Monday 6 May 2013

ਤੱਕੜੀ

ਦੱਸਣ ਆਲੇ ਦੱਸਦੇ ਨੇ ਬੀ ਪੰਜਾਬ ਦੇ ਤਕਰੀਬਨ 12834 ਪਿੰਡ ਨੇ। ਪੰਜਾਬ ਦਾ ਵੱਡਾ ਵੋਟ ਬੈਂਕ ਪਿੰਡਾਂ ਚ ਈ ਆ। ਮਲਬ ਬੀ ਪੰਜਾਬ ਚ ਕੇਹੜੀ ਪਾਰਟੀ ਦੀ ਸਰਕਾਰ ਬਣੂੰ ਏਹ ਮੋਸਟਲੀ ਪਿੰਡਾਂ ਤੇ ਈ ਡਿਪੈਂਡ ਕਰਦਾ। ਜੋਤਸ਼ੀ ਟੇਵੇ ਲਾਉਦੇਂ ਨੇ, ਟੀਵੀਆਂ ਆਲੇ ਬਹਿਸਾਂ ਕਰਦੇ ਨੇ, ਤੇ ਅਖਬਾਰਾਂ ਭੂੰਗ ਆਲੀ ਟਰੈਲੀ ਅੰਗੂ ਡੱਟੀਆਂ ਆਉਦੀਆਂ ਏਹਨਾਂ ਖਬਰਾਂ ਨਾ ਬੀ ਕੇਹੜੀ ਸਰਕਾਰ ਅੱਗੇ ਬਣੂੰਗੀ। ਨਜੈਜ਼ ਟੈਮ ਚੱਕ ਕੰਮ ਆ ਏਹ ਲੰਡੂ ਸਟਰੱਕਚਰ ਬੇਮਤਲਬ ਨੇ ਏਹ ਗੱਲਾਂ।
ਅਸਲ ਚ ਪਿੰਡਾਂ ਚ ਹੁਣ ਵੀ ਭਰੱਪੇ ਤੌਰ ਤੇ ਵੋਟ ਪੈਂਦੀ ਆ। ਜੱਟਾਂ ਬੂਟਾਂ ਦੀ ਵੋਟ 'ਕਾਲੀ ਦਲ ਨੂੰ ਤੇ ਬਾਣੀਆਂ ਤੇ ਪੰਡਤਾਂ ਦੀ ਵੋਟ ਬਿਨਾਂ ਸ਼ੱਕ ਕਾਂਗਰਸ ਨੂੰ ਜਾਂਦੀ ਆ। ਵੋਟਾ ਵੇਲੇ ਹਰਮੰਦਰ ਸਾਬ ਹਮਲੇ ਦੀ ਗੱਲ ਛੇੜਕੇ ਕਾਲੀ ਦਲ ਚੋਖਾ ਫੈਦਾ ਖੱਟਦਾ । ਊਂ ਹੈਗੇ ਏਹੇ ਸਾਰੇ ਈ ਲੰਡੇ ਢੱਠੇ ਦੇ ਸਾਲੇ ਨੇ।
ਐਰਕੀਂ ਵਿਧਾਨ ਸਭਾ ਵੋਟਾਂ ਆਲੇ ਦਿਨ ਅਸੀਂ ਸਾਡੇ ਬਾਰ ਚ ਥੜੇ ਤੇ ਬੈਠੇ ਵੋਟਾਂ ਦੀ ਬਿੜਕ ਲੈਂਦੇ ਸੀ। ਮੁਲਖ ਬਿੜਕਾ ਭੰਨਦਾ ਸੀ ਬੀ ਪਹਿਲ, ਦੁੱਗ, ਤਿੱਗ ਲੰਬਰ ਤੇ ਕੇਹੜੀ ਪਾਲਟੀ ਆਊ। ਸਕੂਲ ਸਾਡੇ ਘਰਾਂ ਦੇ ਲਿਵੇ ਈ ਆ ਜਿੱਥੇ ਵੋਟਾਂ ਪੈਂਦੀਆਂ। ਸਾਡੇ ਘਰਾਂ ਦੇ ਚੜਦੇ ਬੰਨੀਂ ਢਿੱਲੋਂਆਂ ਦੇ ਘਰ ਨੇ । ਏਹ ਸਾਰੇ ਖੂਹਆਲੇਆਂ ਦੇ ਘਰ ਬੱਜਦੇ ਨੇ। ਵੋਟਾਂ ਆਲੇ ਦਿਨ ਸਾਡੇ ਆੜੀ ਬੀਤ ਖੂਹਆਲੇ ਦੀ ਬੀਬੀ ਤੇ ਮਾਸੀਆਂ ਅਰਗੀਆਂ ਵੋਟ ਭੁਗਤਾਕੇ ਸਕੂਲ ਬੰਨੀਂਉ ਮੁੜੀਆਂ ਆਉਣ। ਅਸੀਂ ਬੈਠੇ ਸੀ ਤੇ ਬੀਤ ਨੇ ਸਬੈਕੀ ਆਵਦੀ ਮਾਸੀ ਨੂੰ ਪੁੱਛਿਆ ਬੀ ਮਾਸੀ ਵੋਟ ਕੀਹਨੂੰ ਪਾਤੀ ? ਤਾਂ ਅੱਗੋਂ ਮਾਸੀ ਨੇ ਸਿੱਧਾ ਕਿਹਾ ਤੱਕੜੀ ਨੂੰ। ਬੀਤ ਕਹਿੰਦਾ ਮਾਸੀ ਐਂਰਕੀ ਮਨਪਰੀਤ ਨੂੰ ਵੋਟ ਪਾਉਣੀ ਸੀ ਤਾਂ ਮਾਸੀ ਨੇ ਬੜਾ ਸੋਹਣਾ ਜਵਾਬ ਦਿੱਤਾ ,"ਪੁੱਤ ਅਸੀਂ ਤਾਂ ਤੱਕੜੀ ਨੂੰ ਈ ਵੋਟ ਪਾਉਣੀ ਆ ਗਾਹਾਂ ਤੋਂ ਤੱਕੜੀ ਮਨਪਰੀਤ ਲੈ ਲਿਆ ਕਰੇ ਅਸੀਂ ਉਹਨੂੰ ਪਾ ਦਿਆ ਕਰਾਂਗੀਆਂ"।....ਘੁੱਦਾ

No comments:

Post a Comment