Sunday 9 February 2014

ਚਾਹ

ਸਿਆਣੇ ਦੱਸਦੇ ਨੇ ਬੀ ਅੰਗਰੇਜ਼ ਚੀਨੀ ਦੇ ਕੱਪ 'ਚ ਦੋ ਕ ਘੁੱਟਾਂ ਚਾਹ ਕੁਸ ਸੋਚਣ ਵੇਲੇ ਪੀਂਦੇ ਹੁੰਦੇ ਸੀਗੇ । ਚਾਹ ਪੀਣ ਵੇਲੇ ਵਾਹਵਾ ਪੀਨਕ ਜੀ ਲੱਗ ਜਾਂਦੀ ਆ। ਸੰਤਾਲੀ 'ਚ ਅੰਗਰੇਜ਼ ਬੱਗਗੇ।
ਓਦੋਂ ਬਾਅਦ ਸਾਡੇ ਮੁਲਖ ਨੇ ਚਾਹ ਪੀਣ ਖਾਤਰ ਬੱਠਲਾਂ ਬੱਠਲਾਂ ਜਿੱਡੇ ਕੌਲੇ ਚੱਕਲੇ। ਪੈਰ ਦੀ ਦਾਬ ਦੇਕੇ ਛਿਟੀਆਂ ਦਾ ਲੱਕ ਤੋੜਕੇ ਰੁੱਗ ਜਾ ਬਣਾਕੇ ਚੁੱਲ੍ਹੇ ਡਾਹ ਦੇਂਦੇ ਨੇ। ਅੱਗ ਬਾਲਕੇ ਪਤੀਲੇ 'ਚ ਦੋ ਸੇਰ ਪਾਣੀ ਕਾੜ੍ਹਕੇ ਅੱਧ ਪਾ ਪੱਕੀ ਪੱਤੀ ਠੋਕਕੇ ਵਿੱਚੇ ਪਾਈਆ ਪੱਕਾ ਗੁੜ ਪਾ ਦੇਂਦੇ ਨੇ ਕੜ੍ਹਦੇ ਪਾਣੀ 'ਚ। ਤੋਕੜ ਮਹਿੰ ਦਾ ਅੱਠ ਜ਼ੀਰੋ ਫੈਟ ਆਲਾ ਦੁੱਧ ਪਾਕੇ ਆਖਣਗੇ ਬਣਗੀ ਚਾਹ।
ਪਿੰਡਾਂ 'ਚ ਚਾਹ ਦਾ ਬੱਝਮਾਂ ਟੈਮ ਹੁੰਦਾ ਤੜਕੇ ਪੰਜ ਵਜੇ, ਫੇਰ ਰੋਟੀ ਮਗਰੋਂ ਗਿਆਰਾਂ ਆਲੀ ਚਾਹ ਫੇਰ ਦੋ ਆਲੀ, ਫੇਰ ਆਥਣੇ ਪੰਜ ਕ ਬਜੇ। ਜੇਹੜੇ ਮੇਰੇ ਅਰਗੇ ਦੀ ਘਰੇ ਪੁੱਛ ਪੜਤਾਲ ਨੀਂ ਹੁੰਦੀ ਉਹ ਬਾਰ 'ਚ ਖੜ੍ਹਾ ਨੰਘਦੇ ਟੱਪਦੇ ਨੂੰ ਦੂਰੋਂ ਈ ਬਾਂਹ ਖੜ੍ਹੀ ਕਰਕੇ ਪੁੱਛਦਾ," ਹੋਰ ਪਰਧਾਨ ਆਜਾ ਚਾਹ ਪਿਆਈਏ।
ਘਰੇ ਭਮਾਂ ਪਾਈਆ ਦੁੱਧ ਨਾ ਹੋਵੇ, ਪਰ ਆਪਣੇ ਲੋਕਾਂ ਦੀ ਖੁੱਲ੍ਹਦਿਲੀ ਆ। ਅੱਗੋਂ ਕੋਲ ਦੀ ਨੰਘਣ ਆਲਾ ਵੀ ਜਵਾਬ ਨਾਲ ਅਸੀਸ ਦੇਂਦਾ ," ਬੱਸ ਪਰਧਾਨ ਚਾਹ ਨੂੰ ਕੀ ਆ, ਮਾਅਰਾਜ ਬਾਹਲਾ ਦੇਵੇ"
ਭਮਾਂ ਕਿਸੇ ਦੇ ਸੱਥਰ ਵਿਛਿਆ ਹੋਵੇ, ਭਮਾਂ ਵਿਆਹ ਖੁਸ਼ੀ ਹੋਵੇ, ਆਉਣ ਆਲੇ ਹਰਿੱਕ ਬੰਦੇ ਨੂੰ ਪਹਿਲਾਂ ਆਉਣ ਸਾਰ ਚਾਹ ਲਾਜ਼ਮੀ ਪਿਆਈ ਜਾਂਦੀ ਆ।
ਘਰੇ ਮਿਲਣ ਆਏ ਬੰਦੇ ਨੂੰ ਜਿੰਨਾ ਚਿਰ ਚਾਹ ਨਾ ਪਿਆਈ ਜਵੇ, ਓਨਾਂ ਚਿਰ ਇਓ ਈਂ ਲੱਗਦਾ ਬੀ ਨਹੀਂ ਸੇਵਾ ਨੀਂ ਹੋਈ।
ਹੁਣ ਚਾਹ ਦੀ ਸੌਕਣ ਕੌਫੀ ਆਗੀ ਭਾਵੇਂ ਪਰ ਫਿਰ ਵੀ ਅੰਗਰੇਜ਼ਾਂ ਦੀ ਕਾਢ "ਚਾਹ" ਕੱਲੀ ਪੀਣ ਆਲੀ ਚੀਜ਼ ਈ ਨਹੀਂ, ਲੋਕਾਂ ਦਾ ਜੋੜਨ ਦਾ ਜਰੀਆ ਬਣੀ ਵਈ ਆ ਹੁਣ..ਗੌਰ ਕਰਿਓ....ਘੁੱਦਾ

No comments:

Post a Comment