Thursday 16 April 2015

ਸਿਖਰ

ਕੁੜੀ ਖਾਤਰ ਕੋਈ ਥਾਂ ਵੇਖਕੇ ਬਚਿੱਤਰ ਸਿਹੁੰ ਘਰੇ ਵੜਿਆ
ਵਿਹੜੇ ਵਿੱਚ ਡੱਠੇ ਮੰਜੇ ਤੇ ਬੈਠੀ ਗਾਜਰਾਂ ਚੀਰਦੀ ਤੇਜੋ ਨੇ ਚੌੰਕੇ ਵੱਲ ਮੂੰਹ ਭੁਆ ਕੇ ਬੋਲ ਮਾਰਿਆ
"ਨੀਂ ਕੁੜੇ ਸ਼ਿੰਦਰੇ , ਪਾਣੀ ਫੜ੍ਹਾ ਕੁੜੇ ਆਵਦੇ ਬਾਪੂ ਨੂੰ"
ਕਈ ਦਿਨਾਂ ਦੀ ਸ਼ਿੰਦਰ ਡੁੰਨ ਵੱਟਾ ਜਾ ਬਣੀ ਫਿਰਦੀ ਸੀ।
ਪਾਣੀ ਦਾ ਗਲਾਸ ਫੜ੍ਹਾਉੰਦਿਆਂ ਸ਼ਿੰਦਰ ਜੇਰਾ ਕਰਕੇ ਬੋਲੀ
"ਬਾਪੂ ਤੈਨੂੰ ਕੈਅ ਆਰੀ ਕਹਿਤਾ ਬੀ ਮੈੰ ਤਾਂ ਜੰਟੇ ਨਾਲ ਈ ਵਿਆਹ ਕਰਾਊਂਗੀ"
ਕਾਅੜੜੜ ਕਰਕੇ ਭਾਰੇ ਹੱਥ ਦਾ ਲਫੇੜਾ ਕੁੜੀ ਦੀ ਗੱਲ੍ਹ ਤੇ ਵੱਜਾ
ਸ਼ਿੰਦਰ ਦੇ ਸੱਜੇ ਮੋਢੇ ਤੋਂ ਚੁੰਨੀ ਦਾ ਲੜ ਡਿੱਗਕੇ ਭੋਇੰ ਨਾਲ ਜਾ ਲੱਗਾ 
ਮੰਜੇ ਦੀ ਬਾਹੀ ਨੂੰ ਹੱਥ ਪਾਕੇ ਕੁੜੀ ਮਸਾਂ ਸੰਭਲੀ।
ਹੱਫਲੇ ਪਈ ਤੇਜੋ ਤੋਂ ਉੱਠਣ ਲੱਗਿਆਂ ਚੀਰੀਆਂ ਗਾਜਰਾਂ ਦਾ ਥਾਲ ਖਿੱਲਰ ਗਿਆ।
" ਵੇ ਕਿਓੰ ਜਲੂਸ ਕੱਢਦੇ ਓੰ ,ਲੋਕੀਂ ਸੌ ਸੌ ਗੱਲਾਂ ਕਰਨਗੇ , ਖੌਣੀ ਕਾਹਤੋਂ ਕੁਟਦੇ ਆ ਕੁੜੀ ਨੂੰ"
ਦੂਜੇ ਪਾਸੇ ਸੱਥ 'ਚ ਨਿੰਮੋਝੂਣੇ ਜੇ ਹੋਏ ਬੈਠੇ ਜੰਟੇ ਨੂੰ
ਉਹਦੇ ਆੜੀ ਜੋਗੇ ਨੇ ਹਲੂਣਿਆ
"ਕਿਓਂ ਕੰਜਰਦਿਆ ਤੀਮੀਂ ਪਿੱਛੇ ਝੁਰੀ ਜਾਣਾਂ, ਟਪਾ ਟਪੂ ਕੇ ਛੱਡਦੇ ਕੇਰਾਂ,  ਨਹੀਂ ਡਮਾਕ ਹਿੱਲਜੂ ਤੇਰਾ"
ਜੋਗੇ ਦੀ ਚੰਦਰੀ ਗੱਲ ਜੰਟੇ ਦੇ ਕਲੇਜਿਓਂ ਪਾਰ ਹੋਈ
ਰੂਹਾਂ ਦਾ ਪਿਆਰ ਸਰੀਰਾਂ ਤੋਂ ਉੱਤੇ ਸੀ
ਸੈੰਕੜੇ ਮਣ ਬੋਝ ਲੈਕੇ ਭਰਿਆ ਪੀਤਾ ਜੰਟਾ ਘਰ ਨੂੰ ਹੋ ਤੁਰਿਆ
ਗੁਰੂ ਘਰ ਦੇ ਸਪੀਕਰਾਂ 'ਚੋਂ ਨਿੱਕਲੀ ਗੁਰਬਾਣੀ ਜੰਟੇ ਦੇ ਕੰਨੀਂ ਪਈ
"ਜੋ ਤਿਸੁ ਭਾਵੈ ਨਾਨਕਾ, ਸਾਈ ਭਲੀ ਕਾਰ"
ਹੁਣ ਜੰਟੇ ਤੇ ਸ਼ਿੰਦਰ ਨੂੰ ਵਿੱਛੜਿਆਂ ਕਈ ਸਾਲ ਹੋਗੇ ਸੀ।
ਕਨੇਡਾ ਵਿਆਹੀ ਸ਼ਿੰਦਰ ਨੂੰ ਏਹ ਧਰਤੀ ਖੇੜਿਆਂ ਦੇ ਭੱਠ
ਬਰੋਬਰ ਜਾਪੀ।
ਓਧਰ ਜੋਗੇ ਦੇ ਆਖੇ ਬੋਲ ਸੱਚ ਨਿੱਕਲੇ।
ਜੰਟਾ ਜਵਾਕਾਂ ਦੀ ਖੇਡ ਬਣ ਗਿਆ ਸੀ
"ਕਮਲਾ ਆ ਗਿਆ ਓਏ ਹੁੜੀ ਓੲੲਏੇ ਕਮਲਾ"
ਗਲੀਆੰ 'ਚ ਤੁਰਿਆ ਫਿਰਦਾ ਜੰਟਾ ਕੰਨ ਤੇ ਹੱਥ ਧਰਕੇ ਬੋਲਦਾ ਰਹਿੰਦਾ।
 " ਹਲੋ, ਹਲੋਅਅ ਸ਼ਿੰਦਰੇ ਹਲੋ , ਨੀਂ ਸ਼ਿੰਦਰੇ"
ਨੰਘਦੇ ਟੱਪਦਾ ਰਾਹੀ ਟਿੱਚਰ ਨਾਲ ਪੁੱਛਦਾ,"ਕਮਲਿਆ ਕੀ ਕਰੀ ਜਾਣਾਂ ਓਏ?"
ਜੰਟਾ ਬੇਪਰਵਾਹੀ ਨਾਲ ਬੋਲਦਾ ਰਹਿੰਦਾ
" ਸ਼ਿੰਦਰੇ ਨੀਂ ਸ਼ਿੰਦਰੇ, ਹਲੋ, ਹਲੋਅਅ"
ਸ਼ਿੰਦਰ ਜੰਟੇ ਦੇ ਕੋਲ ਸੀ, ਪਰ ਸਰੀਰ ਸਮੁੰਦਰੋਂ ਪਾਰ ਬੈਠਾ ਸੀ।
ਏਹ ਇਸ਼ਕ ਦਾ ਸਿਖਰ ਸੀ।.......ਘੁੱਦਾ     (ਸੱਚੀਆੰ ਘਟਨਾਵਾਂ)

No comments:

Post a Comment