Sunday 9 February 2014

ਸਾਡੇ ਸਮੇਂ ਦੇ ਭਰਮ- ਭੁਲੇਖੇ ਤੇ ਰਿਵਾਜ

ਕੇਰਾਂ ਮੈਂ ਤੇ ਸਾਡੇ ਪਿੰਡ ਆਲੇ ਢਿੱਲੋਆਂ ਦਾ ਅਮਨਾ ਫਰੀਦਕੋਟੋਂ ਪਿੰਡ ਨੂੰ ਆਈ ਜਾਂਦੇ ਸੀ। ਮੈਨੂੰ ਮੇਦ ਆ 2009 ਦੀ ਗੱਲ ਆ ਏਹੇ। ਪਿੰਡ ਆਲੀ ਮਿੰਨੀ ਬੱਸ ਦੀ ਪਿਛਲੀ ਬਾਰੀ ਨੇੜਲੀਆਂ ਸੀਟਾਂ ਤੇ ਕਈ ਬਜ਼ੁਰਗ ਬੈਠੇ ਸੀ। ਉਹਨ੍ਹਾਂ ਵਿੱਚ ਇੱਕ ਅੱਧਖੜ ਉਮਰ ਦਾ ਪੜ੍ਹਿਆ ਲਿਖਿਆ ਬੰਦਾ ਬੈਠਾ ਸੀ। ਸੱਜੀ ਬਾਂਹ ਤੇ ਝੋਲਾ ਟੰਗੀ ਕਨੈਟਰ ਟਿਕਟਾਂ ਤੋਂ ਵੇਹਲਾ ਹੋਕੇ ਬਾਰੀ ਲਿਵੇ ਜਰਦਾ ਮਲਣ ਲਾਗਿਆ।  ਬਾਬੇਆਂ ਨੇ ਵਿਆਹਾਂ ਤੇ ਹੁੰਦੇ ਰਸਮੋ ਰਿਵਾਜਾਂ ਦਾ ਮੁੱਦਾ ਛੇੜ ਲਿਆ। ਮੁੱਦਾ ਬੜਾ ਚੰਗਾ ਸੀ। ਮੈਂ ਤੇ ਅਮਨਾ ਵੀ 'ਤਾਹਾਂ ਪੈਪ ਨੂੰ ਹੱਥ ਪਾਕੇ ਲੋਟ ਹੋਕੇ ਖੜ੍ਹਗੇ। ਗੱਲਬਾਤ ਬੜੀ ਲੰਮੀ ਸੀ। ਸੰਖੇਪ 'ਚ ਦੱਸਦਾਂ । ਬਾਬਿਆਂ ਦੀ ਗੱਲ ਦਾ ਮੁੱਢ ਏਹ ਸੀ ਕਿ ਪੁਰਾਣੇ ਸਮੇਂ ਦੀਆਂ ਲੋੜਾਂ ਅੱਜ ਦੇ ਸਮੇਂ ਵਿੱਚ ਰੀਤੀ ਰਿਵਾਜ ਬਣਗੇ ਨੇ।

ਪੁਰਾਣੇ ਸਮੇਂ ਬਰਾਤਾਂ, ਜੰਝਾਂ ਨੂੰ ਰਾਹਾਂ 'ਚ ਘੇਰਕੇ ਡਾਕੂ ਲੁੱਟ ਖੋਹ ਕਰ ਲੈਂਦੇ ਸੀ। ਏਸੇ ਕਰਕੇ ਲਾੜੇ ਦੇ ਹੱਥ ਆਵਦੀ ਰੱਖਿਆ ਖਾਤਰ ਤਲਵਾਰ ਫੜ੍ਹਾਈ ਜਾਂਦੀ ਸੀ। ਤੇ ਜੇ ਕਿਤੇ ਮਾਰਧਾੜ 'ਚ ਲਾੜਾ ਮਾਰਿਆ ਜਾਂਦਾ ਤਾਂ ਕੁੜੀ ਨੂੰ ਸਰਬਾਲੇ ਨਾਲ ਤੋਰ ਦਿੱਤਾ ਜਾਂਦਾ ਸੀ। ਏਸ ਕਰਿਆ ਸਰਬਾਲਾ ਲਾੜੇ ਦਾ ਹਾਣੀ ਈ ਬਣਾਇਆ ਜਾਂਦਾ ਸੀ।
ਜਦੋਂ ਸਹੁਰੇ ਘਰ ਬਾਰਾਤ ਢੁਕਦੀ ਤਾਂ ਲਾਗੀ ਦਰਵਾਜ਼ੇ ਦੀਆਂ ਚੂਲਾਂ ਤੇ ਸਰੋਂ ਦਾ ਤੇਲ ਚੋਂਦਾ ਸੀ ਤਾਂਕਿ ਚਿਰਰਰ ਚਿਰਰ ਦੀ ਅਵਾਜ਼ ਨਾ ਆਵੇ।  ਬਰਾਤ ਦੀ ਵਾਪਸੀ ਵੇਲੇ ਕੁੜੀ ਦੀ ਮਾਂ ਗੱਡੇ ਦੇ ਲੱਕੜ ਆਲੇ ਪਹੀਆਂ ਤੇ ਪਾਣੀ ਪਾਉਦੀ ਕਿਓਕੇ ਪਾਣੀ ਪਾਏ ਤੋਂ ਲੱਕੜ ਦੇ ਟੈਰ ਫੁੱਲ ਜਾਂਦੇ ਨਾਲੇ ਚੀਕੂੰ ਚੀਕੂੰ ਦੀ ਵਾਜ਼ ਨਾ ਕਰਦੇ। ਅੱਜ ਕੱਲ੍ਹ ਡੱਕੇਆ ਮੁਲਖ ਡਸਟਰ ਦੇ ਟੈਰਾਂ ਤੇ ਈ ਪਾਣੀ ਪਾਈ ਜਾਂਦਾ ਹੁੰਦਾ । ਮੁੱਕਦੀ ਗੱਲ ਏਹ ਆ ਕਿ ਪੁਰਾਣੇ ਵੇਲੇ ਦੀਆਂ ਲੋੜਾਂ ਅੱਜ ਦੇ ਸਮੇਂ ਵਿੱਚ ਰੀਤੀ ਰਿਵਾਜ ਨੇ।

ਪੰਜਾਬ ਦੇ ਵਹਿਮਾਂ ਭਰਮਾਂ ਅਤੇ ਰੀਤ ਰਿਵਾਜਾਂ ਬਾਰੇ ਸਤਿਕਾਰਯੋਗ ਗਿਆਨੀ ਗੁਰਦਿੱਤ ਸਿੰਘ ਤੇ ਵਣਜਾਰਾ ਬੇਦੀ ਸਾਹਬ ਨੇ ਬੜਾ ਜਚਾ ਕੇ ਵਿਸਥਾਰ ਨਾਲ ਲਿਖਿਆ ਵਾ। ਓਪਰੋਕਤ ਦੋਵੇਂ ਸਿਰਮੌਰ ਲੇਖਕ ਬਾਈ ਹੁਣ ਦੁਨੀਆਂ ਨੂੰ ਫਤਹਿ ਬੁਲਾ ਗਏ ਨੇ । ਉਹਨ੍ਹਾਂ ਨੇ 1960 ਦੇ ਨੇੜੇ ਤੇੜੇ ਦੇ ਮਹੌਲ ਬਾਰੇ ਲਿਖਿਆ। ਅੱਜ ਦੇ ਸਮੇਂ ਓਸ ਸਮੇਂ ਦੇ ਮਹੌਲ ਨਾਲੋਂ ਚੋਖਾ ਫਰਕ ਹੋਣ ਕਰਕੇ ਲੋਕਾਂ ਦੇ ਕੁਝ ਕ ਸ਼ਗਨ ਵਿਹਾਰ ਤੇ ਵਿਸ਼ਵਾਸ ਵੀ ਬਦਲਗੇ ਨੇ। ਏਹੇ ਸਾਰਾ ਲੇਖ ਕਿਸੇ ਵਿਸ਼ਵਾਸ, ਵਹਿਮ ਭਰਮ ਦੇ ਖਿਲਾਫ ਜਾਂ ਹੱਕ ਵਿੱਚ ਨਹੀਂ , ਬਸ ਸੋਬਤ ਈ ਮੌਜੂਦਾ ਲੋਕ ਵਿਸ਼ਵਾਸਾਂ ਤੇ ਚਾਨਣਾ ਪਾਉਣ ਬਾਬਤ ਈ ਆ।

ਪਿੰਡਾਂ ਦਿਆਂ ਲੋਕਾਂ ਦਾ ਹਰਿੱਕ ਕੰਮ ਵਹਿਮਾਂ ਭਰਮਾਂ ਨਾਲ ਈ ਸ਼ੁਰੂ ਹੋਕੇ, ਅਣਦੇਖੇ ਰੱਬ ਦੀ ਓਟ ਨਾਲ ਆਪੇ ਬਣਾਏ ਵਿਸ਼ਵਾਸਾਂ ਨਾਲ ਈ ਖਤਮ ਹੁੰਦਾ। ਨਿੱਕੇ ਹੁੰਦਿਆਂ ਜਦੋਂ ਕਦੇ ਦੰਦ ਹਿਲਦਾ ਹੁੰਦਾ ਤਾਂ ਕਰੜਾ ਜਾ ਜੇਰਾ ਕਰਕੇ ਪੱਟ ਲੈਂਦੇ। ਜਦੋਂ ਪੱਟਿਆ ਦੰਦ ਬੇਬੇ ਮੂਹਰੇ ਜਾਕੇ ਪੇਸ਼ ਕਰਨਾ ਤਾਂ ਉਹਨਾਂ ਏਹੋ ਦੱਸਣਾ ,"ਪੁੱਤ ਦੰਦ ਸੂਰਜ ਨੂੰ ਦੇਦੇ, ਫੇਰ ਨਮਾਂ ਆਜੂਗਾ" । ਦੰਦ ਨੂੰ ਰੂੰ 'ਚ ਵਲ੍ਹੇਟ ਕੇ ਕੋਠੇ ਤੇ ਖੜ੍ਹਕੇ ਸੂਰਜ ਨੂੰ ਆਖਣਾ ," ਸੂਰਜਾ ਸੂਰਜਾ ਪੁਰਾਣਾ ਦੰਦ ਲੈਜਾ , ਤੇ ਨਮਾਂ ਦੰਦ ਦੇਜਾ" । ਕਿਆ ਵਿਸ਼ਵਾਸ ਸੀ ।

ਜਦੋੋਂ ਕਿਸੇ ਘਰੇ ਮੁੰਡਾ ਜੰਮਦਾ ਤਾਂ ਕਿਸੇ ਹੱਥ ਸਿਨਿਆਂ ਭੇਜ ਲਾਗੀ ਨੂੰ ਸੱਦਿਆ ਜਾਂਦਾ। ਸੂਤਰੀ ਨਾਲ ਗੰਢਾਂ ਦੇ ਦੇ ਨਿੰਮ ਬੂਹੇ ਵਿੱਚ ਬੰਨ੍ਹਿਆ ਜਾਂਦਾ, ਵਿੱਚ ਛਣਕਣੇ ਜਾਂ ਬੁਲਬਲੇ ਫਲਾਕੇ ਬੰਨ੍ਹੇ ਜਾਂਦੇ ਨੇ। ਨਾਲੇ ਤਾਂ ਮੁੰਡਾ ਜੰਮੇ ਦੀ ਨਿਸ਼ਾਨੀ , ਨਾਲੇ ਓਪਰੀਆਂ ਰੂਹਾਂ ਤੋਂ ਬਚਾਓ। ਸੁਨਿਆਰੀ ਕਾਲੇ ਧਾਗੇ 'ਚ ਘੁੰਗਰੂ ਪਰੋ ਕੇ ਤੜਾਗੀ ਬਣਾ ਕੇ ਨਿਆਣੇ ਦੇ ਲੱਕ ਨਾਲ ਬੰਨ੍ਹ ਜਾਂਦੀ। ਅਖੇ ਚੰਗੀ ਹੁੰਦੀ ਆ ਏਹਵੀ। ਕਈ ਲੋਕ ਹੁਣ ਵੀ ਦਸੀ , ਪੰਜੀ 'ਚ ਮੋਰੀ ਕਰਕੇ ਧਾਗਾ ਪਾਕੇ ਨਿਆਣੇ ਦੇ ਗਲ ਪਾ ਦੇਂਦੇ ਨੇ। ਜੇ ਕਿਸੇ ਘਰ ਮਸਾਂ ਮਸਾਂ ਮੁੰਡਾ ਹੋਇਆ ਹੋਵੇ ਤਾਂ ਸੱਤ ਵੱਖ ਵੱਖ ਜਾਤਾਂ ਦੇ ਘਰਾਂ ਤੋਂ ਪੈਸੇ ਕੱਠੇ ਕਰਕੇ ਮੁੰਡੇ ਦੇ ਕੰਨ ਨੱਤੀ ਪਾਈ ਜਾਂਦੀ ਆ।

ਜੇ ਕਦੇ ਘਰੇ ਸੱਪ ਦਿਸ ਜਾਂਦਾ ਮਾਤਾ ਹੋਣੀਂ ਹੱਟੀ ਤੋਂ ਸਵਾ ਰੁਪੈ ਦੀ ਸ਼ੱਕਰ ਮੰਗਾਕੇ ਵੰਡ ਦੇਂਦੀਆਂ ਨੇ। ਨਾਲੇ ਕੱਚੀ ਲੱਸੀ ਦਾ ਛਿੱਟਾ ਦਿੱਤਾ ਜਾਂਦਾ । ਕਿਹਾ ਜਾਂਦਾ ਸੱਪ ਨੂੰ ਮਾਰਿਓ ਨਾ, ਨਹੀਂ ਤਾਂ ਸੱਪਣੀ ਵੈਰ ਪੈ ਜਾਂਦੀ ਆ ਬੰਦੇ ਦੇ। ਅਖੇ ਸੱਪ ਦੀਆਂ ਅੱਖਾਂ ਵਿੱਚ ਫੋਟੋ ਆ ਜਾਂਦੀ ਆ ਮਾਰਨ ਆਲੇ ਦੀ। ਖੌਣੀ ਸਹੁਰਾ ਕੇਹੜੇ ਲੈਂਜ਼ ਨਾਲ ਫੋਟੋ ਖਿੱਚਦਾ ਬੰਦੇ ਦੀ।
ਸੱਪ ਤੋਂ ਬਚਣ ਖਾਤਰ ਗੁੱਗਾ ਪੂਜਿਆ ਜਾਂਦਾ। ਆਟੇ ਦੇ ਸੱਪ ਬਣਾਏ ਜਾਂਦੇ ਨੇ । ਰੋਹੀ ਬੰਨੀਂ ਕਰੀਰਾਂ ਕੋਲ ਜਾਕੇ ਮੱਥਾ ਟੇਕਿਆ ਜਾਂਦਾ। ਸੇਵੀਆਂ ਬਣਾਕੇ ਸ਼ਗਨ ਵਿਹਾਰ ਜਾ ਕਰਦੀਆਂ ਬੀਬੀਆਂ।

ਹਾੜ੍ਹ ਸਾਉਣ ਮੀਂਹ ਦੀ ਕਿੱਲਤ ਹੋਣ ਤੇ ਗੁੱਡੀ ਫੂਕਦੇ ਨੇ ਲੋਕ। ਕੁੜੀਆਂ ਚਿੜੀਆਂ ਨਕਲੀ ਜਾ ਹਊ ਕਲਾਪ ਵੀ ਕਰਦੀਆਂ ਨੇ। ਸਾਡੇ ਹੁਣ ਵੀ ਰਬਾਜ ਹੈਗਾ । ਲੱਕੜਾਂ ਆਲੇ ਬੋਹੜ ਕੋਲ ਅਰਥੀ ਲਿਜਾਕੇ ਗੁੱਡੀ ਫੂਕੀ ਜਾਂਦੀ ਆ। ਨਿੱਕੇ ਹੁੰਦੇ ਅਸੀਂ ਬੋਹੜ ਦੀ ਦਾਹੜੀ ਨਾਲ ਝੂਟੇ ਲਈ ਜਾਂਦੇ ਤੇ ਬੀਬੀਆਂ ਗੁੱਡੀ ਫੂਕਦੀਆਂ। ਗੁਲਗਲਿਆਂ ਦੇ ਪੰਜ ਸੱਤ ਟੋਕਰੇ ਪਕਾਏ ਜਾਂਦੇ । ਅਸੀਂ ਤੇਲ ਆਲੇ ਗੁਲਗਲੇ ਜੇਬਾਂ 'ਚ ਪਾ ਲੈਂਦੇ ਤਾਂ ਲੀੜੇ ਥਿੰਦੇ ਹੋ ਜਾਂਦੇ, ਜੇਸ ਕਰਕੇ ਘਰੋਂ ਸਿਰੋਪੇ ਵੀ ਪੈਂਦੇ ਰਹੇ। ਏਹ ਖੌਣੀ ਕੀ ਵਰਤਾਰਾ ਹੁੰਦਾ ਸੀ, ਮੇਰੀ ਸੰਭਾਲਾ 'ਚ ਗੁੱਡੀ ਫੂਕਦਿਆਂ ਫੂਕਦਿਆਂ ਦੋ ਆਰੀ ਪੂਰਾ ਕਿਆਰੇ ਭਰ ਮੀਂਹ ਵਰ੍ਰਿਆ ਸੀ। ਕੁਦਰਤੀ ਹੀ ਸਹੀ, ਪਰ ਕਰੈਡਿਟ ਗੁੱਡੀ ਫੂਕਣ ਨੂੰ ਮਿਲ ਜਾਂਦਾ।

ਸੱਜਰ ਮਹਿੰ ਦੇ ਗਲ ਛਿੱਤਰ ਵੱਢਕੇ ਪਾਇਆ ਜਾਂਦਾ ਹੁਣ ਵੀ। ਜੇ ਕਿਸੇ ਡੰਗ ਮਹਿੰ ਨਾ ਮਿਲੇ ਕਿਹਾ ਜਾਂਦਾ ਫਲਾਣੇ ਦੀ ਨਜ਼ਰ ਲਾਗੀ। ਫੇਰ ਪੰਡਤ ਤੋਂ ਪਾਣੀ ਕਰਾਕੇ ਮਹਿੰ ਦੇ ਪਿੰਡੇ ਤੇ ਛਿੱਟੇ ਮਾਰੇ ਜਾਂਦੇ । ਨਿੱਕੇ ਹੁੰਦੇ ਕਈ ਵੇਰਾਂ ਪੰਡਤ ਤੋਂ ਪਾਣੀ ਕਰਾਉਣ ਮੈਨੂੰ ਭੇਜਿਆ ਜਾਂਦਾ। ਗੱਦੀ ਤੇ ਬੈਠਾ ਪੰਡਤ ਮੰਤਰ ਪੜ੍ਹਕੇ ਪਾਣੀ ਆਲੇ ਡੋਲੂ 'ਚ ਫੂਕਾਂ ਮਾਰਦਾ। ਬੇਬੇ ਹੋਣੀ ਨਜ਼ਰ ਲੱਗਣ ਨੂੰ "ਪਸੂ ਟਪਾਰਿਆ ਗਿਆ" ਵੀ ਕਹਿੰਦੇ ਨੇ।
ਚੰਗੀ ਮਹਿੰ ਦੀ ਤਰੀਫ ਇਓ ਕੀਤੀ ਜਾਂਦੀ ,"ਪਰਧਾਨ ਮੱਝ ਤਾਂ ਫਲਾਣੇ ਦੀ ਆ ਜਰ, ਉੱਤੇ ਮੰਜਾ ਡਹਿੰਦਾ" । ਮੰਜਾ ਡਾਹਕੇ ਖੌਣੀ ਕੀ ਸੌਹਰੇਆਂ ਨੇ ਤਾਸ਼ ਖੇਡਣੀ ਹੁੰਦੀ ਆ ਉੱਤੇ ਬਹਿ ਕੇ । ਨਜ਼ਰ ਲਾਉਣ ਆਲੇ ਦੇ ਪੈਰ ਦੀ ਮਿੱਟੀ ਚਾਕੇ ਚੁੱਲ੍ਹੇ ਸਾੜੀ ਜਾਂਦੀ । ਮਿਰਚਾਂ ਆਲੇ ਟੂਣੇ ਦਾ ਪਤਾ ਈ ਆ ਸਾਰੇਆਂ ਨੂੰ।

ਕੇਰਾਂ ਚੌਥੀ 'ਚ ਪੜ੍ਹਦਿਆਂ ਮੇਰੀ ਸੱਜ ਲੱਤ ਤੇ ਪਿਲਕਰੇ ਜੇ ਹੋਗੇ ਸੀਗੇ। ਪਿਲਕਰਿਆਂ 'ਚ ਪਾਣੀ ਜਾ ਭਰਕੇ ਫਿੱਸ ਜਿਆ ਕਰਨ। ਹਰੇਕ ਆਖਿਆ ਕਰੇ ਪਰਧਾਨ ਕੀੜਾ ਛੂਹ ਗਿਆ । ਸੱਪ ਛੂਹਣ ਨੂੰ ਕੀੜਾ ਛੂਹਣਾ ਕਿਹਾ ਜਾਂਦਾ। ਬੇਬੇ ਦੇ ਹੁਕਮ ਮੁਤਾਬਕ ਮੈਂ ਪਿੰਡ 'ਚ ਬਾਬੇ ਦਰਬਾਰੇ ਕੋਲੋਂ ਥੌਹਲਾ ਪਵਾਉਣ ਜਾਂਦਾ ਸੀ। ਅੱਕ ਦੀ ਡਾਹਣੀ ਨਾਲ ਬਾਬਾ ਥੱਲੇ ਬਹਿਕੇ ਥੌਹਲਾ ਪਾਇਆ ਕਰੇ। ਥੌਹਲਾ ਪਾਉਣ ਸਮੇਂ ਬਾਬਾ ਬਾਹਲੀਆਂ ਉਬਾਸੀਆਂ ਲੈਂਦਾ ਸੀ । ਵੱਧ ਉਬਾਸੀਆਂ ਆਉਣਾ ਏਸ ਗੱਲ ਦੀ ਪਕਿਆਈ ਹੁੰਦੀ ਸੀ ਬੀ ਹਾਂ ਸੱਚਿਓਂ ਸੱਪ ਛੂਹਿਆ ਏਹਦੇ ਤਾਂ। ਸ਼ੱਕਰ ਵੰਡਣ ਆਲਾ ਫਾਰਮੂਲਾ ਫੇਰ ਰਪੀਟ ਕੀਤਾ ਜਾਂਦਾ ਸੀ।

ਕੁਦਰਤੀ ਕਰੋਪੀ ਤੋਂ ਬਚਣ ਖਾਤਰ ਹੜਿੱਪਾ ਜਾਂ ਮੁਹਿੰਜਦੋੜੋ ਦੇ ਲੋਕ ਈ ਹੀਲਾ ਨਹੀਂ ਸਨ ਕਰਦੇ । ਮੇਰੇ ਪਿੰਡ ਘੁੱਦੇ ਦੇ ਲੋਕ ਵੀ ਕੁਦਰਤੀ ਕਰੋਪੀ ਤੋਂ ਬਚਣ ਖਾਤਰ ਮਿੰਨਤ ਤਰਲਾ ਕਰਦੇ ਨੇ। ਹਰੇਕ ਸਾਲ ਸਾਡੇ ਪਿੰਡੋਂ ਦਾਣਿਆਂ ਦੀ ਟਰੈਲੀ ਭਰਕੇ ਸਾਡੇ ਗੁਆਂਢੀ ਪਿੰਡ ਕੋਟਲੀ ਦੇ ਡੇਰੇ ਮੱਥਾ ਟੇਕਿਆ ਜਾਂਦਾ। ਦਹਾਕਿਆਂ ਪੁਰਾਣੀ ਇਹ ਮਿੱਥ ਆ ਲੋਕਾਂ ਦੀ ਕਿ ਕੋਟਲੀ ਮੱਥਾ ਟੇਕਣ ਨਾਲ ਪਿੰਡ ਦਾ ਗੜੇ ਕਾਕੜੇ ਤੋਂ ਬਚਾਅ ਹੋ ਜਾਂਦਾ।  ਕੇਰਾਂ ਮੈਨੂੰ ਯਾਦ ਆ ਸਾਡੀ ਸਭ ਤੋਂ ਵੱਡੀ ਭੈਣ ਦਾ ਵਿਆਹ ਬੰਨ੍ਹਿਆ ਵਾ ਸੀ । ਰਾਤ ਨੂੰ ਚੰਗਾ ਮੀਂਹ ਪਿਆ ਤੇ ਵਾਹਵਾ ਗੜੇ ਡਿੱਗੇ। ਬਾਪੂ ਹੋਣਾਂ ਨੇ ਵੱਡੀ ਭੈਣ ਤੋਂ ਗੜ੍ਹੇ ਭੰਨਾਏ ਸੀਗੇ। ਏਹ ਮਿੱਥ ਆ ਲੋਕਾਂ ਦੀ ਕਿ ਜੇ ਜੇਠੀ ਧੀ ਗੜ੍ਹੇ ਭੰਨੇ ਤਾਂ ਗੜ੍ਹਾ ਕਾਕੜਾ ਰੁਕ ਜਾਂਦਾ।

ਬਿਜਲੀ ਕੜ੍ਹਕਦਿਆਂ ਮਾਮੇ ਭਾਣਜੇ ਨੂੰ ਕੱਠਿਆਂ ਨਹੀਂ ਬੈਠਣ ਦਿੱਤਾ ਜਾਂਦਾ। ਕੇਰਾਂ ਬਿਜਲੀ ਕੜ੍ਹਕਦਿਆਂ ਦਾਦੀ ਨੇ ਮੈਨੂੰ ਆਖਿਆ ਸੀ ਕਿ ਬਿਜਲੀ ਕੜਕਣ ਸਮੇਂ "ਧੰਨ ਬਾਬਾ ਫਰੀਦ " ਆਖਣਾ ਚਾਹੀਦਾ। ਪੁੱਛਣ ਤੇ ਦਾਦੀ ਨੇ ਦੱਸਿਆ ਸੀ ਕਿ ਇੱਕ ਆਰੀ ਬਾਬੇ ਫਰੀਦ ਨੇ ਅਸਮਾਨੀ ਬਿਜਲੀ ਨੂੰ ਤੌੜੇ 'ਚ ਕੈਦ ਕਰਕੇ ਸਿਰਹਾਣੇ ਰੱਖ ਲਿਆ ਸੀ। ਫੇਰ ਬਾਬੇ ਫਰੀਦ ਨੇ ਏਹ ਸ਼ਰਤ ਤੇ ਬਿਜਲੀ ਨੂੰ ਰਿਹਾਅ ਕੀਤਾ ਸੀ ਕਿ ਜਿੱਥੇ ਬਾਬੇ ਫਰੀਦ ਦਾ ਨੌਂ ਲਿਆ ਜਾਵੇਗਾ ਓਥੇ ਬਿਜਲੀ ਕਦੇ ਨਈਂ ਡਿੱਗੂਗੀ। ਨਿੱਕੇ ਦਿਮਾਗ 'ਚ ਏਹ ਗੱਲਾਂ ਬੜਾ ਘਰ ਕਰਦੀਆਂ ਸੀ।  ਕਿਆ ਕਹਾਣੀ ਆ , ਝੂਠ ਹੀ ਸਹੀ ਪਰ ਪਿਆਰਾ ਤਾਂ ਹੈ।

ਵਿਆਹਾਂ ਵੇਲੇ ਲਾਈ ਮਹਿੰਦੀ ਜੇਹੜੀ ਕੁੜੀ ਦੇ ਵੱਧ ਗੂਹੜੀ ਚੜ੍ਹੇ ਤਾਂ ਸਮਝਿਆ ਜਾਂਦਾ ਉਹਦਾ ਸੱਸ ਨਾਲ ਪਿਆਰ ਵਧੇਰੇ ਆ। ਏਮੇਂ ਜਿਮੇਂ ਚੁੱਲ੍ਹੇ ਮੂਹਰੇ ਬੈਠਿਆ ਜਿਸ ਬੰਨੀਂ ਧੂੰਆਂ ਆਵੇ ਉਹਨੂੰ ਵੀ ਸੱਸ ਦਾ ਪਿਆਰਾ ਸਮਝਿਆ ਜਾਂਦਾ। ਪੀੜ੍ਹੀ ਦਾ ਮੂਧਾ ਮਾਰਨਾ ਮਾੜਾ ਸਮਝਿਆ ਜਾਂਦਾ, ਅਖੇ ਇਓ ਕਰਕੇ ਪੀੜ੍ਹੀ ਮੂਧੀ ਵੱਜ ਜਾਂਦੀ ਆ ਮਲਬ ਕਿ ਅੱਗੇ ਅਣਸ ਵਿੱਚ ਵਾਧਾ ਨਈਂ ਹੁੰਦਾ। ਕਿਸੇ ਦੇ ਉੱਤੋਂ ਦੀ ਲੰਘਣਾ ਮਾੜਾ ਹੁੰਦਾ ਅਖੇ ਏਸ ਤਰਾਂ ਕਰਨ ਨਾਲ ਅਗਲੇ ਦਾ ਕੱਦ ਨਿੱਕਾ ਰਹਿ ਜਾਂਦਾ।  ਘਰੇ ਅਨਾਰ, ਬੋਹੜ , ਪਿੱਪਲ ਵਰਗੇ ਰੁੱਖਾਂ ਦਾ ਹੋਣਾ ਬੁਰਾ ਸਮਝਿਆ ਜਾਂਦਾ ਬੀ ਬੋਹੜ ਪਿੱਪਲ ਸਾਧ ਹੁੰਦੇ ਨੇ ਏਹੇ ਉਜਾੜ ਭਾਲਦੇ ਨੇ।  ਅਸਲ ਕਾਰਨ ਏਹ ਹੋ ਸਕਦਾ ਕਿ ਬੋਹੜ ਵਰਗੇ ਰੁੱਖ ਥਾ ਬਾਹਲੀ ਘੇਰਦੇ ਨੇ ਤਾਂ ਕਰਕੇ ਏਹਨਾਂ ਦਾ ਘਰੇ ਹੋਣਾ ਸੂਤ ਨਈਂ ਆਉਂਦਾ।

ਮਾਲਵੇ 'ਚ ਖਾਸ ਕਰ ਬਠਿੰਡੇ ਜਿਲ੍ਹੇ 'ਚ ਖੇਤਪਾਲ ਤੇ ਲਾਲਾਂ ਆਲੇ ਬਾਬੇ ਦੀ ਬੜੀ ਪੂਜਾ ਕਰੀ ਜਾਂਦੀ ਆ ਹੁਣ ਵੀ। ਸਾਡੇ ਬੜੇ ਲੋਕ ਗਰਮੀ ਦੀ ਰੁੱਤੇ ਰੋਟ ਪਕਾਉਂਦੇ ਨੇ। ਧਰਤੀ ਨੂੰ ਤਪਾ ਕੇ ਗੁੜ ਤੇ ਹੋਰ ਨਿੱਕ ਸੁੱਕ ਪਾਕੇ ਮੋਟਾ ਸਾਰਾ ਰੋਟ ਪਕਾਇਆ ਜਾਂਦਾ। ਰੋਟ ਪਕਾਉਣ ਆਲਾ ਘਰ ਆਂਢ ਗੁਆਂਢ 'ਚ ਸੱਦਾ ਦੇ ਜਾਂਦਾ। ਅਸੀਂ ਘਰੋਂ ਲਫਾਫਾ ਲੈ ਜਾਂਦੇ ਤੇ ਮੁੱਠੀ 'ਚ ਇੱਕ ਦੋ ਰੁਪੈ ਜਾਂ ਦੋ ਕ ਲੱਪ ਦਾਣੇ ਲੈ ਜਾਂਦੇ ਮੱਥਾ ਟੇਕਣ ਜੋਗਰੇ। ਮੈਂ ਕਦੇ ਮੱਥਾ ਨਹੀਂ ਟੇਕਿਆ ਸੀ ਪਰ ਰੋਟਾਂ ਦਾ ਲਿਫਾਫਾ ਜ਼ਰੂਰ ਭਰਕੇ ਲਿਆਈਦਾ ਸੀ। ਗਰਮੀ ਦੇ ਦੁਪੈਹਰਿਆਂ ਦੀ ਭੁੱਖ ਸ਼ਾਤ ਕਰਨ ਖਾਤਰ ਵਾਹਵਾ ਰੋਟ ਚੱਬੇ ਜਾਂਦੇ। ਏਹ ਰੋਟ ਲਾਲਾਂ ਆਲੇ ਬਾਬੇ ਅਤੇ ਮਲੇਰਕੋਟਲੇ ਆਲੇ ਬਾਬੇ ਨੂੰ ਖੁਸ਼ ਕਰਨ ਖਾਤਰ ਪਕਾਏ ਜਾਂਦੇ ਨੇ।

ਸਾਡੇ ਘਰਾਂ ਨੇੜਲੇ ਜੰਡ ਤੇ ਹਲੇ ਵੀ ਖੰਭਣੀਆਂ ਤੇ ਸੰਧੂਰ ਦਾ ਢੇਰ ਲੱਗਾ ਰਹਿੰਦਾ। ਬੀਬੀਆਂ ਖਾਣ ਚੀਜ਼ ਦਾ ਮੱਥਾ ਟੇਕ ਜਾਂਦੀਆਂ ਤੇ ਜਿਓ ਈ ਬੀਬੀਆਂ ਦੂਜੇ ਪਾਸੇ ਮੂੰਹ ਭਉਂਦੀਆਂ , ਕੁੱਤਿਆਂ ਜੋਗੀ ਚੰਗੀ ਖੁਰਾਕ ਜੰਡ ਦੇ ਮੁੱਡ ਨਾਲ ਪਈ ਹੁੰਦੀ ਆ। ਕੁੱਤਾ ਤਾਂ ਬੰਦੇ ਨੂੰ ਸਮਝਾਉਂਦਾ ਪਰ ਬੰਦਾ ਨਈਂ ਸਮਝਦਾ ਹਲੇ।

ਖੂਹ ਪੱਟਣ ਵੇਲੇ ਜਾਂ ਨਮਾਂ ਬੋਰ ਕਰਨ ਵੇਲੇ ਮਿਸਤਰੀ ਅੱਜ ਵੀ ਖਵਾਜੇ ਪੀਰ ਨੂੰ ਥਿਆਉਂਦੇ ਨੇ। ਵਿਆਹ ਸਮੇਂ ਕੜਾਹੀ ਚੜ੍ਹਾਉਣ ਵੇਲੇ ਅਤੇ ਨਮੇਂ ਮਕਾਨ ਦੀ ਨਿਓ ਧਰਨ ਵੇਲੇ ਵੀ ਏਹੋ ਜਾ ਸ਼ਗਨ ਵਿਹਾਰ ਕੀਤਾ ਜਾਂਦਾ। ਗੁੜ ਦੀ ਡਲੀ, ਸਰੋਂ ਦਾ ਤੇਲ ਤੇ ਜਰੀ ਕੁ ਹਲਦੀ, ਮੁੱਠ ਕ ਕਣਕ ਦੇ ਦਾਣੇ ਏਸ ਕੰਮ ਖਾਤਰ ਵਰਤੇ ਜਾਂਦੇ ਨੇ। ਮੱਥਾ ਟੇਕਕੇ ਗੁੜ ਵੰਡ ਦਿੱਤਾ ਜਾਂਦਾ ।

ਲੰਘੇ ਸਾਲ ਦੀ ਇੱਕੀ ਨਵੰਬਰ ਨੂੰ ਸਾਡੀ ਦਾਦੀ ਹੋਣੀ ਚਲ ਵਸੇ । ਸਸਕਾਰ ਤੋਂ ਤੀਏ ਦਿਨ ਫੁੱਲ ਚੁਗਣ ਦੀ ਰਸਮ ਸੀ। ਸਿਵੇ ਦੇ ਸਿਰ ਆਲੇ ਪਾਸੇ ਚਾਰ ਡੰਡੀਆਂ ਗੱਡਕੇ ਉੱਤੋਂ ਕੱਚਾ ਧਾਗਾ ਵਲੇਟਿਆ ਗਿਆ। ਚਾਰ ਖੁਸ਼ਕ ਰੋਟੀਆਂ ਰੱਖਕੇ ਉੱਤੇ ਚੌਲਾਂ ਦੇ ਦਾਣੇ ਤੇ ਗੁੜ ਦੀਆਂ ਚਾਰ ਭੇਲੀਆਂ ਰੱਖਤੀਆਂ । ਹਾਸੋ ਹੀਣਾ ਕੰਮ ਸੀ, ਕਿਓਕੇ ਸਾਡੀ ਦਾਦੀ ਨੇ ਸਾਰੀ ਉਮਰ ਐਨੀ ਮਾੜੀ ਰੋਟੀ ਨਈਂ ਖਾਧੀ ਸੀ। ਫੁੱਲ ਚੁਗਕੇ ਉੱਤੇ ਲੋਈ ਪਾਕੇ ਸਿਵਾ ਕੱਜਤਾ। ਕਿਹਾ ਜਾਂਦਾ ਔਰਤ ਦੇ ਪੇਕਿਆਂ ਤੋਂ ਲਿਆਂਦੇ ਲੀੜੇ ਨਾਲ ਈ ਸਿਵਾ ਕੱਜਿਆ ਜਾਂਦਾ। ਮਰਕੇ ਵੀ ਪੇਕਿਆਂ ਤੋਂ ਆਸ ਦੀ ਆਸ ਰੱਖੀ ਜਾਂਦੀ ਆ ।

ਏਕਰਾਂ ਜੂਨ ਦੀਆਂ ਛੁੱਟੀਆਂ ਸਮੇਂ ਅਸੀਂ ਕਿੱਕਰਾਂ ਛਾਵੇਂ ਮੰਜੀ ਡਾਹੀ ਬੈਠੇ ਸੀ । ਓਦੋਂ ਜੇ ਬੀਬੀ ਦੀ ਜਾੜ੍ਹ ਵਾਹਵਾ ਦੁਖਦੀ ਸੀ। ਦੇਸੀ ਨੁਸਖਿਆਂ ਨੇ ਕੰਮ ਨਾ ਕੀਤਾ। ਕੋਲੋਂ ਲੰਘੇ ਜਾਂਦੇ ਜੋਗੀ ਨੂੰ ਰੋਕਕੇ ਸਾਰੀ ਮਰਜ਼ ਦੱਸੀ। ਜੋਗੀ ਤੇ ਕਹਿਣ ਤੇ ਮੈਂ ਘਰੋਂ ਨਟ ਬੋਲਟਾਂ ਆਲੇ ਡੱਬੇ 'ਚੋਂ ਮੇਖ ਚੁੱਕ ਲਿਆਇਆ । ਜੋਗੀ ਨੇ ਮੰਤਰ ਜਾ ਪੜ੍ਹਕੇ ਮੇਖ ਮੰਦਰਕੇ ਫੜ੍ਹਾਤੀ। ਜੋਗੀ ਦੇ ਦੱਸਣ ਮੁਤਾਬਕ ਮੇਖ ਕਿੱਕਰ 'ਚ ਗੱਡਤੀ ਜੀਹਨੂੰ ਜਾੜ੍ਹ ਠੇਕਣਾ ਕਿਹਾ ਜਾਂਦਾ। ਦੋ ਚਹੁੰ ਦਿਨਾਂ ਬਾਅਦ ਸਬੱਬੀਂ ਦਰਦ ਠੀਕ ਹੋ ਗਿਆ ਤੇ ਬੇਬੇ ਦਾ ਜੋਗੀਆਂ ਤੇ ਯਕੀਨ ਹੋਰ ਪੱਕਾ ਹੋ ਗਿਆ।

ਸਾਡੇ ਐਥੇ ਛੱਪੜ ਦੇ ਨਾਲ ਮੜ੍ਹੀਆਂ ਬਣੀਆਂ ਵਈਆਂ ਨੇ। ਨਵੀਆਂ ਵਿਆਹੀਆਂ ਜੋੜੀਆਂ ਏਥੇ ਆਕੇ ਮਿੱਟੀ ਕੱਢਦੀਆਂ। ਦੋ ਕੁ ਮੁੱਠ ਮਿੱਟੀ ਕੱਢਕੇ ਸੈੜ ਤੇ ਕਰ ਦੇਂਦੇ ਨੇ। ਏਹਨੂੰ ਚੰਗਾ ਸ਼ਗਨ ਮੰਨਿਆ ਜਾਂਦਾ। ਪਰਾਰ ਨਰੇਗਾ ਆਲੇ ਮਜ਼ਦੂਰਾਂ ਨੇ ਸਾਰੇ ਛੱਪੜ ਦੀ ਮਿੱਟੀ ਕੱਢੀ ਸੀ। ਜੇ ਐਨੀ ਮਿੱਟ ਕੱਢਣ ਦੇ ਬਾਵਜੂਦ ਉਹਨ੍ਹਾਂ ਦਾ ਕੋਈ ਭਲਾ ਨਈਂ ਹੋਇਆ ਤਾਂ ਦੋ ਕੁ ਲੱਪ ਮਿੱਟੀ ਕੱਢਣ ਵਾਲੇਆਂ ਦਾ ਭਲਾ ਕਿਮੇਂ ਹੋ ਸਕਦਾ?
ਏਹ ਭੇਦ ਮੈਨੂੰ ਸਮਝ ਨਈਂ ਆਇਆ।

ਸਾਡੇ ਘਰੇ ਕਰੂਏ ਦੇ ਵਰਤ ਰੱਖਣ ਦਾ ਰਿਵਾਜ ਮੁੱਢਾਂ ਤੋਂ ਈ ਹੈਨੀ। ਪਰ ਜਦੋਂ ਦੀਵੇ ਦੇਣ ਆਲੀ ਬੇਬੇ ਘਰੇ ਆਉਂਦੀ ਆ ਤਾਂ ਉਹ ਕਰੂਏ ਦੀਆਂ ਠੂਠੀਆਂ ਵੀ ਦੇ ਜਾਂਦੀ ਆ। ਦੀਵੇ ਤੇ ਕਰੂਏ ਦੀਆਂ ਠੂ੍ਠੀਆਂ ਵੱਟੇ ਉਹਨੂੰ ਦਾਣੇ ਪਾਏ ਜਾਂਦੇ ਨੇ। ਦੀਵਾਲੀ ਆਲੇ ਦਿਨ ਲੋਕ ਆਵਦੇ ਜਵਾਕਾਂ ਨੂੰ ਬਾਬਾ ਆਖ ਕੇ ਰੋਟੀ ਖਵਾਉਂਦੇ ਨੇ ਨਾਲੇ ਨਮੇਂ ਲੀੜੇ ਸਮਾਕੇ ਦਿੱਤੇ ਜਾਂਦੇ ਨੇ ਬਾਬਿਆਂ ਦੇ ਨੌਗੇ ਦੇ। ਸਾਡੀ ਇੱਕ ਗੁਆਂਢਣ ਬੇਬੇ ਸਬ੍ਹਾਤ ਦੇ ਆਲੇ 'ਚ ਗਿੱਦੜਪੀੜੀ ਰੱਖਦੀ ਆ ਹਲੇ ਵੀ। ਦੀਵਾਲੀ ਆਲੇ ਦਿਨ ਵੱਡੇ ਦੀਵੇ 'ਚ ਗਿੱਦੜਪੀੜੀ , ਵੜੇਵੇਂ ਤੇ ਸਰੋਂ ਦਾ ਤੇਲ ਪਾਕੇ ਕੌਲੇ ਤੇ ਰੱਖਕੇ ਬਾਲਿਆ ਜਾਂਦਾ। ਗਿੱਦੜਪੀੜੀ ਵੱਡੇ ਤੜਕੇ ਤੱਕ ਬਲਦੀ ਰਹਿੰਦੀ ਆ, ਜੇਹਨੂੰ ਚੰਗਾ ਮੰਨਿਆ ਜਾਦਾਂ।

ਏਹੋ ਜੇ ਨਿੱਕੇ ਨਿੱਕੇ ਵਹਿਮ ਭਰਮ ਹਰੇਕ ਸੱਭਿਆਚਾਰ 'ਚ ਲਾਜ਼ਮੀ ਹੁੰਦੇ ਨੇ। ਲੋਕਾਂ ਦੇ ਜੀਵਨ ਦੀ ਹਰੇਕ ਘਟਨਾ ਏਹਨਾਂ ਨਾਲ ਅੰਦਰੋਂ ਜੁੜੀ ਵਈ ਹੁੰਦੀ ਆ। ਸਭ ਤੋਂ ਖਾਸ ਗੱਲ ਕਿਸੇ ਸੱਭਿਆਚਾਰ ਦੇ ਰੀਤੀ ਰਿਵਾਜਾਂ, ਅਖਾਣਾਂ, ਲੋਕ - ਤੱਥਾਂ ਨੂੰ ਸਾਭ ਕੇ ਰੱਖਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਰਦਾਂ ਮੁਕਾਬਲੇ ਬੀਬੀਆਂ ਵੱਡਾ ਹਿੱਸਾ ਪਾਉਂਦੀਆਂ ਨੇ। ਬਾਬੇਆਂ ਦੀ ਵਰੋਸਾਈ ਪੰਜਾਬ ਦੀ ਧਰਤੀ ਤੇ ਮੁੱਢਾਂ ਤੋਂ ਤੁਰੇ ਆਉਂਦੇ ਇਹ ਭਰਮ ਭੁਲੇਖੇ ਖੌਣੀ ਕਦ ਤੱਕ ਜਾਰੀ ਰਹਿਣ। ਜੇ ਨਿੱਕੇ ਨਿੱਕੇ ਵਹਿਮ ਪਾਲਕੇ ਬੇਬੇ ਹੋਣਾਂ ਨੂੰ ਮਾਨਸਿਕ ਤ੍ਰਿਪਤੀ ਮਿਲਦੀ ਆ ਤਾਂ ਏਹਤੋਂ ਸਸਤਾ ਸੌਦਾ ਕੋਈ ਨਈਂ। ਸਰਬੰਸਦਾਨੀ ਠੰਢ ਵਰਤਾਈਂ।
                                                                                                               

                                                                                                                ਅੰਮ੍ਰਿਤ ਪਾਲ ਸਿੰਘ
                                                                                                                ਪਿੰਡ ਤੇ ਡਾਕ- ਘੁੱਦਾ
                                                                                                               ਜਿਲ੍ਹਾ ਵਾ ਤਹਿ- ਬਠਿੰਡਾ

No comments:

Post a Comment