Friday 19 April 2013

ਕੰਮ ਲੋਕਾਈ ਦੇ

ਵੱਡੀ ਨੂੰਹ ਕੋਲ ਕਾਕਾ ਜੰਮਿਆ, ਗਿਆ ਨਿੰਮ ਦਰਵਾਜ਼ੇ ਬੰਨ੍ਹਿਆ
ਚੁਫੇਰਿਓਂ ਮਿਲਣ ਵਧਾਈਆਂ ਜੀ
ਚਾਚੀਆਂ ਤਾਈਆਂ ਕੁੱਲ ਸਕੀਰੀਆਂ ਮੁੰਡਾ ਵੇਖਣ ਆਈਆਂ ਜੀ
ਖੰਡ ਪਾਠ ਦਾ ਭੋਗ ਪਵਾਤਾ, ਮੁਲਖ ਜਲੇਬੀਆਂ ਨਾਲ ਡਕਾਤਾ
ਬਸਤਾ ਮੋਢੇਆਂ ਉੱਤੇ ਪਾਤਾ, ਪੁੱਤ ਨੂੰ ਪੜ੍ਹਨ ਸਕੂਲ ਘਲਾਤਾ
ਚਾਰ ਜਮਾਤਾਂ ਪੜ੍ਹਜੂਗਾ, ਟੱਬਰ ਲਾਉਂਦਾ ਆਸਾਂ ਕਿਤੇ ਪੜ੍ਹਕੇ ਅੜਜੂਗਾ
ਚੜ੍ਹੀ ਜਵਾਨੀ, ਛੱਡ ਨਾਦਾਨੀ, ਨਿੱਕਾ ਕਰਗੇਆ ਦਸਮੀਂ ਜੀ
ਦੋ ਕਤਾਬਾਂ ਹੱਥ ਵਿੱਚ ਫੜ੍ਹਗੇ,
ਕਾਲਜ ਦੀ ਬੱਸ ਚੜ੍ਹ ਗਿਆ ਪਾਕੇ ਜ਼ੀਨ ਜੀ ਫਸਮੀਂ ਜੀ
ਪੱਚੀਮੇਂ ਵਰ੍ਹੇ ਤੀਕ ਨਾ ਮੁੱਕਣ ਏਹ ਕਾਰੋਬਾਰ ਪੜ੍ਹਾਈ ਦੇ
ਨਾ ਮੁੱਕਣ ਸਿਵਿਆਂ ਤੀਕਰ ਨਿੱਕਿਆ ਕੰਮ ਲੋਕਾਈ ਦੇ

ਬੁੱਢੇਆਂ ਹੁੰਦਿਆਂ ਤੱਕ ਜੋ ਘੜਦੇ ਰਹੇ ਵੱਟਾਂ ਨੂੰ
ਵੇਹਲੜ ਲੁੱਟਦੇ ਬੁੱਲ੍ਹੇ, ਭੋਰਾ ਵਿਹਲ ਨਾ ਜੱਟਾਂ ਨੂੰ
ਕਿਤੇ ਲਿਮਟ ਬੈਂਕ ਦੀ ਭਰਨੀ, ਸਪਰੇਅ ਗੁੱਲੀ ਡੰਡੇ ਤੇ ਕਰਨੀ
ਵੱਢਤੀ ਕਣਕ ਬੀਜਤੀ ਜ਼ੀਰੀ, ਪੈਸੇ ਲੈਕੇ ਟੱਪ ਗਿਆ ਸੀਰੀ
ਕਿਤੇ ਪੱਕੀ ਤੇ ਮੀਂਹ ਵਰ੍ਹ ਗਿਆ, ਰੱਬ ਜੱਗੋਂ ਤੇਰ੍ਹਮੀਂ ਕਰ ਗਿਆ
ਮੱਛੀ ਛੱਡਗੀ ਡੂੰਘਾ ਪਾਣੀ, ਹਾਏ ਓ ਡੁੱਬਦੀ ਜਾਏ ਕਿਸਾਨੀ
ਕੱਟ ਬਿਜਲੀ ਦੇ ਲੰਮੇ ਤੇ ਡੀਜ਼ਲ ਮਹਿੰਗਾ ਹੋ ਰਿਹੈ
ਚਿੱਟੀ ਦਾਹੜੀ ਬਾਬਾ ਕੈਲਾ ਬਹਿ ਮੋਟਰ ਤੇ ਰੋ ਰਿਹੈ
ਪੈਸੇ ਆੜ੍ਹਤ ਦੇ ਸਿਰ ਟੁੱਟਗੇ, ਪੁੱਤਰਾ ਕਰਮ ਆਪਣੇ ਫੁੱਟਗੇ
ਖੀਸੇ ਖਾਲੀ ਹੋਗੇ ਕਾਕਾ ਖਰਚੇ ਨਾ ਹੋਰ ਗਿਣਾਈ ਦੇ
ਨਾ ਮੁੱਕਦੇ ਸਿਵਿਆਂ ਤੀਕਰ ਨਿੱਕਿਆ ਕੰਮ ਲੋਕਾਈ ਦੇ

ਕਿਤੇ ਵਿਆਹ ਤੇ ਕਿਤੇ ਮਕਾਣਾਂ, ਪੈਂਦਾ ਹਰ ਇੱਕ ਥਾਂ ਤੇ ਜਾਣਾ
ਕਦੇ ਠਾਣਾ ਕਦੇ ਕਚੈਹਰੀ ਕਈ ਹੋਰ ਸਿਆਪੇ ਨੇ
ਪੰਦਰਾਂ ਹਜ਼ਾਰ ਲਵਾਤਾ ਨਿੱਕੀ ਕੁੜੀ ਦੇ ਜਾਪੇ ਨੇ
ਮੁੱਕਿਆ ਪਿਆ ਪਸੂਆਂ ਦਾ ਦਾਣਾ , ਉਹ ਵੀ ਪਿਹਾਉਣ ਚੱਕੀ ਤੇ ਜਾਣਾ
ਜਮਾਂਬੰਦੀ ਦੀ ਫਰਦ ਲਿਆਉਣੀ, ਵਿਰਾਸਤ ਪੁੱਤਰਾਂ ਨਾਂ ਚੜ੍ਹਾਉਣੀ
ਸਾਂਝੇ ਖਾਤੇ ਤਕਸੀਮ ਕਰਾਉਣੀ ,ਮਿਣਤੀ ਕਰਨੀ ਜ਼ਰੀਬ ਲਿਆਉਣੀ
ਉੱਤੋਂ ਕਾਰੀਗਰ ਨੂੰ ਘਰ ਸੱਦ ਲਿਆ ਨਮੀਂ ਬੈਠਕ ਪਾਉਣ ਲਈ
ਇੱਕ ਜਗਾੜੀ ਮਕੈਨਿਕ ਸੱਦਿਆ ਮੀਟਰ ਨੂੰ ਖੜ੍ਹਾਉਣ ਲਈ
ਢਿੱਡ ਆਵਦਾ ਨੰਗਾ ਹੁੰਦਾ ਘੁੱਦੇਆ ਝੱਗੇ ਨਹੀਂ ਉਠਾਈ ਦੇ
ਨਾ ਮੁੱਕਦੇ ਸਿਵਿਆਂ ਤੀਕਰ ਨਿੱਕਿਆ ਕੰਮ ਲੋਕਾਈ ਦੇ........ਘੁੱਦਾ

2 comments:

  1. ਅੰਮ੍ਰਿਤ ਵੀਰੇ ਕਮਾਲ ਕੀਤੀ ਪਈ ਐ . ਮਜ਼ਾ ਆ ਗਿਆ

    ReplyDelete
  2. bht vadhiya likhde ho veer ji tusi

    ReplyDelete