Saturday 11 August 2012

ਸਾਉਣ ਦੇ ਦਿਨ


ਤੀਜੇ ਘਰੇ ਬਣਦੇ ਜਰਦੇ ਆਲੇ ਚੌਲਾਂ ਦੀ
ਹਵਾ ਤੇ ਸਵਾਰ ਹੋਕੇ ਆਉਂਦੀ ਬਾਸ਼ਨਾ
ਪੂੜੇ ਬਣਾਉਣ ਖਾਤਰ ਪਿੱਪਲਾਂ ਦੇ ਪੱਤੇ ਤੋੜਦੇ ਜਵਾਕ
ਬਰਕੈਨ ਦੇ ਪੱਤਿਆਂ 'ਚੋਂ ਲਰਜ਼ਦੇ ਪਾਣੀ ਦੇ ਤੌਂਕੇ
ਕੜਾਹੀ 'ਚ ਛੱਡੇ ਗੁਲਗੁਲਿਆਂ ਦੀ "ਸ਼ ਸ਼ ਸ਼ " ਦੀ ਅਵਾਜ਼
ਕੜਾਹੀ 'ਚ ਪਾਣੀ ਦੇ ਛਿੱਟੇ ਮਾਰਕੇ ਚੈੱਕ ਕਰਨਾ
ਬੀ ਤੇਲ ਠੰਢਾ ਕਿ ਤੱਤਾ
ਗਿੱਟਿਆਂ 'ਤੋਂ ਉੱਚੀਆਂ ਟੰਗੀਆਂ ਵੀਆਂ ਸੁੱਥਣਾਂ
ਕਿੱਲਿਆਂ 'ਦਾਲੇ ਪ੍ਰਕਾਰ ਅੰਗੂ ਘੋਲ ਘਤੇਰੇ ਵਾਹੁੰਦੇ ਪਸ਼ੂ
ਕੋਈ ਟਾਂਮਾਂ ਟਾਮਾਂ ਦੀਹਦਾ ਵਰਾਂਡੇ ਦੀ ਬਾਲਿਆਂ ਆਲ਼ੀ ਛੱਤ
ਤੇ ਬੱਠਲਾਂ ਨਾ ਮਿੱਟੀ ਪਾਉਦਾਂ
ਕਿਸੇ ਦੇ ਸਿਰ 'ਤੇ ਰੱਖਿਆ ਵਾ ਭਿੱਜਣ ਦੇ ਡਰ ਤੋਂ
ਯੂਰੀਆ ਆਲ਼ੇ ਗੱਟੇ ਦਾ ਕੋਣ ਜਾ ਬਣਾਕੇ
ਛੱਪੜ ਬੰਨੀਓਂ ਆਉਦੇ ਬੌਲਦ ਅੰਗੂ ਬੰਨ ਜੀ ਆਲ਼ੇ ਡੱਡੂ
ਕੰਨ ਪਾੜਮੀਂ ਸੁਣਦੀ ਬੀਡਿਆਂ ਦੀ "ਚਿਰਰਰਰ ਚਿਰਰਰ"
ਕੋਈ ਕੋਸਦਾ ਪਿੰਡ ਦੇ ਮਿਸਤਰੀ ਨੂੰ
ਛੱਤ 'ਚੋਂ ਸਿੰਮਿਆ ਪਾਣੀ ਵੇਖਕੇ
ਝੁੱਗੇ ਲਾਹ ਕੇ ਪਿੱਤ ਮਾਰਦੇ "ਹੂਹੂੜੀੜੀ ਉਉਉਏੱ" ਕਰਕੇ
ਪਨਾਲਿਆਂ ਦੀ ਧਾਰ ਹੇਠ ਸਿਰ ਕਰਕੇ ਨੌਂਹਦੇ ਜਵਾਕ
ਸੱਥਾਂ 'ਚ ਹੁੰਦੀਆਂ ਗੱਲਾਂ ਬੀ ਰੋਹੀ
ਬੰਨੀਂ ਵੱਧ ਮੀਂਹ ਆ ਕਿ ਟੇਲਾਂ ਤੇ
ਹਰੇਕ ਦਾ ਏਹੀ ਸਵਾਲ ," ਬਈ ਕੈ ਉਂਗਲਾਂ ਮੀਂਹ ਹੋਉ ਆਹਾ"
ਸਕੂਲਾਂ ਤੋਂ ਨਿਆਣਿਆਂ ਨੂੰ ਲੈਕੇ ਆਉਂਦੇ ਫਿਕਰਮੰਦ ਜੇ ਮਾਪੇ
ਤੇ ਦੱਸਦੇ ਨੇ ," ਬੇਟਾ ਦਿਸ ਇਸ ਰੇਨੀ ਸੀਜ਼ਨ"
ਹੋਅਅ ਪਿੱਛੇ ਆਉਂਦੇ ਨੇ ਪੱਟਾਂ ਤਾਂਈ ਨੀਕਰਾਂ ਚੜ੍ਹਾਈ
ਮੰਗਮੇਂ ਸੈਕਲ ਦੇ ਘੱਟ ਫੂਕ ਆਲੇ ਟੈਰ ਦੀ ਟੂਪ ਮਸਲਦੇ
ਜਾਣਕੇ ਪਾਣੀ ਇੱਚ ਦੀ ਰੇਸਾਂ ਦੇ ਕੇ ਟੱਪਦੇ
ਬਸ ਏਹਨਾਂ ਦੇ ਮੂੰਹੋਂ ਨਿਕਲਦਾ
"ਰੱਬਾ ਰੱਬਾ ਮੀਂਹ ਵਰ੍ਹਾ ਸਾਡੇ ਕੋਠੀ ਦਾਣੇ ਪਾ"...ਘੁੱਦਾ

No comments:

Post a Comment