Sunday 19 August 2012

ਕੁੜੀਆਂ ਚਿੜੀਆਂ


ਹੱਸਦੀਆਂ ਵੱਸਦੀਆਂ ਰਹਿਣ
ਜੇਹਨਾਂ ਨੂੰ ਡੇਕਾਂ, ਧਰੇਕਾਂ , ਨੰਨੀਆਂ ਛਾਮਾਂ ਕੁੜੀਆਂ ਕਹਿੰਦੇ ਨੇ
ਰੰਗ ਬਰੰਗੇ ਪਰਾਂਦੇ, ਪਟਿਆਲਾ ਸਲਵਾਰਾਂ, ਜੁੱਤੀਆਂ,
ਸੂਟਾਂ ਨਾਲਦੇ ਮੈਚਿੰਗ ਪਰਸ ਹੋਣ, ਝਾਂਜਰਾਂ, ਜੀਨਾਂ,
ਚੜ੍ਹਦੀਆਂ ਕਲਾ 'ਚ ਰੱਖੀਂ ਦਾਤਿਆ ਏਹਨਾਂ ਨੂੰ
ਫਟਦੇ ਸਟੋਵ, ਧਰਨਿਆਂ ਲਾਉਂਦੀਆਂ, ਪਾਣੀ ਦੀਆਂ ਬੁਛਾੜਾਂ
ਨਾ ਆਉਣ ਕਦੇ ਐਹੇ ਜੀਆਂ ਖਬਰਾਂ
ਤੀਆਂ, ਤ੍ਰਿੰਝਣ, ਗਿੱਧੇ , ਤੇ ਕਿੱਕਲੀਆਂ ਪੈਂਦੀਆਂ ਰਹਿਣ
ਬੰਨ੍ਹਦੀਆਂ ਰਹਿਣ ਰੱਖੜੀਆਂ ਤੇ ਗੁੰਦ ਦੀਆਂ ਰਹਿਣ ਵਾਗਾਂ
ਵੇਖੀਂ ਕਿਤੇ ਮੱਲੋ ਮੱਲੀ ਖੇੜਿਆਂ ਨਾ ਨਾਂ ਤੋਰੀਂ ਏਹਨਾਂ ਨੂੰ ਦਾਤਿਆ
ਚੂਰੀਆਂ, ਬੇਲੇ, ਪਯਾਰ ਮੁਹੱਬਤ ਦੇ ਕਿੱਸੇ ਚਲਦੇ ਰਹਿਣ
ਤਾਂਹੀ ਉੱਠਣ ਗੇ ਨਮੇਂ ਵਾਰਸ਼ ਸ਼ਾਹ ਹੋਣੀਂ
ਵੇਖੀਂ ਹੋਸਟਲਾਂ, ਪੀ.ਜੀਆਂ ਕਰਕੇ ਨਿਰਮੋਹੀਆਂ ਨਾ ਹੋ ਜਾਣ ਕਿਤੇ
ਪਿਓ ਗਲ ਲੱਗਕੇ ਰੋਂਦੀਆਂ ਰਹਿਣ ਡੋਲੀ ਚੜ੍ਹਦੀਆਂ
ਪਾਉਂਦੀਆਂ ਰਹਿਣ ਧਾਰੀ ਬੰਨ੍ਹ ਸੁਰਮਾ
ਘੁਕਦੀਆਂ ਰਹਿਣ ਲੱਕ 'ਦਾਲੇ ਲੰਮੀਆਂ ਗੁੱਤਾਂ
ਬੱਡੀਆਂ ਕਾਰਾਂ, ਸੁਪਨੇ, ਮੁੰਦੀਆਂ, ਸਭ ਸ਼ੌਕ ਪੁਗਾਂਈ ਦਾਤਿਆ
ਮੈਲੀਆਂ ਅੱਖਾਂ ਤੋਂ ਬਚਾਈਂ ਏਹਨਾਂ ਨੂੰ
ਸਾਫ ਸੁਥਰੀਆਂ ਬਿਨ੍ਹਾਂ ਦਾਗੋਂ ਉੱਡਦੀਆਂ ਰਹਿਣ ਚੁੰਨੀਆਂ
ਵੇਖੀਂ ਕਿਤੇ "ਲਾਲ ਬੱਤੀ" ਨਾਵਲ ਦੀਆਂ ਪਾਤਰਾਂ ਨਾ ਬਣਾਈਂ ਏਹਨਾਂ ਨੂੰ
ਦੂਰ ਰੱਖੀਂ ਦੇਵਕੀ ਮੌਸੀਆਂ ਤੋਂ
ਦਿੱਲੀ ਦੀਆਂ ਜੇ ਬੀ ਰੋਡਾਂ ਦੀ ਵਾਅ ਨਾ ਲੱਗੇ ਏਹਨਾਂ ਨੂੰ
ਕੱਲੀ ਰੋਟੀ ਖਾਤਰ ਸਟੇਜਾਂ ਤੇ ਨਾਂ ਚੜ੍ਹਾਈਂ ਏਹਨਾਂ ਨੂੰ
ਸਕੂਲ ਦੇ ਸੈਕਲ ਤੋਂ ਲੈ ਜ਼ਹਾਜ਼ਾਂ ਤਾਂਈ ਉੱਡਦੀਆਂ ਰਹਿਣ
ਰਾਗਟਾਂ ਅੰਗੂ ਚੜ੍ਹਦੀਆਂ ਰਹਿਣ ਸੁਨੀਤਾ ਵਿਲਿਅਮਜ਼ ਬਣਕੇ
ਲਾਲ ਰੀਬਨਾਂ ਤੋਂ ਲੈ ਲਾਲ ਸੰਦੂਰ ਨਾ ਸ਼ਿੰਗਾਰੀ ਰੱਖੀਂ ਸਿਰਾਂ ਨੂੰ
ਮੈਡਲਾਂ ਚੁੰਮਦੀਆਂ ਦੀਆਂ ਫੋਟੇ ਛਪੇ, ਨਕਾਬਪੋਸ਼ਾਂ ਦੀਆਂ ਨੀਂ
ਬਸ ਚੜ੍ਹਦੀਆ ਕਲਾ 'ਚ ਰੱਖੀਂ ਬਾਜ਼ਾਂ ਆਲਿਆ
ਤੇ ਆਸਾ ਦੀ ਵਾਰ 'ਚੋਂ ਪੜ੍ਹਕੇ ਉਦਾਹਰਨ ਦੇਂਦਾ ਰਹੇ ਪਾਠੀ ਸਿੰਘ
"ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ"....ਘੁੱਦਾ

No comments:

Post a Comment