Monday 13 April 2015

ਗਾਹਲਾਂ

ਆਪਣੇ ਮੁਲਖ ਦੀ ਬਹੁਤ ਚੰਦਰੀ ਆਦਤ ਆ ਬੀ ਗੱਲ ਗੱਲ ਤੇ ਗਾਲ੍ਹ ਕੱਢਦੇ ਆਂ । ਬਹੁਤ ਗਾਹਲਾਂ ਮੂੰਹ ਚੜ੍ਹੀਆਂ ਵਈਆ ਨੇ ਸੋਬਤ ਈ ਨਿੱਕਲ ਜਾਂਦੀਆਂ ਮੂੰਹੋਂ। ਏਸ ਮੁੱਦੇ ਤੇ ਖੁੱਲ੍ਹ ਕੇ ਲਿਖਿਆ, ਹਾਜ਼ਮੇ ਨਾਲ ਪੜ੍ਹਿਓ। 
ਖੁਸ਼ੀ, ਦੁੱਖ, ਹੈਰਾਨੀ ਦੀ ਗੱਲ ਸੁਣਕੇ ਮੂੰਹੋਂ ਗਾਲ੍ਹ ਨਿੱਕਲਦੀ ਆ। ਖੁਸ਼ੀ 'ਚ ਪੇਡੂੰ ਮੁਲਖ ਤਾੜੀ ਮਾਰਕੇ ਗਾਲ੍ਹ ਕੱਢਦਾ ਤੇ ਹੈਰਾਨੀ ਦੀ ਗੱਲ ਸੁਣਕੇ ਵੀ ਮੂੰਹੋੰ ਨਿੱਕਲਦਾ,"ਭੈਂ.....ਸੌਂਹ ਪਾ ਓਏ।" ਬਿਜਲੀ ਮਹਿਕਮੇ ਤੋਂ ਲਾਕੇ ਰੱਬ ਤੀਕ ਕੁੱਲ ਨੂੰ ਗਾਹਲ ਕੱਢਦਾ ਮੁਲਖ। ਚੌੜ ਪਈ ਮੰਡੀਰ ਖਾਸੀਆੰ ਕੱਬੀਆਂ ਗਾਹਲਾਂ ਕੱਢ ਜਾਂਦੀ ਆ ਪਰ ਤਲਖ਼ੀ ਨਾਲ ਕੋਈ 'ਸਾਲਾ' ਵੀ ਕਹਿਜੇ ਤਾਂ ਅਗਲਾ ਗਲਮਾਂ ਫੜ੍ਹਕੇ ਸਿੱਟ ਲੈਂਦਾ।
ਲਾਜ਼ਮੀ ਨਹੀਂ ਬੀ ਸਾਰੀਆਂ ਗਾਹਲਾਂ ਲੜਨ ਖਾਤਰ ਈ ਹੁੰਦੀਆਂ ਨੇ । ਆਪ ਬਰੋਬਰ ਦੇ ਹੋਗੇ , ਪਰ ਹਜੇ ਵੀ
ਚਾਚੇ ਅਰਗੇ ਚੌੜ ਪਏ ਹਜੇ ਵੀ ਮਿੱਠੀ ਜੀ ਗਾਹਲ ਕੱਢ ਜਾਂਦੇ ਨੇ।
ਬਲਦ ਜੋੜਕੇ ਖੇਤ ਨੂੰ ਜਾਦਾਂ ਬੰਦਾ ਬਲਦ ਦੇ ਕਸੂਤੇ ਥਾਂ ਹੱਥ ਲਾਕੇ ਭਜਾਉਣ ਲੱਗਾ ਗਾਹਲਾਂ ਕੱਢ ਜਾਂਦਾ,"। ਬਜ਼ੁਰਗ ਜਦੋਂ ਟੋਭੇ ਤੇ ਮੈਸ੍ਹਾਂ ਛੱਡਦੇ ਨੇ ਤਾਂ ਓਦੋਂ ਅੱਸਰ ਝੋਟੀਆਂ ਦੇ ਤੜਾਫਿਆਂ ਤੋਂ ਅੱਕੇ ਬਾਬੇ ਗਾਹਲ ਕੱਢਦੇ ਆ,"ਹੋਅਅ ਹੋਅਅ ,ਹੈ ਮੇਰੇ ਪੁੱਤਾਂ ਦੇਣੇ ਦੀ ਦੀ"।
ਪੇਕਿਆਂ ਦੇ ਪਿੰਡ ਆਕੇ ਜਦੋਂ ਕੋਈ ਕੁੜੀ ਬੱਸੋਂ ਉੰੱਤਰਕੇ ਭਾਰਾ ਝੋਲਾ ਚੱਕਣ ਲੱਗਦੀ ਆ ਤਾਂ ਅੱਡੇ ਤੇ ਬੈਠਾ ਕੋਈ ਬਾਬਾ ਬੋਲਦਾ,"ਸਹੁਰੀਏ ਕਿਓਂ ਔਖੀ ਹੁੰਨੀੰ ਆ ਭਾਈ,ਲਿਆ ਮੈਨੂੰ ਫੜ੍ਹਾਦੇ ਝੋਲਾ।" ਕੁੜੀ ਸਿਰ ਦੀ ਚੁੰਨੀ ਸੂਤ ਕਰਕੇ ਸਿਰ ਨੀਵਾਂ ਕਰਦੀ ਆ ਤਾਂ ਬਾਬਾ ਸਿਰ ਪਲੋਸ ਕੇ ਟੱਬਰ ਦਾ ਹਾਲ ਪੁੱਛਦਾ। ਏਥੇ 'ਸਹੁਰੀ' ਲਫਜ਼ ਗਾਲ੍ਹ ਨਹੀਂ, ਬੱਸ ਬੁਲਾਉਣ ਦਾ ਤਰੀਕਾ ਬਣ ਜਾਂਦਾ। ਨਾਏ ਝੇਡਾਂ ਟਿੱਚਰਾਂ ਢੰਗ ਨਾਲ ਈ ਚਾਹੀਦੀਆਂ। ਬਾਕੀ ਜ਼ਿੰਦਾਬਾਦ.....ਘੁੱਦਾ

No comments:

Post a Comment