Wednesday 25 September 2013

ਕੇਰਾਂ ਪੜ੍ਹੀਂ ਪੰਜਾਬੀ ਨੂੰ

ਗੁਰ ਅੰਗਦ ਦੀ ਪੈਂਤੀ ਪੜ੍ਹੀਂ ਗੁਰਦਾਸ ਦੀਆਂ ਵਾਰਾਂ
ਆ ਪੰਜਾਬੀਏ ਕੋਲੇ ਬੈਹਜਾ ਤੇਰੀ ਜੁਲਫ ਸਵਾਰਾਂ
ਗੁਰ ਅਰਜਨ ਕੱਠਾ ਕੀਤਾ ਖਿੱਲਰੀ ਮਾਂ-ਬੋਲੀ ਨੂੰ
ਗ੍ਰੰਥਾਂ ਦੇ ਵਿੱਚ ਮਾਣ ਬਖਸ਼ਿਆ ਸੀ ਗੋਲੀ ਨੂੰ
ਨਾਨਕ ਬਾਬਾ ਪੜ੍ਹੀਂ ਨਾਲੇ ਗੋਬਿੰਦ ਇੰਕਲਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਬਾਬਾ ਬੁੱਲ੍ਹਾ, ਵਾਰਿਸ ਸ਼ਾਹ ਪੜ੍ਹੀਂ ਹੁਸੈਨ ਨੂੰ
ਪੀਲੂ, ਹਾਸ਼ਮ ਵੀ ਨਾ ਛੱਡਦੇ ਕੁਝ ਕਹਿਣ ਨੂੰ
ਸ਼ਾਹ ਮੁਹੰਮਦ ਕਿੱਸੇ ਲਿਖੇ ਫਿਰੰਗੀਆਂ ਦੇ
ਗੰਢਾ ਨਾਲੇ ਕਾਨ੍ਹ ਸਿਹੁੰ ਗਵਾਹ ਨੇ ਜੰਗੀਆਂ ਦੇ
ਪੜ੍ਹੀਂ ਕਿਤੇ ਬੀਰਬਲ ਦੀ ਹਾਜ਼ਰ ਜਵਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਪਾਸ਼, ਸ਼ਿਵ ਨਾਲੇ ਮਾਪੀਂ ਪਾਤਰ ਦੀ ਡੂੰਘਾਈ ਨੂੰ
ਗਜ਼ਲਾਂ ਵਿੱਚਦੀ ਲਿਖ ਗਿਆ ਜੱਜ ਲੋਕਾਈ ਨੂੰ
ਮਾਨ ਮਰਾੜਾਂ, ਪ੍ਰਗਟ ਲਿੱਧੜਾਂ ਸੁਣੀਂ ਹਠੂਰ ਨੂੰ
ਅੰਮ੍ਰਿਤਾ ਪ੍ਰੀਤਮ ਬੰਨੇ ਲਾਇਆ ਬੇੜੀਂ ਦੇ ਪੂਰ ਨੂੰ
ਦੁਨੀਆਂ ਕਰੇ ਸਲਾਮਾਂ ਬਾਬੂ ਦੀ ਟੌਰ੍ਹ ਨਵਾਬੀ ਨੂੰ
ਮੋਹ ਪੈਜੂਗਾ ਨਿੱਕਿਆ ਕੇਰਾਂ ਪੜ੍ਹੀਂ ਪੰਜਾਬੀ ਨੂੰ

ਕੰਵਲ ਨਾਲੇ ਗੁਰਦਿਆਲ ਵੀ ਪੜ੍ਹਾਈਂ ਜਵਾਕਾਂ ਨੂੰ
ਵੀਨਾ ਵਰਮਾ ਜਾਂ ਬਲਦੇਵ ਜਹੇ ਬੇਬਾਕਾਂ ਨੂੰ
ਦੁੱਲਾ, ਸੁੱਚਾ, ਜਿਓਣਾ ,ਜੱਗੇ ਜਹੇ ਪਾਤਰਾਂ ਨੂੰ
ਕਨੌੜਾ, ਹੋੜਾ, ਟਿੱਪੀ ਕੰਨਾਂ ਲਗਾਂ ਮਾਤਰਾਂ ਨੂੰ
ਢੱਡ, ਸਰੰਗੀ, ਅਲਗੋਜ਼ੇ ਜਾਂ ਸੁਣੀ ਰਬਾਬੀ ਨੂੰ
ਮੋਹ ਪੈਜੂਗਾ ਨਿੱਕਿਆਂ ਕੇਰਾਂ ਪੜ੍ਹੀਂ ਪੰਜਾਬੀ ਨੂੰ.......ਘੁੱਦਾ

No comments:

Post a Comment