Friday 19 April 2013

ਨਮਾਂ ਕੰਪੂਟਰ

ਨੌਂਮੀ 'ਚ ਹੁੰਦੇ ਸੀ ਭਰਾਵਾ ਉਦੋਂ. ਦੋ ਹਜ਼ਾਰ ਛੀ ਦੀ ਗੱਲ ਆ। ਕੰਪੂਟਰ ਨਮੇਂ ਨਮੇਂ ਆਏ ਸੀ ਪਿੰਡਾਂ ਬੰਨੀਂ । ਅਸੀਂ ਰੋਟੀ ਟੁੱਕ ਛੱਡਤਾ ਤੇ ਘਰੇ ਗਰਾਰੀ ਪਾਲੀ ਬੀ ਕੰਪੂਟਰ ਚਾਹੀਦਾ ਤੇ ਹਾਰਕੇ ਬਾਪੂ ਅਰਗੇਆਂ ਨੇ ਕੰਪੂਟਰ ਲਿਆਂਦਾ ਭਰਾਵਾ। ਜਿੱਦੇ ਕੰਪੂਟਰ ਲਿਆਉਣਾ ਸੀ ਅਸੀਂ ਬਿੰਦੇ ਬਿੰਦੇ ਕੋਠੇ ਚੜ ਕੇ ਅੱਡੇ ਬੰਨੀਂ ਬੇਖੀਏ ਬੀ ਬਾਪੂ ਅਰਗੇ ਹੁਣ ਵੀ ਆਏ ਹੁਣ ਵੀ ਆਏ। ਹਾਣੀਸਾਰ ਨੂੰ ਆਥਣੇ ਸੱਤ ਕ ਬਜੇ ਆਗੇ ਭਰਾਵਾ। ਸਾਡੇਆਲੇ ਸੁਰਮੇਰੰਗੇ ਜੇ ਸ਼ਕੂਟਰ ਦੇ ਮੂਹਰੇ ਪੈਰ ਧਰਨ ਆਲੀ ਥਾਂ ਤੇ ਚੋਕ ਤੋਂ ਉੱਤਲੀ ਕੁੰਡੀ ਜੀ ਨਾ ਸੀ. ਪੀ. ਯੂ ਬੰਨਿਆ ਵਾ ਸੀ ਤੇ ਪਿਛਲੀ ਸੀਟ ਆਲੇ ਦੇ ਪੱਟਾਂ ਤੇ ਮੋਨੀਟਰ ਧਰਿਆ ਵਾ ਤੇ ਸਮੇਤ ਯੂ. ਪੀ. ਇੱਸ ਸੈੜ ਆਲੀ ਡਿੱਗੀ 'ਚ ਸਾਰਾ ਨਿੱਕ ਸੁੱਕ ਪਿਆ ਸੀ। ਆ ਕੀ ਭਰਾਵਾ ਪਹਿਲਾਂ ਤਾਂ ਦੋ ਕ ਦਿਨ ਜਕੇ ਜੇ ਬੀ ਕਿਤੇ ਨੇਜਾਣੀਏ ਸੁੱਚ ਸਂਚ ਜੀ ਗਲਤ ਨਾ ਨੱਪ ਦੀਏ । ਮੁੜਕੇ ਤਾਂ ਝਕਾ ਜੀ ਖੁੱਲਗੀ ਤੇ ਕੰਮੂਟਰ ਜਾ ਕੰਧਾਂ ਨਾ ਵੱਜ ਵੱਜ ਮੁੜਿਆ ਕਰੇ। ਚੋਰ ਸ਼ਪਾਹੀ ਖੇਡਣ ਆਲੀ ਸਾਰੀ ਜੰਤਾ ਆਜੇਆ ਕਰੇ ਭਰਾਬਾ। ਹੌਲੀਬੁੱਡ ਆਲੀਆਂ ਫਿਲਮਾਂ ਈ ਚੱਲਿਆ ਕਰਨ । ਅੰਗਰੇਜ਼ੀ ਤਾਂ ਉਤੌਂ ਦੀ ਟੱਪ ਜਿਆ ਕਰੇ ਊਂ ਫਿਲਮ 'ਚ ਗੱਲਾਂ ਘੱਟ ਕਰਿਆ ਕਰਨ ਤੇ ਘਸੁੰਨ ਬਾਹਲੇ ਧਰਦੇ ਸੀ । ਗਿੱਦੜਬਾਹੇਉਂ ਸਪੈਸਲ ਮੇਚ ਬਣਾਲਿਆ ਕੰਪੂਟਰ ਖਾਤਰ। ਦੋ ਸਪੀਕਰ 'ਤਾਹਾਂ ਕਣਸ ਤੇ ਧਰੇ ਵਏ ਸੀ ਮਲਬ ਬੀ ਪੂਰਾ ਜ਼ਬਦਰ ਕੰਮ ਸੀ ਫੁੱਲ। ਮੁਲਖ ਬੂਫ਼ਰਾਂ ਨੂੰ ਤੌੜੇ 'ਚ ਧਰਦਿਆ ਕਰੇ ਬੀ ਧਮਕ ਵੱਧ ਬਣੂੰ। ਮੁੜਕੇ ਪਿੰਨ ਡਰੈਬਾਂ ਨਾ ਗੇਮਾਂ ਭਰਲੀਆਂ , ਰੇਸਾਂ ਆਲੀਆਂ ਗੇਮਾਂ ਕੀਬੋਰਡ ਤੇ ਬਹਿ ਬਹਿ ਖੇਡਦੇ। ਛੇ ਸੱਤ ਸਾਲ ਹੰਢ ਗਿਆ ਕੰਪੂਟਰ । ਹੁਣ ਖਰਾਬ ਹੋਗਿਆ ਤੇ ਲੋਟ ਕਰਨਾ ਦਿੱਤਾ ਸੀ ਬਠਿੰਡੇ ਗੋਲ ਡਿੱਗੀ ਲਿਵੇ। ਪਰਸੋਂ ਪੁੱਛਣ ਗਿਆ ਬੀ ਸੂਤ ਹੋਗਿਆ ਕਿ ਨਹੀਂ। ਦੁਕਾਨ ਆਲਾ ਕਹਿੰਦਾ ਪਰਧਾਨ ਪੰਡ ਬੰਨੀ ਪਈ ਆ ਲੈਜਾ, ਏਹਦੇ ਪੁਰਜੇ ਨੀਂ ਮਿਲਦੇ ਹੁਣ......ਘੁੱਦਾ

No comments:

Post a Comment