Tuesday 28 April 2015

ਬੰਦਾ ਸਿੰਘ

ਅਠਾਰਵੀਂ ਸਦੀ ਦੇ ਪਹਿਲੇ ਦਹਾਕੇ ਦਾ ਅੰਤਲਾ ਸਾਲ ਸੀ
ਸਰਹੰਦ ਤੋਂ ਦਸ ਮੀਲ ਦੀ ਵਿੱਥ ਤੇ ਬੰਦੇ ਦੀ ਫੌਜ ਦਾ ਟਿਕਾਣਾ ਸੀ
ਸੂਰਜ ਲਹਿੰਦੇ ਵੱਲ ਕਦੋਂ ਦਾ ਡੁੱਬ ਚੁੱਕਾ ਸੀ।
ਭੋਇੰ ਤੇ ਲੰਮੇ ਪਏ ਬੰਦੇ ਨੇ ਤਾਰਿਆਂ ਦੀ ਮੰਜੀ ਵੱਲ ਵੇਖਕੇ ਸਮੇਂ ਦਾ ਅੰਦਾਜ਼ਾ ਲਾਇਆ।
ਰਾਤ ਅੱਧੋੰ ਲੰਘ ਗਈ ਸੀ।
ਕੋਲ ਬੱਧੇ ਘੋੜੇ ਨੇ ਨਾਸਾਂ ਫੁਰਕਾਰਕੇ ਬੰਦੇ ਦਾ ਧਿਆਨ ਖਿੱਚਿਆ।
ਬੰਦੇ ਨੇ ਫੌਜ ਵੱਲ ਨਿਗਾਹ ਮਾਰੀ।
ਕੋਈ ਦੁਆਬੀਆ ਸਿੰਘ ਤੰਬੂ ਨੂੰ ਖਿੱਚ ਪਾਉਣ ਖਾਤਰ ਗੱਡੇ ਕਿੱਲੇ ਤੇ ਪੈਰ ਧਰੀ ਖਲੋਤਾ ਮਾਝੇ, ਮਾਲਵੇ ਦੇ ਸਿੰਘਾਂ ਦੀ ਬੋਲੀ ਸੁਣ ਹੱਸ ਰਿਹਾ ਸੀ।
ਮਝੈਲ ਗੱਭਰੂ ਅੱਜ ਈ ਆਕੇ ਫੌਜ ਵਿੱਚ ਰਲੇ ਸੀ।
ਕੋਈ ਜਣਾ ਨੀਝ ਲਾਕੇ ਤਲਵਾਰ ਦੀ ਧਾਰ ਦੇਂਹਦਾ ਤੇ ਹੋਰ ਤਿੱਖੀ ਕਰਨ ਦੀ ਵਿਓੰਂਤ ਕਰਦਾ।
ਥੋੜ੍ਹੀ ਵਿੱਥ ਤੇ ਬਲਦੀ ਅੱਗ ਦਾ ਚਾਨਣ ਬੰਦੇ ਦੇ ਚਿਹਰੇ ਦੇ ਇੱਕ ਪਾਸੇ ਨੂੰ ਰੁਸ਼ਨਾ ਰਿਹਾ ਸੀ।
ਹੁਣ ਨੀਂਦ ਨੇ ਬੰਦੇ ਨੂੰ ਦੱਬ ਲਿਆ।
ਸੁਪਨੇ ਵਿੱਚ ਹੱਥੀਂ ਤੀਰ ਫੜ੍ਹੀ ਬੈਠਾ ਕੋਈ ਬਾਬਾ ਦਿੱਸਿਆ।
ਬਾਬਾ ਕਿਸੇ ਸੂਹੀਏ ਨੂੰ ਉਡੀਕ ਰਿਹਾ ਸੀ।
ਸਾਹਮਣੇ ਆਏ ਸੂਹੀਏ ਨੇ ਅੱਖਾਂ ਨਿਵਾਕੇ ਦੱਸਿਆ," ਗੁਰੂ ਸਾਹਬ, ਵਜ਼ੀਰੇ ਨੇ ਥੋਡੇ ਛੋਟੇ ਪੁੱਤ ਨਿਓਆਂ ਵਿੱਚ ਚਿਣ ਦਿੱਤੇ ਨੇ, ਏਹੋ ਖਬਰ ਜੇ"।
ਉੱਤੇ ਝਾਕੇ ਬਿਨ੍ਹਾਂ ਬਾਬੇ ਨੇ ਤੀਰ ਦੀ ਨੋਕ ਨੂੰ ਘਾਹ ਦੀ ਤਿੜ੍ਹ ਵਿੱਚ ਫਸਾਇਆ,
ਤੇ ਸਣੇ ਜੜ੍ਹ ਘਾਹ ਨੂੰ ਪੁੱਟ ਸੁੱਟਿਆ।
ਚਾਣਚੱਕ ਬੰਦੇ ਦੀ ਅੱਖ ਖੁੱਲ੍ਹੀ ਤੇ ਸੱਜਾ ਹੱਥ ਤਲਵਾਰ ਦੇ ਮੁੱਠੇ ਤੇ ਜਾ ਟਿਕਿਆ। 
ਤਾਅ ਵਿੱਚ ਆਏ ਬੰਦੇ ਨੇ ਜੈਕਾਰਾ ਛੱਡਿਆ। 
ਜਨੌਰਾੰ ਨੇ ਫੰਗਾਂ ਦੀ ਬੁੱਕਲ ਖੋਲ੍ਹ ਕੇ ਉਡਾਰੀ ਭਰੀ।
ਕੁੱਲ ਸਿੰਘਾਂ ਨੇ ਖਲੋਕੇ ਬੰਦੇ ਦਾ ਜਲੌਅ ਡਿੱਠਾ
ਜਿਮੇਂ ਸਾਰੇ ਪੰਜਾਬ ਨੇ ਜਵਾਬ ਦਿੱਤਾ ਹੋਵੇ
"ਸਤਿ ਸ੍ਰੀ ਅਕਾਲ"।
ਅੱਜ ਇਤਿਹਾਸ ਸਿਰਜਿਆ ਜਾਣਾ ਸੀ
ਚੱਪੜਚਿੜੀ ਵਿੱਚ ਬਾਜ਼ ਉੱਪੜੇ ।
ਹੁਣ ਸਰਹੰਦ ਦੂਰ ਨਹੀਂ ਸੀ......ਘੁੱਦਾ

No comments:

Post a Comment