Monday 21 April 2014

ਨਿਰਲੱਜਾਂ ਦਾ ਹਾਸਾ

ਚਿੱਟੇ ਦੁੱਧ ਰੰਗੇ ਸਿਰਹਾਣੇਆਂ ਵਿੱਚ ਬੈਠੇ ਸੇਠ ਨੇ
ਪਤਲੇ ਫਰੇਮ ਦੀ ਐਨਕ ਵਿੱਚਦੀ ਸੁਰਜਨ ਸਿਹੁੰ ਵੱਲ ਵੇਖਿਆ
" ਸੁਰਜਨ ਸੈਂਅ ਹੋ ਗਿਆ ਭਾਈ ਤੇਰਾ ਹਸਾਬ, ਡੂਢ ਲੱਖ ਟੁੱਟਦਾ ਤੇਰੇ ਸਿਰ,
ਜੱਟ ਭਰਾ ਆਂ ਤੂੰ, ਦੋ ਰੁਪੈ ਵਿਆਜ ਈ ਲਾਇਆ ਸੈਂਕੜੇ ਨੂੰ"
ਕਿਸੇ ਆਸ ਨਾਲ ਪਿੰਡੋਂ ਲਿਆਂਦਾ ਜਵਾਰ ਦੇ ਬੀਅ ਆਲਾ ਖਾਲੀ
ਝੋਲਾ ਸੁਰਜਨ ਨੇ ਦੋਂਹ ਹੱਥਾਂ ਨਾਲ ਘੁੱਟਿਆ
ਖੱਬੇ ਪੈਰ ਦੇ ਪੱਬ ਤੇ ਟੰਗਕੇ ਜੁੱਤੀ ਨੂੰ ਝਾੜਿਆ
ਬੋਲੀ ਉਂਗਲ ਦੀ ਮਦਦ ਨਾਲ ਜੁੱਤੀ ਪਾਈ
ਤੇ ਪਿੰਡ ਦੀ ਮਿੰਨੀ ਬੱਸ ਜਾ ਚੜ੍ਹਿਆ
ਬੱਸ 'ਚ ਬਾਂਹ ਤੇ ਬਾਲਟੀ ਟੰਗੀ ਫਿਰਦੇ ਭਈਏ ਨੇ 'ਵਾਜ਼ ਕੱਢੀ
"ਛੋਲੇ ਛੋਲੇ ਦਾਲੇ ਦਾਲੇ, ਨਮਕੀਨੇ ਟੇਸਟੀ"
ਸੁਰਜਨ ਦੀ ਨਿਗਾਹ ਡਰੈਬਰ ਦੇ ਖੱਬੇ ਹੱਥ ਲੱਗੀ
ਨਾਨਕ ਦੀ ਫੋਟੋ ਤੇ ਟਿਕੀ ਰਹੀ
"ਹਾਂ ਬੁੜ੍ਹਿਆ ਕਿੱਥੇ ਜਾਣਾ , ਪੀਨਕ ਲਾਈ ਆ?"
ਕਨੈਟਰ ਦੇ ਖਰਵੇ ਬੋਲਾਂ ਨੇ ਸੁਰਜਨ ਸਿਹੁੰ ਨੂੰ ਜਗਾਇਆ
"ਘੁੱ.....ਘੁੱ.....ਘੁੱਦੇ ਜਾਣਾ ਭਾਈ"
ਕੁੜਤੇ ਦੀ ਉੱਤਲੀ ਜੇਬ ਦੀ ਲੁੱਪੀ ਖੋਲ੍ਹ ਸੁਰਜਨ ਨੇ ਬਟੂਆ ਕੱਢਿਆ
ਆੜ੍ਹਤੀਏ ਦੀ ਪਰਚੀ ਤੋਂ ਬਿਨ੍ਹਾਂ ਬੀਹਾਂ ਦਾ ਨੋਟ ਨਿਕਲਿਆ
ਘਰ ਦਾ ਮੋੜ ਮੁੜਦਿਆਂ ਕਿਸੇ ਬੋਲ ਮਾਰਿਆ
"ਕਿਮੇਂ ਸੁਰਜਨਾ ਵੇਚ ਆਇਆ ਕਣਕ ਕੁਣਕ"
ਸੱਜੀ ਬਾਂਹ ਖੜ੍ਹੀ ਕਰ ਸੁਰਜਨ ਸਿਹੁੰ ਨੇ ਹਾਂ 'ਚ ਜਵਾਬ ਦਿੱਤਾ
ਹੱਥ ਫੜ੍ਹਿਆ ਖਾਲੀ ਝੋਲਾ ਕਿੱਲੀ ਤੇ ਟੰਗ ਸੁਰਜਨ
ਅੰਦਰ ਜਾ ਵੜਿਆ
ਕਣਕ ਦੇ ਢੋਲ ਤੇ ਪਿਆ ਸਰਪੇਅ ਦਾ ਲੀਟਰ ਦੂਰੋਂ ਦਿੱਸਿਆ
ਖੱਬੇ ਹੱਥ ਨਾਲ ਕਾਕ ਮਰੋੜ ਸੁਰਜਨ ਸਿਹੁੰ
ਲੀਟਰ ਇੱਕੋ ਸਾਹੇ ਸੂਤ ਗਿਆ
ਹਾਰੇ 'ਚ ਪਾਉਣ ਜੋਗੀਆਂ ਪਾਥੀਆਂ ਚੁੱਕੀ ਆਉਂਦੀ ਬਚਨੋ
ਨੇ ਲੇਰ ਛੱਡੀ, " ਵੇ ਆਹ ਕੀ ਚੰਦ ਚਾੜ੍ਹਤਾ ਦੁਸ਼ਮਨਾ?"
ਸੁਰਜਨ ਦਾ ਨਿੱਕਾ ਪੁੱਤ ਮਾਂ ਦੀ ਸਲਵਾਰ ਨੂੰ ਚੁੰਬੜਿਆ
"ਹਾਏ ਬੀਬੀਏ ਭਾਪੇ ਨੂੰ ਕੀ ਹੋ ਗਿਆ?"
ਕਿਸੇ ਪਾਹੜੇ ਮੁੰਡੇ ਨੇ ਐਬੂਲੈਂਸ ਨੂੰ ਫੋਨ ਕੀਤਾ
ਪਿੰਡ ਦੀਆਂ ਗਲੀਆਂ ਵਿੱਚ ਧੂੜਾਂ ਪੱਟਦੀ ਐਬੂਲੈਂਸ ਪਿੰਡੋਂ ਬਾਹਰ ਹੋਈ
ਖੇਤ ਕੋਲੋਂ ਲੰਘਣ ਲੱਗਿਆਂ ਸੁਰਜਨ ਸਿਹੁੰ ਨੇ ਹਿਝਕੀ ਲਈ
ਮੂੰਹੋਂ ਝੱਗ ਨਿੱਕਲਕੇ ਦਾਹੜੀ ਵਿੱਚ ਜਾ ਰਲੀ
ਸਰੀਰ ਨੀਲਾ ਤੇ ਠੰਢਾ ਹੋਣਾ ਲੱਗਾ
ਟੱਬਰ ਦੀਆਂ ਚੀਕਾਂ ਕੂਕਾਂ ਹੋਰ ਉੱਚੀਆਂ ਹੋਣ ਲੱਗੀਆਂ
ਐਬੂਲੈਂਸ ਦੇ ਬਾਹਰਲੇ ਪਾਸੇ ਫੋਟੋ ਵਿੱਚ ਬੈਠਾ
ਚਿੱਟੀ ਦਾਹੜੀ ਤੇ ਨੀਲੀ ਪੱਗ ਆਲਾ
ਕੋਈ ਨਿਰਲੱਜ ਲੀਡਰ ਬੇਬਾਕ ਹੱਸ ਰਿਹਾ ਸੀ.....ਘੁੱਦਾ

No comments:

Post a Comment