਸ਼ਕ ਜੋਗੇ ਪੈਹੇ ਨਾ ਹੋਣ
ਜੇਹਨਾਂ ਤੇ ਬਦਚਲਨ ਦਾ ਠੱਪਾ ਲਾਇਆ ਵਾ
ਘਾਹ ਖੋਤਦੀਆਂ ਵਿਹੜੇ ਦੀਆਂ ਜ਼ਨਾਨੀਆਂ ਨੂੰ
ਪੈਨਸ਼ਨਾਂ ਖਾਤਰ ਲੜਦੇ ਮੈਡਲ ਵਿਜੇਤਾ ਸਾਬਕਾ ਫੌਜੀਆਂ ਨੂੰ
ਈ.ਟੀ ਟੀ ਆਂ ਕਰਕੇ ਟੈਂਕੀਆਂ 'ਤੇ ਚੜ੍ਹਨ ਆਲੇ ਟੀਚਰਾਂ ਨੂੰ
ਸਤਾਈ ਵਰ੍ਹਿਆ ਪਿੱਛੋਂ ਇੰਸਾਫ ਦਾ ਠੂਠਾ ਚੱਕੀ ਫਿਰਦੀ
ਚਿੱਟੇ ਵਾਲਾਂ ਆਲੀ ਸਿੱਖ ਬੀਬੀ ਨੂੰ
ਚੌਰਾਸੀ, ਗੋਧਰਾ, ਉੜੀਸਾ ਕਾਡਾਂ 'ਚ
ਚਿੱਟੀਆਂ ਚੁੰਨੀਆਂ ਨਾ ਸਿਰ ਕੱਜਣ ਆਲੀਆਂ ਨੂੰ
ਫੁੱਟਪਾਥਾਂ ਤੇ ਪੈਕੇ ਗੱਡੀਆਂ ਦੀਆਂ ਤੇਜ਼
ਲੈਟਾਂ ਨਾ ਅੱਖਾਂ ਝਮੱਕਣ ਆਲਿਆਂ ਨੂੰ
ਨਾਲੇ ਜੇਹਨਾਂ ਤੇ "ਸਲੱਮਡਾਗ ਮਿਲੀਏਨਰ" ਅਰਗੀਆਂ ਫਿਲਮਾਂ ਬਣਦੀਆਂ ਨੇ
ਮਾਓ ਦੀ ਚੁੱਕ 'ਚ ਆਕੇ
ਸੰਤਾਲੀਆਂ ਚੱਕੀ ਫਿਰਦੇ ਨੰਗ ਧੜੰਗੇ ਜੇ ਮਾਓਵਾਦੀਆਂ ਨੂੰ
ਰੋਟੀ ਖਾਤਰ ਮੱਧਮ ਰੌਸ਼ਨੀ 'ਚ
ਕੁੱਛੜਲੇ ਜਵਾਕ ਦਾ ਮੂੰਹ ਦੂਜੇ ਪਾਸੇ ਨੂੰ ਕਰਾ
ਨਿੱਤ ਨਮੇਂ ਪਿੰਡੇ ਹੰਢਾਉਣ ਆਲੀਆਂ ਨੂੰ
ਵੇਖੀਂ ਕਿਤੇ ਨਿੱਕਿਆ , ਏਹਨਾਂ ਨੂੰ "ਹੈਪੀ ਇੰਡੀਪੈਨਡਸ ਡੇ" ਨਾ ਕਹਿ ਦੀਂ
ਫੇਰ ਨਾ ਆਖੀਂ ਏਹਨਾਂ ਨੇ ਕੰਨ ਦੀ ਜੜ੍ਹ 'ਚ ਥਪੜਾ ਕਾਹਤੋਂ ਧਰਤਾ....ਘੁੱਦਾ

No comments:

Post a Comment