Saturday 11 August 2012

ਨਾਜ਼ਰ ਤੇ ਮਿੰਦੋ


ਸਕੂਲ ਦੇ ਬੋਹੜ ਦੁਆਲੇ ਬਣੇ ਥੜੇ ਕੋਲ ਜਮਾਤ ਲੱਗਦੀ
ਸਿਆਲਾਂ 'ਚ ਧੁੱਪੇ ਤੇ ਗਰਮੀਆਂ 'ਚ ਬੋਹੜ ਛਾਮੇਂ
ਤੜਕੇ ਈ ਜਮਾਤ 'ਚ ਝੋਲੇ 'ਚੋਂ ਬੋਰੀ ਕੱਢ ਨਾਜ਼ਰ ਨੇ ਬਹਿ ਜਾਣਾ
ਨਾਲ ਮਿੰਦੋ ਦੀ ਬੋਰੀ ਜੋਗੀ ਥਾਂ ਮਲੱਕ ਛੱਡਣੀ
ਇੱਕੋ ਦਵਾਤ 'ਚੋਂ ਪਿਸਟਨ ਜੇ ਆਲੇ ਪੈੱਨ ਭਰਨੇ
ਸਲੇਟ ਜੋਗੀ ਸਲੇਟੀ ਰੱਖ ਬਾਕੀ ਨਾਜ਼ਰ ਨੇ ਚੱਬ ਜਾਣੀ
ਮਿੰਦੋ ਨੇ ਫਿਕਰ ਕਰਨਾ ,"ਵੇ ਤੇਰੇ ਢਿੱਡ 'ਚ ਮਾਉਂ ਪੈਣਗੇ"
'ਕੱਠੇ ਮਟੀਆਂ ਤੇ ਲੱਸੀਆਂ ਪਾਉਣ ਜਾਂਦੇ
ਮਾਹਟਰਾਂ ਭੈਣਜੀਆਂ ਖਾਤਰ ਸਾਗ ਤੋੜਨ ਵੀ
ਮਿੰਦੋ ਦੀ ਢਿਆਨੀ ਦੀ ਮਨਸਾ
ਖਾਤਰ ਨਾਜ਼ਰ ਗਾਲੜ੍ਹਾਂ ਮਾਰਦਾ ਰਿਹਾ
ਗੁੱਗੇ ਵੇਲੇ ਆਟੇ ਦੇ ਸੱਪ ਬਣਾ ਕਰੀਰ ਪੂਜਣ ਜਾਂਦੇ
ਕਿੱਕਰ ਦੇ ਮੁੱਢ ਨਾ ਜੋੜੇ ਲਾਹ
ਨਾਜ਼ਰ ਕਿੱਕਰਾਂ 'ਤੋਂ ਤੁੱਕੇ ਤੋੜਦਾ
ਖੱਬੀ ਅੱਖ ਮੀਚਕੇ ਇੱਕੋ ਰੋੜੇ ਨਾ ਬੇਰ ਸਿੱਟਦਾ
ਜਾਮਣਾਂ ਖਾ ਖਾ ਜਾਮਣੀ ਹੋਈ ਜੀਭ ਮਿੰਦੋ ਨੂੰ ਦਿਖਾਉਂਦਾ
ਨਮੇਂ ਕੈਦੇ ਤੇ ਨਾਜ਼ਰ ਮਿੰਦੋ ਤੋਂ ਨੌਂ ਲਿਖਾਉਦਾ
ਤੇ ਕਹਿੰਦਾ, "ਤੇਰੀ ਲਖਾਈ ਬਾਹਲੀ ਸੋਹਣੀ ਆ"
ਸੂਏ ਕੰਢੇ ਹਰੇ ਕਚਾਹ ਘਾਹ ਤੇ ਬੈਠਿਆਂ ਮਿੰਦੋ ਆਖਿਆ ਕਰੇ
" ਹੋਅਅ ਹਜ਼ਾਜ਼ 'ਚ ਉੱਡੂੰਗੀ ਮੈਂ"
ਸਮੇਂ ਦੇ ਬੋਝਲ ਪਹੀਏ ਘੁਕਦੇ ਰਹੇ
ਪੰਜਮੀਂ, ਸੱਤਮੀਂ, ਦਸਮੀਂ ਟੱਪੀ
ਨਾਜ਼ਰ ਦੇ ਦਾਹੜੀ ਨਾ ਆਈ
ਪਰ ਕਬੀਲਦਾਰੀਆਂ ਪਹਿਲੋਂ ਆ ਪਈਆਂ
ਮਿੰਦੋ ਬੱਦਲਾਂ ਇੱਚਦੀ ਹੋਕੇ ਜਾਂਦੇ ਹਜ਼ਾਜ਼ 'ਚ ਬਹਿਗੀ
ਨਾਜ਼ਰ ਸੈਕਲ ਦੇ ਚੱਕਿਆਂ ਤੇ ਲੀਰ ਮਾਰਦਾ ਰਿਹਾ
ਕਿੱਕਰਾਂ ਨੂੰ ਤੁੱਕੇ ਲੱਗਕੇ ਰਹੇ
ਹਨੇਰੀਆਂ ਨਾ ਪੀਲੇ ਫੁੱਲ ਝੜਦੇ ਰਹੇ
ਆਏ ਸਾਲ ਗੁੱਗੇ ਵੇਲੇ ਕਕੀਰਾਂ ਦੀ ਪੂਜਾ ਹੁੰਦੀ ਰਹੀ
ਦਸਮੀਂ ਦੇ ਦਿਨ ਮਟੀਆਂ ਤੇ ਲੱਸੀਆਂ ਪੈਂਦੀਆਂ ਰਹੀਆਂ
ਪਰ ਮਿੰਦੋ ਨਾ ਮੁੜੀ
ਦੋ ਦਹਾਕੀਂ ਮਿੰਦੋ ਦੇ ਆਉਣ ਦੀ ਕਨਸੋਅ ਮਿਲੀ
ਲੰਮੀ ਕਾਰ ਨੇ ਸੱਥ ਕੋਲ ਆ ਬਰੇਕਾਂ ਮਾਰੀਆਂ
ਸ਼ੀਸ਼ਾ ਡਾਊਨ ਹੋਇਆ
ਖੁੱਲ੍ਹੇ ਵਾਲ, ਗੋਰਾ ਨਿਛੋਹ ਰੰਗ, ਲੰਮਾ ਕੋਟ
ਬੱਡੀਆਂ ਐਨਕਾਂ, ਰੂੰ ਦੇ ਫੰਬਿਆਂ ਅਰਗੇ ਹੱਥ
ਬੰਬਲਾਂ ਆਲ਼ੇ ਖੇਸ ਨਾ ਮੜਾਸਾ ਮਾਰ ਮੂੰਹ ਲਕੋ
ਨਾਜ਼ਰ ਹੋਰਾਂ ਨਾ ਨੇੜੇ ਜਾ ਖਲੋਤਾ
ਐਰਕੀਂ ਮਿੰਦੋ ਕਲਚਰ ਤੇ ਡਾਕੂਮੈਂਟਰੀ ਬਣਾਉਣ ਆਈ ਸੀ
ਗਾਲ੍ਹੜਾਂ, ਬੇਰੀਆਂ ,ਜਾਮਣਾਂ, ਕਰੀਰ, ਦਵਾਤਾਂ ,
ਨਾਜ਼ਰ ਦੀਆਂ ਅੱਖਾਂ ਅੱਗੋਂ ਘੁਕਣ ਲੱਗੀਆਂ
ਸੂਏ ਕਿਨਾਰੇ ਜਾ ਨਾਜ਼ਰ ਨੇ ਬੋਤਲ ਨੂੰ ਮੂੰਹ ਲਾਇਆ
ਤੇ ਇੱਕੋ ਸਾਹੇ ਪੀਕੇ ਕਹਿੰਦਾ
"ਨਾਂ ਮਿੰਦੋ ਹੁਣ ਨੀਂ ਮਾਊਂ ਪੈਂਦੇ ਮੇਰੇ ਢਿੱਡ 'ਚ"...ਘੁੱਦਾ

No comments:

Post a Comment