Monday 6 May 2013

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ

ਦੂਜੀ ਸੰਸਾਰ ਜੰਗ ਚੱਲਣ ਤੋਂ ਪਹਿਲਾਂ ਗਾਂਧੀ ਤੇ ਅੰਗਰੇਜ਼ਾਂ ਵਿਚਾਲੇ ਇੱਕ ਸਮਝੌਤਾ ਹੋਇਆ। ਉਹ ਸਮਝੌਤੇ ਤਹਿਤ ਗਾਂਧੀ ਨੇ ਵਾਅਦਾ ਕੀਤਾ ਬੀ ਪੰਜਾਬ ਦੀ ਵੱਧ ਤੋਂ ਵੱਧ ਜੰਤਾ ਫੌਜ 'ਚ ਭਰਤੀ ਕਰਕੇ ਇੰਗਲੈਂਡ ਦੀ ਮਦਾਦ ਲਈ ਭੇਜੀ ਜਾਊ।
ਏਵੇਂ ਈ ਹੋਇਆ। ਵਿਸ਼ਵ ਯੁੱਧ ਮੁੱਕਾ। । ਨਾਜ਼ੀਵਾਦ ਤੇ ਫਾਸਿਸਵਾਦ ਮੁੱਕ ਗਿਆ। ਹਿਟਲਰ ਅਰਗੇ ਮਰ ਗਏ। ਇੰਗਲੈਂਡ ਸਮੇਤ ਕਈ ਦੇਸ਼ ਜੇਤੂ ਰਹੇ। ਦੂਜੇ ਵਿਸ਼ਵ ਯੁੱਧ ਵਿੱਚ 90,000 ਸਿੱਖ ਫੌਜੀ ਸ਼ਹੀਦ ਹੋਗੇ। ਗੌਰ ਕਰਿਓ ਪਰਧਾਨ ਨਾਂਏ ਮਗਰ ਕਿੰਨੀਆਂ ਜੀਰਮਾਂ ਲੱਗਕੇ ਨੱਬੇ ਹਜ਼ਾਰ ਬਣਦਾ। ਫੇਰ 1947 ਦਾ ਸਮਾਂ ਸੀ। ਲਾਹੌਰ 'ਚ ਇੱਕ ਮੀਟਿੰਗ ਸੀ। ਅੰਗਰੇਜ਼ ਅਫਸਰ, ਨਹਿਰੂ ਤੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਪਹੁੰਚੇ ਵਏ ਸੀ। ਅੰਗਰੇਜ਼ ਯੁੱਧ 'ਚ ਜਿੱਤ ਕਰਕੇ ਸਿੱਖਾਂ ਦੇ ਅਹਿਸਾਨਮੰਦ ਸੀ। ਇਸੇ ਕਾਰਨ ਅੰਗਰੇਜ਼ ਸਿੱਖਾਂ ਨੂੰ ਕੁਝ ਦੇਣਾ ਚਾਹੁੰਦੇ ਸੀ।
ਪਾਸੇ ਜੇ ਕਰਕੇ ਅੰਗਰੇਜ਼ ਅਫਸਰ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕੇ ਦੇਸ਼ ਦੀ ਵੰਡ ਮਗਰੋਂ ਮੁਸਲਮਾਨ ਪਾਕਿਸਤਾਨ ਚਲੇ ਜਾਣਗੇ, ਹਿੰਦੂ ਹਿੰਦੋਸਤਾਨ ਦੇ ਵਸਨੀਕ ਹੋਣਗੇ ਜੇ ਤੁਸੀਂ ਹੰਭਲਾ ਮਾਰੋ ਤਾਂ ਹੁਣ ਲੱਗਦੇ ਹੱਥ ਸਿੱਖਾਂ ਨੂੰ ਵੱਖਰਾ ਦੇਸ਼ ਦੇ ਦਿੰਨੇ ਆ।
ਤਾਰਾ ਸਿੰਘ ਸੋਂਚੀ ਪਿਆ ਰਿਹਾ ਤਾਂ ਨਹਿਰੂ ਨੇ ਲੱਤ ਓਤੋਂ ਦੀ ਕਰਲੀ। ਕਹਿੰਦਾ ਮਾਸਟਰ ਜੀ ਸਿੱਖ ਹਿੰਦੋਸਤਾਨ 'ਚ ਈ ਰਹਿਣਗੇ।
ਇਤਿਹਾਸ ਗਵਾਹ ਓਸ ਸਮੇਂ ਦਾ ਨਹਿਰੂ ਨੇ ਸਿੱਖਾਂ ਨੂੰ ਸੁਰੱਖਿਆ, ਅਜ਼ਾਦੀ ਤੇ ਨਾਗਰਿਕਤਾ ਦਾ ਭਰੋਸਾ ਦਿੱਤਾ। ਮਾਸਟਰ ਤਾਰਾ ਸਿੰਘ ਨਹਿਰੂ ਨਾਲ ਸਹਿਮਤ ਹੋਗੇ। ਵੇਖਿਆ ਜਾਵੇ ਤਾਂ ਮਾਸਟਰ ਤਾਰਾ ਸਿੰਘ ਨੇ ਉਸ ਸਮੇਂ ਮੁਤਾਬਕ ਠੀਕ ਕੀਤਾ ਸੀ। ਜੇ ਓਦੋਂ ਵੱਖਰਾ ਸਿੱਖ ਰਾਜ ਬਣਾ ਲੈਂਦੇ ਤਾਂ , 1947ਦੇ ਸਮੇਂ ਜੇ ਦਸ ਲੱਖ ਪੰਜਾਬੀਆਂ ਦਾ ਕਤਲ ਹੋਇਆ ਸੀ , ਉੱਥੇ ਈ ਇਹ ਗਿਣਤੀ ਪੰਦਰਾਂ ਲੱਖ ਨੇੜੇ ਪਹਿੰਚ ਜਾਂਦੀ ।
ਸਮਾਂ ਤੁਰਦਾ ਗਿਆ। ਲਾਹੌਰ ਪਰਾਇਆ ਹੋ ਗਿਆ। ਪੰਜਾਬ ਦੀ ਹਿੱਕ ਤੇ ਸਦੀਆਂ ਤੋਂ ਵਹਿੰਦੇ ਦਰਿਆ ਘਰ ਵਿਚਾਲੇ ਕੱਢੀ ਕੰਧ ਵੰਗੂ ਅੱਡ ਹੋਗੇ। ਪੰਜਾਬ , ਪੰਜਾਬ ਨਾ ਰਹਿਕੇ ਦੋ-ਆਬ ਈ ਰਹਿ ਗਿਆ।
ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਪੰਜਾਬੀ ਸੂਬੇ ਦੀ ਮੰਗ ਉੱਠੀ। ਪ੍ਰਧਾਨ ਮੰਤਰੀ ਦੀ ਉੱਚੀ ਕੁਰਸੀ ਤੇ ਬਹਿਕੇ ਨਹਿਰੂ ਨੂੰ ਹੇਠਾਂ ਪਾਵਿਆਂ ਕੋਲੇ ਤੁਰੀ ਫਿਰਦੀ ਸਿੱਖ ਜੰਤਾ ਦਿਸਣੋਂ ਬੰਦ ਹੋਗੀ। 1966 'ਚ ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਦੇਕੇ ਪੰਜਾਬੀਆਂ ਨੂੰ ਚੁੱਪ ਕਰਾਤਾ ਜਿਮੇਂ ਟੌਫੀ ਦਾ ਲਾਲਚ ਦੇਕੇ ਜਵਾਕ ਬਿਰਿਆਇਆ ਜਾਂਦਾ।
65, 71ਦੀਆਂ ਜੰਗਾਂ ਲੱਗੀਆਂ। ਸਿੱਖਾਂ ਰੈਜ਼ੀਮੈਟਾਂ ਦੇ ਫਾਨੇ ਲਾਤੇ ਸਰਕਾਰਾਂ ਨੇ,"ਸੀਖ ਬਹਾਦਰ ਕੌਮ ਹੈ,, ਚਲੋ ਸੀਖੋ ਮੈਦਾਨ ਜਿੱਤੋਂ"
ਬਾਜ਼ਾਂ ਆਲੇ ਨੇ ਖੌਣੀ ਕਿਹੜਾ ਬਰੂਦ ਭਰਿਆ ਏਹਨਾਂ 'ਚ। ਟੁੱਟਕੇ ਪੈਗੇ। ਜਿੱਥੇ ਕੰਮ ਕਲੋਟਾ ਹੁੰਦਾ ਸੀ ਉੱਥੇ ਸਿੱਖ ਫੌਜੀ ਕਲੇਜੇ ਨਾਲ ਬੰਬ ਬੰਨ੍ਹਕੇ ਮਨੁੱਖੀ ਬੰਬ ਬਣਦੇ ਰਹੇ ਪਰ ਭਾਰਤ ਨੂੰ ਜਾਅ ਨਾ ਆਉਣ ਦਿੱਤੀ। ਬੋਲੇ ਸੋ ਨਿਹਾਲ ਤੇ ਯਾ ਅਲੀ ਲੜਦੇ ਰਹੇ, ਨਮਸਤੇ ਪਾਸੇ ਖੜ੍ਹਾ ਤਮਾਸ਼ਾ ਦੇਖਦਾ ਰਿਹਾ। ਫੇਰ ਹਰੀ ਕ੍ਰਾਂਤੀ ਆਈ। ਜ਼ਮੀਨਾਂ ਨਸ਼ੇ ਤੇ ਲਾਕੇ ਵੱਧ ਤੋਂ ਵੱਧ ਅੰਨ ਪੈਦਾ ਕੀਤਾ ਗਿਆ ਤੇ ਭਾਰਤ ਦਾ ਢਿੱਡ ਭਰਿਆ। ਏਦੂੰ ਪਹਿਲਾਂ ਭੁੱਖ ਨਾਲ ਭਾਰਤ ਦੇ ਮਿਹਦੇ ਵਿੱਚ ਗਰਮੀ ਬੈਠੀ ਪਈ ਸੀ।
ਵਰਕੇ ਤੇ "ਅੰਨਦਾਤਾ" ਲਿਖਕੇ ਪੰਜਾਬ ਦੇ ਮੱਥੇ ਤੇ ਗੁੰਦ ਨਾ ਚਪੇਤਾ।
ਪਿੱਛਾ ਜਾ ਹਿਲਾਕੇ ਹਾਥੀ ਵਾਗੂੰ ਸਮਾਂ ਮੜ੍ਹਕ ਨਾਲ ਤੁਰਦਾ ਗਿਆ। ਏਨੀਆਂ ਕੁਰਬਾਨੀਆਂ, ਤੇ ਸੰਘਰਸ਼ਾਂ ਦਾ ਇਨਾਮ ਪੰਜਾਬ ਨੂੰ ਦਿੱਤਾ ਗਿਆ। ਟੈਕਾਂ ਦੀ ਬੈਰਲ 'ਚੋਂ ਨਿੱਕਲਦੇ ਗੋਲੇ ਕਿਸੇ ਤਖਤ ਨਾ ਖਹਿੰਦੇ ਰਹੇ। ਖੁੱਲ੍ਹੀ ਦਾਹੜੀ ਤੇ ਸਿਰ ਦਸਤਾਰ ਵਾਲਾ ਹਰਿੱਕ ਬੰਦਾ ਮੁਜ਼ਰਮ ਸੀ। ਹਰਮੰਦਰ ਸਰੋਵਰ ਦਾ ਪਾਣੀ ਰੰਗ ਵਟਾਉਣ ਲੱਗਾ। ਚਮੜੇ ਦੇ ਬੂਟ ਕੌਮ ਦਾ ਦਿਲ ਮਿੱਧਦੇ ਰਹੇ।
ਅੰਨਦਾਤਿਆਂ ਦੀਆਂ ਲਾਸ਼ਾਂ ਨਾ ਲੱਦੇ ਸਰਕਾਰੀ ਕੈਂਟਰਾਂ ਦੀਆਂ ਟੁੱਟੀਆਂ ਬਾਡੀਆਂ 'ਚੋਂ ਤਿੱਪ ਤਿੱਪ ਖੂਨ ਚਿਔਂਦਾ ਰਿਹਾ।
ਜਵਾਨੀ ਨੂੰ ਦੁੱਧ ਵੰਗੂ ਜਾਗ ਲੱਗੀ। ਉਂਗਲਾਂ ਅੰਗੜਾਈਆਂ ਲੈਕੇ ਕੱਠੀਆਂ ਹੋਈਆਂ ਤੇ ਮੁੱਕਾ ਬਣਿਆ।
ਹਲ ਪੰਜਾਲੀਆਂ ਦੇ ਜਾਣੂੰ, ਸੰਤਾਲੀਆਂ ਚਲਾਉਣ ਲੱਗੇ। ਪਿੰਡ ਪਿੰਡ ਚੱਪੜਚਿੜੀ ਦਾ ਮੈਦਾਨ ਬਣਨ ਲੱਗਾ । ਪਿੰਡਾਂ 'ਚ ਜੰਨ ਚੜ੍ਹਨ ਦੀ ਉਮਰ ਦਾ ਕੋਈ ਚੋਬਰ ਨਾ ਬਚਿਆ। ਅਸਲੀ ਦੀ ਇੱਕ ਕਾਰਬਨ ਕਾਪੀ ਨਿਕਲੀ। ਪੁਲਸ ਟਾਊਟਾਂ ਨੇ ਸਿੰਘਾਂ ਦਾ ਅਕਸ ਵਿਗਾੜਤਾ। ਗਲਤ ਨੇ ਉਹ ਲੋਕ ਜੇਹੜੇ ਏਸ ਲੜਾਈ ਨੂੰ ਹਿੰਦੂਆਂ - ਸਿੱਖਾਂ ਦੀ ਲੜਾਈ ਸਮਝਦੇ ਨੇ।
ਅੱਜ ਵੀ ਪਿੰਡਾਂ 'ਚ ਸਿੱਖਾਂ ਤੇ ਪੰਡਤਾਂ ਦਾ ਪੂਰਾ ਥਬਾਕ ਕਾਇਮ ਆ। ਭਾਰਤ ਦੀਆਂ ਦੋਹੇਂ ਪਾਰਟੀਆਂ ਕਾਂਗਰਸ ਭਾਜਪਾ ਹਿੰਦੂ ਵੋਟ ਬੈਂਕ ਹਾਂਿਆਉਣ ਖਾਤਰ ਏਹ ਕੁਝ ਕਰਦੀਆਂ ਰਹੀਆਂ।
ਨਵੰਬਰ, ਚਰਾਸੀ, ਦਿੱਲੀ। ਤਕਰੀਬਨ ਤਿੰਨ ਹਜ਼ਾਰ ਸਿੱਖਾਂ ਦਾ ਕਤਲ ਹੋਇਆ। ਟਾਇਰ ਬਣਾਉਣ ਆਲੀਆਂ ਕੰਪਨੀਆਂ ਨੂੰ ਪਹਿਲੀ ਆਰੀ ਪਤਾ ਲੱਗਾ ਬੀ ਟੈਰ ਕਾਰਾਂ ਗੱਡੀਆਂ ਖਾਤਰ ਈ ਨਹੀਂ ਬੰਦੇ ਫੂਕਣ ਖਾਤਰ ਵੀ ਹੁੰਦੇ ਨੇ। ਜਨੂੰਨ ਐਨਾ ਵੱਧ ਗਿਆ ਸੀ ਸਟੋਵ 'ਚ ਭਾਵੇਂ ਮਿੱਟੀ ਦਾ ਤੇਲ ਨਾ ਹੋਵੇ ਪਰ ਬੰਦੇ ਸਾੜਨ ਖਾਤਰ ਜ਼ਰੂਰ ਸੀ। ਪੁਲਸ ਦੀ ਉਸ ਕਾਰੁਜ਼ਗਾਰੀ ਤੋਂ ਹੀ "ਮੂਕ ਦਰਸ਼ਕ" ਸ਼ਬਦ ਹੋਂਦ ਵਿੱਚ ਆਇਆ ਹੋਣਾ। ਹਾਸਾ ਆਉਂਦਾ ਜਦੋਂ ਅੱਜ ਵੀ ਕਿਤਾਬਾਂ 'ਚ ਪੜ੍ਹੀਦਾ, "ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ"।
ਕਿਸ਼ੋਰੀ ਲਾਲ ਨਾਂ ਦੇ ਇੱਕ ਕਸਾਈ ਨੇ ਸੂਰ ਵੱਢਣ ਆਲੇ ਦਾਤਰ ਨਾਲ 7-8 ਸਿੱਖਾਂ ਦਾ ਕਤਲ ਕੀਤਾ। ਭਾਰਤੀ ਅਦਾਲਤ ਨੇ ਉਹਨੂੰ ਤਿੰਨ ਅੱਡੋ ਅੱਡ ਕੇਸਾਂ 'ਚ ਤੀਹਰੀ ਫਾਂਸੀ ਦੀ ਸਜ਼ਾ ਸੁਣਾਈ। ਉਹਨੇ ਉੱਤਲੀ ਅਦਾਲਤ 'ਚ ਰਿੱਟ ਪਾਤੀ, ਤੀਹਰੀ ਫਾਂਸੀ ਦੀ ਸਜ਼ਾ ਤੀਹਰੀ ਉਮਰ ਖੈਦ 'ਚ ਤਬਦੀਲ ਹੋਗੀ। ਮਤਲਬ ਸੱਠ ਸਾਲ ਕੈਦ । ਅਠਾਰਾਂ ਸਾਲ ਸਜ਼ਾ ਭੂਗਤ ਕੇ ਉਹ ਕਿਸ਼ੋਰੀ ਲਾਲ ਨੂੰ ਏਹ ਕਹਿਕੇ ਰਿਹਾਅ ਕੀਤਾ ਜਾ ਰਿਹਾ ਕਿ ਇਸ ਆਦਮੀ ਦਾ ਚਾਲ ਚੱਲਣ ਬਹੁਤ ਵਧੀਆ ਰਿਹਾ ਜੇਲ੍ਹ ਵਿੱਚ।
ਦੂਜੇ ਪਾਸੇ ਤਿੰਨ ਜੱਜਾਂ ਦੇ ਬੈਂਚ ਆਲੀ ਅਦਾਲਤ ਵੱਲੋਂ ਦੋ ਜੱਜਾਂ ਦੀ ਅਸਹਿਮਤੀ ਹੋਣ ਦੇ ਬਾਵਜੂਦ , ਅਠ੍ਹਾਰਾਂ ਉੱਨੀ ਸਾਲ ਕੈਦ ਭੁਗਤਣ ਦੇ ਬਾਵਜੂਦ ਸਿਰਦਾਰ ਭੁੱਲਰ ਨੂੰ ਭਾਰਤ ਸਰਕਾਰ ਨੇ ਫਾਂਸੀ ਲਾਉਣਾ। ਅਸ਼ਕੇ ਬਈ ਲੋਕਤੰਤਰ ਦੇ।
ਇੱਕ ਸਿੱਖ ਬੀਬੀ ਦੇ ਟੱਬਰ ਦੇ ਚੌਵੀ ਜੀਅ ਇੱਕੋ ਦਿਨ ਕਤਲ ਕੀਤੇ ਗਏ। ਦੋ ਬੰਦਿਆਂ ਦੇ ਗਲ ਵੱਢਕੇ ਥਾਲ 'ਚ ਰੱਖਕੇ ਸਿੱਖ ਬੀਬੀ ਸਾਹਮਣੇ ਪੇਸ਼ ਕਰਦੇਆਂ ਇੱਕ ਸਿਰ ਫਿਰਿਆ ਬੋਲਿਆ,"ਪਹਿਚਾਨੀਏ ਯੇਹ ਆਪ ਕੇ ਹੀ ਛੋਕਰੇ ਹੈਂ?" ਓਸ ਟੈਮ ਉਹ ਮਾਂ ਦਾ ਦਿਲ ਪੁੱਛਿਆਂ ਈ ਜਾਣਦਾਂ।
ਸਿਆਸਤ ਸਿੱਖਾਂ ਤੇ ਈ ਖਤਮ ਨਹੀਂ ਹੁੰਦੀ। 2002 ਦੇ ਗੋਧਰਾ ਕਾਂਡ 'ਚ ਮਾਰੇ ਗਏ ਇੱਕ ਹਜ਼ਾਰ ਮੁਸਲਮਾਨ ਨਰਿੰਦਰ ਮੋਦੀ ਦੀ ਜਿੱਤ ਦੀ ਨਿਓਂ ਬਣੇ। ਦਾਮਨੀ , ਗੁੜੀਆ ਬਲਾਤਕਾਰ ਪਿੱਛੋਂ ਦਿੱਲੀ ਦੇ ਮੱਥੇ ਤੇ ਤ੍ਰੇਲੀ ਆਗੀ।
2007 'ਚ ਓੜੀਸ਼ਾ 'ਚ ਪਤਾ ਨਹੀਂ ਕਿੰਨੀਆਂ ਕੁ ਇਸਾਈ ਕੁੜੀਆਂ ਦਾ ਬਲਾਤਕਾਰ ਹੋਇਆ ਸੀ। ਪਰਧਾਨ ਗੱਲ ਐਥੇ ਈ ਨਹੀਂ ਮੁੱਕਦੀ। ਜੰਮੂ 'ਚ ਭਾਰਤੀ ਫੌਜ ਬਥੇਰੀ ਆਰੀ ਮੁਸਲਿਮ ਕੁੜੀਆਂ ਦੇ ਬਲਾਤਕਾਰ ਕਾਰਨ ਸੁਰਖੀਆਂ 'ਚ ਰਹੀ ਆ।
ਪਰਸਿੱਧ ਇਨਕਲਾਬੀ ਮਹਿਲਾ ਪੱਤਰਕਾਰ ਅਰੁੰਧਤੀ ਰਾਏ ਨੇ ਲੇਖ ਲਿਖਿਆ ਸੀ ਅਫਜ਼ਲ਼ ਗੁਰੂ ਤੇ। ਆਮ ਬੰਦੇ ਨੂੰ ਘੜੀਸਕੇ ਫਾਂਸੀ ਤੱਕ ਲਿਜਾਣਾ ਭਾਰਤੀ ਸੰਵਿਧਾਨ ਦਾ ਹਿੱਸਾ ਬਣ ਗਿਆ। ਅਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਹੁਣ ਅਪ੍ਰੇਸ਼ਨ ਗਰੀਨ ਹੰਟ ਦੇ ਨਾਂ ਹੇਠ ਮਾਓਵਾਦੀ ਆਖਕੇ ਆਮ ਲੋਕਾਂ ਦਾ ਕਤਲ ਹੋ ਰਿਹਾ। ਉਹਨ੍ਹਾਂ ਮਾਓਵਾਦੀਆਂ ਦੀਆਂ ਔਰਤਾਂ ਵੀ ਏ.ਕੇ ਸੰਤਾਲੀ ਚਲਾਉਣਾ ਸਿੱਖ ਗਈਆਂ ਨੇ। ਹੁਣ ਪੰਜਾਬ 'ਚ ਵੱਖਰੇ ਸਿੱਖ ਰਾਜ ਦੀ ਮੰਗ ਚੱਜ ਨਾਲ ਨਹੀਂ ਉੱਠ ਰਹੀ। ਪਰ ਕੇਂਦਰ ਸਰਕਾਰ ਇਹੋ ਚਾਹੁੰਦੀ ਆ ਇਹ ਕੌਮ ਇਹ ਮੰਗ ਕਰੇ ਤਾਂ ਸਾਨੂੰ ਦੁਬਾਰੇ ਤੋਂ ਗੱਭਰੂ ਹੋਈ ਸਿੱਖ ਪਨੀਰੀ ਨੂੰ ਡੁੱਕਣ ਦਾ ਮੌਕਾ ਮਿਲੇ। ਹਾਲਾਤ ਦੱਸਦੇ ਨੇ ਅੱਗੇ ਸਮਾਂ ਚੰਗਾ ਨਹੀਂ। ਕਿਸੇ ਝੱਖੜ ਤੋਂ ਪਹਿਲਾਂ ਵਰਗੀ ਨਮੋਸ਼ੀ ਜਾਂ ਮੋਹਲੇਧਾਰ ਮੀਂਹ ਤੋਂ ਪਹਿਲਾਂ ਵਰਗਾ ਦਹਿਮ ਆ ਹੁਣ। ਪੰਛੀਆਂ ਦਾ ਚਚੋਲ੍ਹੜ ਦੱਸਦਾ ਕਿ ਖੁੱਡ 'ਚ ਸੱਪ ਜ਼ਰੂਰ ਬੈਠਾ। ਬੱਸ ਸਰਬੰਸਦਾਨੀਆ ਠੰਢ ਵਰਤਾਂਈ ਪੰਜਾਬ 'ਚ।

                                           ਯੂੰ ਹੀ ਉਲਝਤੀ ਰਹੀ ਹੈ ਜ਼ੁਲਮ ਸੇ ਖਲਕ
                                     ਨਾ ਉਨਕੀ ਰਸਮ ਨਈ ਹੈ ਨਾ ਅਪਣੀ ਰੀਤ ਨਈ ਹੈ
                                          ਯੂੰ ਹੀ ਉਗਾਏ ਹੈਂ ਹਮਨੇਂ ਅਗਨ ਮੇਂ ਫੂਲ
                                     ਨਾ ਉਨਕੀ ਹਾਰ ਨਈ ਹੈ ਨਾ ਅਪਣੀ ਜੀਤ ਨਈ ਹੈ

                                                                                                                         ਅੰਮ੍ਰਿਤ ਪਾਲ ਸਿੰਘ ਬੁੱਟਰ
                                                                                                                         ਪਿੰਡ ਤੇ ਡਾਕ- ਘੁੱਦਾ
                                                                                                                               ਬਠਿੰਡਾ

No comments:

Post a Comment