Monday 6 May 2013

ਸੁਣਿਆ ਆਉਦੇਂ ਸਿਆਲ ਤਾਂਈ

ਨਿੱਤ ਬਹਿ ਦਰਵਾਜੇ ਨੀਂ ਤੇਰੀ ਦਾਦੀ ਬੰਬਲ ਵੱਟੇ
ਨਗੰਦੇ ਜਾਣ ਗਦੈਲੇ ਨੀਂ ਨਾਲੇ ਰੰਗੇ ਜਾਣ ਦੁਪੱਟੇ
ਬੜਾ ਚਾਅ ਮੁਕਲਾਵੇ ਦਾ ਲੈਣ ਰੀਝਾਂ ਉੱਸਲਵੱਟੇ
ਕੱਲ ਕਨਸੋਆਂ ਲੈਂਦਿਆਂ ਦੀ ਲੰਘੀ ਦਿਹਾੜੀ ਸਾਰੀ
ਸੁਣਿਆ ਆਉਂਦੇ ਸਿਆਲ ਤਾਂਈ ਤੈਂ ਜਾਣਾ ਮਾਰ ਉਡਾਰੀ

ਬੈੱਡ ਬਣਗੇ ਟਾਹਲੀ ਦੇ ਪੱਖੀਆਂ ਨੂੰ ਝਾਲਰ ਲਾਤੀ
ਕੱਦ ਵੱਧ ਗਿਆ ਤੇਰਾ ਨੀਂ ਕੰਧ ਉੱਚੀ ਹੋਰ ਕਰਾਤੀ
ਕਾਂ ਬੋਲੇ ਬਨੇਰੇ ਤੇ ਝੱਟ ਚੂਰੀ ਕੁੱਟ ਖਵਾਤੀ
ਪੱਬ ਲੱਗਦੇ ਨਾ ਭੁੰਜੇ ਨੀਂ ਨਿੱਤ ਚੜੇਂ ਸ਼ੈਹਰ ਦੀ ਲਾਰੀ
ਸੁਣਿਆ ਆਉਦੇ ਸਿਆਲ ਤਾਂਈ .....

ਲਹਿੰਦੇ ਵੱਲ ਪਿੰਡ ਦੇ ਨੀਂ ਟੋਭੇ ਕੋਲ ਢਾਬ ਦੇ ਉਹਲੇ
ਸੀ ਥਾਂ ਰਮਣੀਕ ਬੜੀ ਸੂਰਜ ਛਿਪੇ ਟਟੀਹਰੀ ਬੋਲੇ
ਲੜ ਚੱਬਤੇ ਚੁੰਨੀ ਦੇ ਸੀ ਜਦ ਭੇਦ ਦਿਲਾਂ ਦੇ ਖੋਲੇ
ਸੱਕ ਆਗੇ ਰੁੱਖਾਂ ਤੇ ਜਿੱਥੇ ਨਾਂ ਲਿਖਿਆ ਪਹਿਲੀ ਵਾਰੀ
ਸੁਣਿਆ ਆਉਦੇਂ ਸਿਆਲ ਤਾਂਈ .....

ਹੱਥ ਧਰਕੇ ਸਿਰ ਉੱਤੇ ਸੀ ਇੱਕੋ ਫੈਸਲਾ ਕਰਿਆ
ਅੱਖਾਂ ਤੇਰੀਆਂ ਗਿੱਲੀਆਂ ਸੀ ਨਾਲੇ ਮੇਰਾ ਵੀ ਗੱਚ ਭਰਿਆ
ਸਰੀਰ ਸੁੰਨ ਜਾਪਦਾ ਸੀ ਲਹੂ ਰਗਾਂ ਵਿੱਚ ਠਰਿਆ
ਚੀਸ ਉੱਠੀ ਕਲੇਜੇ ਸੀ ਜਦ ਤੈਂ ਤੱਕਿਆ ਜਾਂਦੀ ਵਾਰੀ
ਸੁਣਿਆ ਆਉਦੇਂ ਸਿਆਲ ਤਾਂਈ ਨੀਂ ਤੈਂ ਜਾਣਾ ਮਾਰ ਉਡਾਰੀ..... ਘੁੱਦਾ

No comments:

Post a Comment