Friday 19 April 2013

ਇੱਕ ਚਿੱਠੀ ਯਾਰਾ

ਨਵਾਰ ਆਲਾ ਮੰਜਾ ਢਿੱਲੀ ਦੌਣ ਲਿਖਦੀਂ
ਛੱਤਾ ਮਾਖੋ ਮਖਿਆਲ ਕੀੜੇਆਂ ਦਾ ਭੌਣ ਲਿਖਦੀਂ
ਚੁੰਨੀਂ, ਗੋਟਾ, ਫੁਲਕਾਰੀ ਘੱਗਰੇ ਦੀ ਲੌਣ ਲਿਖਦੀਂ
ਸਾਉਣ, ਤੀਆਂ, ਗਿੱਧਾ ਘਟਾ ਘਨਘੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਟਰੈਲੀ, ਡਹੀ , ਡਾਲਾ ਨਾਲੇ ਹੁੱਕ ਲਿਖਦੀਂ
ਸਰੋਂ ਦੀ ਪਲੋਂ ਆਲੀ ਮੈਸਾਂ ਹੇਠ ਸੁੱਕ ਲਿਖਦੀਂ
ਖੇਡ ਪਿੱਲ ਚੋਟ, ਪਿੱਠੂ, ਡੰਡਾ ਟੁੱਕ ਲਿਖਦੀਂ
ਥੱਪਾ ਕੰਡ ਉੱਤੇ ਲਾਉਣਾ ਪੈਂਦਾ ਸ਼ੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਟੋਕੇ ਆਲੀ ਮਸ਼ੀਨ ਨਾ ਵੱਢਿਆ ਹੱਥ ਲਿਖਦੀਂ
ਕਿਰਸਾਨੀ ਦੀਆਂ ਗੱਲਾਂ ਪਿੰਡ ਦੀ ਸੱਥ ਲਿਖਦੀਂ
ਪਿਉ ਸੀ ਕਮਾਊ ਪੁੱਤ ਨਿਕਲੇ ਜੋ ਲੱਥ ਲਿਖਦੀਂ
ਨਹਿਰੀ ਬੰਦੀ ਨਾਲੇ ਛੱਡ ਗਿਆ ਪਾਣੀ ਬੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਪੰਡ ਚੱਕੀ ਭਾਰੀ ਤਾਂ ਚੜੀ ਨਾੜ ਲਿਖਦੀਂ
ਕਿੱਕਰਾਂ ਦੇ ਝਾਫੇ ਖੇਤਾਂ ਦਾਲੇ ਵਾੜ ਲਿਖਦੀਂ
ਪੋਹ ਮਾਘ ਦਾ ਸਿਆਲ ਗਰਮੀ ਚ ਹਾੜ ਲਿਖਦੀਂ
ਘੁੱਦੇ ਪਤਝੜ ਦੀ ਉਦਾਸੀ ਬਸੰਤ ਦੀ ਲੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ

ਘਰਾਂ ਨੁੰ ਜਿੰਦੇ ਤੇ ਜੇਲੀਂ ਡੱਕੇ ਪੁੱਤ ਲਿਖਦੀਂ
ਚੌਕਾਂ ਚ ਖਲੋਤੇ ਰੋਂਦੇ ਸ਼ਹੀਦਾਂ ਦੇ ਨੇ ਬੁੱਤ ਲਿਖਦੀਂ
ਕਈ ਵਰਿਆਂ ਪੁਰਾਣੀ ਗੁਲਾਮੀ ਦੀ ਏਹ ਰੁੱਤ ਲਿਖਦੀਂ
ਹੱਕਾਂ ਨੂੰ ਲਗਾਮ, ਜਰਵਾਣਿਆਂ ਦਾ ਜ਼ੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ
ਇੱਕ ਚਿੱਠੀ ਯਾਰਾ ਪਿੰਡੋਂ ਹੋਰ ਲਿਖਦੀਂ......ਘੁੱਦਾ

No comments:

Post a Comment