Friday 23 May 2014

ਤੇਜਾ ਤੇ ਜੀਤੋ

ਚੜ੍ਹਦੇ ਸੂਰਜ ਦੀ ਤਿੱਖੀ ਧੁੱਪ ਬੋਹੜ ਦੇ ਪੱਤਿਆਂ ਵਿੱਚੋਂ ਛਣਕੇ
ਪਰੈਮਰੀ ਸਕੂਲ ਦੇ ਖੁੱਲ੍ਹੇ ਵੇਹੜੇ ਵਿੱਚ ਜਾ ਖਿੱਲਰਦੀ
ਦੋਂਹ ਗੁੱਤਾਂ ਤੇ ਲਾਲ ਰੀਬਨ ਪਾਉਣ ਆਲੀ ਨਿੱਕੀ ਜੀਤੋ
ਯੂਰੀਏ ਦਾ ਖਾਲੀ ਗੱਟਾ ਵਿਛਾਕੇ ਤੇਜੇ ਜੋਗੀ ਥਾਂ ਮੱਲ ਲੈਂਦੀ
ਸ਼ੈਕਲ ਰੋੜ੍ਹੀ ਲਿਆਉਂਦੇ ਤੇਜੇ ਨੂੰ ਵੇਖ ਜੀਤੋ ਨੇ ਵਾਜ਼ ਮਾਰੀ
"ਆਜਾ ਤੇਜੇ ਮੈਂ ਤੇਰੇ ਜੋਗਰੀ ਥਾਂ ਮਲੱਕੀ ਆ"
ਝੋਲਾ ਮੋਢਿਓਂ ਲਾਹੁੰਦਿਆਂ ਤੇਜੇ ਨੇ ਖੁਸ਼ੀ ਦੱਸੀ
"ਜੀਤੋ ਮੈਂ ਕੈਂਚੀ ਸਿੱਖ ਗਿਆ ਸ਼ੈਕਲ ਦੀ, ਹੁਣ ਕਾਠੀ ਚਲਾਊਂਗਾ"
ਇੱਕੋ ਦਵਾਤ 'ਚੋਂ ਸ਼ਾਹੀ ਨਾਲ ਕਲਮਾਂ ਭਿਓਂ ਦੋਂਹੇ 'ਪੈਂਤੀ ਅੱਖਰੀਂ' ਲਿਖਦੇ
"ਹੈਂ ਨੀਂ ਜੀਤੋ , ਣਾਣੇ ਮੇਨੇ ਕੀ ਹੁੰਦਾ" ਤੇਜੇ ਨੇ ਪੁੱਛਿਆ
ਪੁੱਠੇ ਹੱਥ ਨਾ ਮੂੰਹ ਪੂੰਝ ਜੀਤੋ ਨੇ ਜਵਾਬ ਦਿੱਤਾ
"ਣਾਣਾ ਤਾਂ ਖਾਲੀ ਹੁੰਦਾ ਜਮਾਂ ਈ, ਨਾਲੇ ਤੂੰ ਪੜ੍ਹਕੇ ਵੱਡਾ ਅਪਸਰ ਬਣੀਂ,
ਆਪਾਂ ਦੋਮੇਂ ਵੱਡੋ ਹੋਕੇ ਵਾਹ ਕਰਾਮਾਂਗੇ"
ਚਾਅ ਨਾਲ ਤੇਜੇ ਨੇ ਗੀਤ ਛੇੜਿਆ, "ਇੱਕ ਤਾਰਾ ਵੱਜਦਾ ਵੇ...."
ਸਮਾਂ ਬੀਤਣ ਲੱਗਾ
ਸਕੂਲ ਦੇ ਬੋਹੜ ਦੀ ਜਗਾ ਬਹੁਮੰਜ਼ਲੀ ਇਮਾਰਤ ਬਣੀ
ਤੇਜਾ ਸ਼ੈਹਰ ਜਾ ਕੇ ਕਾਲਜ ਦਾਖਲ ਹੋਇਆ
ਪੀਰਡ ਲੈਕਚਰ ਬਣੇ, ਤੇ ਭੈਣਜੀਆਂ ਪਰੋਫੈਸਰ ਬਣੀਆਂ
ਉੱਚ ਪੜ੍ਹਾਈਆਂ ਕਰਕੇ ਤੇਜਾ ਨੌਕਰੀਆਂ ਲੱਭਣ ਲੱਗਾ
ਫਾਰਮ ਕਾਲੇ ਕਰ ਕਰ ਭੇਜਦਾ ਰਿਹਾ
ਤੇਜਾ ਅਫਸਰਾਂ ਨੂੰ ਚਾਹ ਪਾਣੀ ਨਾ ਦੇ ਸਕਿਆ
ਦਸਮੀਂ ਦੇ ਸਰਟੀਫਿਕੇਟ ਮੁਤਾਬਕ ਜੀਤੋ ਸਤਾਈ ਵਰ੍ਹਿਆਂ ਦੀ ਹੋਈ
ਵਿਆਹ ਦੀ ਗੱਲ ਤੁਰਦਿਆਂ ਜੀਤੋ ਨੇ ਬਾਪੂ ਮੂਹਰੇ ਤੇਜੇ ਦਾ ਜ਼ਿਕਰ ਕੀਤਾ
ਦੋ ਕਿੱਲੇ ਜ਼ਮੀਨ ਦਾ ਮਾਲਕ ਤੇਜਾ ਜੀਤੋ ਦੇ ਪਿਓ ਨੂੰ ਨਾਪਸੰਦ ਸੀ
ਘੱਟ ਕਮਾਈ ਤੇ ਬੇਰੁਜ਼ਗਾਰੀ ਤੇਜੇ ਦੇ ਇਸ਼ਕ ਤੇ ਭਾਰੂ ਬਣੀ
ਅੱਜ ਜੀਤੋ ਦਾ ਵਿਆਹ ਸੀ
ਸੱਥ 'ਚ ਬੈਠਿਆਂ ਮੁੰਡਿਆਂ ਤੇਜੇ ਨੂੰ ਟਕੋਰ ਲਾਈ
"ਤੂੰ ਤੇਜਿਆ ਕਿਮੇਂ ਬੋਤੇ ਅੰਨੂੰ ਬੁੱਲ੍ਹ ਸਿੱਟੇ ਆ?"
ਭਰੇ ਗੱਚ ਨਾ ਤੇਜੇ ਤੋਂ ਬੋਲ ਨਾ ਹੋਇਆ
ਕਸੀਆ ਚੁੱਕ ਖੇਤ ਨਰਮੇ 'ਚੋਂ ਕੱਖ ਮਾਰਨ ਚਲਾ ਗਿਆ
ਆਥਣੇ ਚਾਰ ਕ ਵਜੇ ਪਿੰਡ ਬੰਨੋਂ ਫੁੱਲਾਂ ਨਾ ਸਜੀ
ਗੱਡੀ ਫਿਰਨੀ ਮੁੜਕੇ ਪੱਕੀ ਸੜਕੇ ਪੈ ਗਈ
ਸੈਂਕੜੇ ਮਣ ਬੋਝ ਲੈਕੇ ਜੀਤੋ ਸਿਓਨੇ ਨਾ ਲੱਦੀ ਬੈਠੀ ਸੀ
ਕਸੀਏ ਦੇ ਬਾਂਹੇ ਤੇ ਠੋਡੀ ਰੱਖ ਤੇਜਾ ਵੇਂਹਦਾ ਰਿਹਾ
ਕੋਲ ਖੜ੍ਹੀ ਟਾਹਲੀ ਤੋਂ ਕੋਈ ਜਨੌਰ ਉੱਡਿਆ
ਅੱਖਾਂ 'ਚੋਂ ਕੈਦ ਅੱਥਰੂਆਂ ਨੇ ਸਬਰ ਤੋੜਿਆ
ਮੂਕੇ ਦੇ ਲੜ ਨਾਲ ਅੱਖਾਂ ਪੂੰਝ ਭਰੇ ਗੱਚ ਨਾਲ
ਤੇਜੇ ਨੇ ਗੀਤ ਛੇੜਿਆ
"ਇੱਕ ਤਾਰਾ ਵੱਜਦਾ ਵੇ".........ਘੁੱਦਾ

No comments:

Post a Comment