Sunday 1 September 2013

ਸ਼ੇਰਾਂ ਦੀ ਕੌਮ ਨੂੰ ਗਧੇ ਹੱਕੀ ਫਿਰਦੇ ਨੇ

ਫਰਾਂਸ ਅਰਗੇਆਂ ਨੇ ਪੱਗਾਂ ਤੇ ਪਬੰਦੀਆਂ ਲਾਤੀਆਂ। ਕਨੂੰਨੀ ਲੜਾਈਆਂ ਚੱਲੀ ਜਾਂਦੀਆਂ।
ਪਰਸੋਂ ਚੌਥ ਦੀ ਗੱਲ ਆ ਚੰਡੀਗੜ੍ਹ ਪੀ.ਜੀ.ਆਈ 'ਚ ਕੋਈ ਪੇਪਰ ਸੀ , ਓਥੇ ਈ ਕਿਰਪਾਨ ਆਲੇ ਮੁੰਡੇ ਕੁੜੀਆਂ ਨੂੰ ਨੀਂ ਬੈਠਣ ਦਿੱਤਾ। ਵਹਿਬਤਾਂ ਦੇ ਕੁੱਜੇ ਨੇ ਸਾਰੇ ਜਾਣ ਜਾਣ ਭੂੰਡਾਂ ਦੇ ਖੱਖਰ ਛੇੜਦੇ ਨੇ। ਨਿੱਤ ਅਖਬਾਰਾਂ ਦੀਆਂ ਸੰਪਾਦਕੀਆਂ 'ਚ ਬੁੱਧੀਜੀਵੀ ਡੇਢ ਡੇਢ ਫੁੱਟ ਦੇ ਲੇਖ ਛਾਪਦੇ ਨੇ ਬੀ ਪੰਜਾਬ 'ਚ ਛੇਮਾਂ ਦਰਿਆ ਵਗਦਾ ਜੀ ਨਸ਼ਿਆ ਦਾ ਹੋਰ ਸੌ ਕੁਸ ਲਿਖਿਆ ਬਾ ਹੁੰਦਾ। ਐਰਕੀਂ ਪਤਾ ਦਾਰੂ ਦੇ ਠੇਕੇ ਕਿਮੇਂ ਠੇਕੇ ਲੱਗੇ ਨੇ? ਪਝੱਤਰ ਹਜ਼ਾਰ ਦੀ ਇੱਕ ਪਰਚੀ ਸੀ, ਸਰਮਾਏਦਾਰਾਂ ਨੇ ਪੰਜਾਹ ਪੰਜਾਹ ਪਰਚੀਆਂ ਪਾਈਆਂ ਫੇਰ ਠੇਕੇ ਮਿਲੇ ਨੇ। ਪਝੱਤਰ ਹਜ਼ਾਰ ਨੂੰ ਪੰਜਾਹ ਨਾਲ ਜ਼ਰਬ ਕਰੋ। ਐਨਾ ਪੈਸਾ ਲਾਕੇ ਠੇਕੇਦਾਰ ਲੋਕਾਂ ਨੂੰ ਮੂਤ ਈ ਪਿਆਉਣਗੇ, ਰੀਅਲ ਸਕੌਚ ਤਾਂ ਪਿਆਉਣੋਂ ਰਹੇ।
ਗਾਇਕੀ ਦੇ ਮੁਕਾਬਲੇਆਂ ਆਲਾ ਪਰੋਗਰਾਮ ਵੀ "ਰੋਇਲ ਸਟੈਗ ਵੁਆਇਸ ਔਫ ਪੰਜਾਬ" ਦੇ ਨਾਂ ਨਾਲ ਸ਼ੁਰੂ ਹੁੰਦਾ। ਏਹਨਾਂ ਨਾਲੋਂ ਤਾਂ ਹਰਿਆਣੇ ਦਾ ਓਲੰਪੀਅਨ ਭਲਵਾਨ ਸ਼ੁਸ਼ੀਲ ਕੁਮਾਰ ਈ ਚੰਗਾ। ਉਹਨੂੰ ਦਾਰੂ ਦੀ ਮਸ਼ਹੂਰੀ ਕਰਨ ਦੀ ਔਫਰ ਮਿਲੀ। ਅੱਗੋਂ ਭਲਵਾਨ ਕੈਂਹਦਾ ਧਾਰ ਨੀਂ ਮਾਰਦਾ ਮੈਂ ਥੋਡੇ ਐਹੇ ਜੇ ਪੈਸੇਆਂ ਤੇ। ਪੰਜਾਬ ਰਾਜ ਦੇ ਖਜ਼ਾਨੇ 'ਚੋਂ ਕਰੋੜਾਂ ਰੁਪੈ ਰਫੈਨਰੀ ਦੇ ਹਿੱਸੇਦਾਰ ਲਕਸ਼ਮੀ ਮਿੱਤਲ ਨੂੰ ਬਿਨਾਂ ਵਿਆਜੋਂ ਦਿੱਤੇ ਬਾਦਲ ਕਿਆਂ। ਸੁਣਿਆ ਨਿੱਕਾ ਬਾਦਲ ਤੜਕੇ ਸੰਦੇਹਾਂ ਈ ਕਾਂ ਦੇ ਸਿਰ ਜਿੰਨੀ ਤੋੜਕੇ ਖਾ ਲੈਂਦਾ ਤੇ ਕਿਰਸਾਨਾਂ ਨੂੰ ਨਸੀਹਤਾਂ ਦੇਂਦਾ ਖੇਤੀ ਖਾਤਰ ਸਾਂਝੇ ਟਰੈਕਟਰ ਖ੍ਰੀਦੋ। ਤੇ ਆਪ ਪਿਓ ਪੁੱਤਾਂ ਨੇ ਹੈਲੀਕਬਾਟਰ ਵੀ ਅੱਡੋ ਅੱਡ ਲੈਤੇ ਆ ਨਮੇਂ , ਜਮਾਂ ਫਰੈੱਸ਼। ਇੱਕ ਤਾਂ ਕਾਣੀ ਸੀ ਤੇ ਓਤੋਂ ਕਣ ਪੈ ਗਿਆ । ਮੁਲਖ ਤਾਂ ਪਹਿਲਾਂ ਈ ਸਿਧਰਾ ਸੀ ਉੱਤੋਂ ਹੁਣ ਸਾਰੀ ਸਾਰੀ ਰਾਤ ਕੰਧਾਂ 'ਚ ਵੱਜਦਾ ਫਿਰਦਾ ਮੁਲਖ ਬੀ ਕਾਲੇ ਕੱਛਿਆ ਆਗੇ , ਫੜ੍ਹਲੋ ਓਏ। ਸੋਚਣ ਆਲੀ ਗੱਲ ਆ ਬੀ ਮੌਕੇ ਤੇ ਕੌਣ ਪਜਾਮੇ ਲਹਾਕੇ ਕੱਛਾ ਦੇਂਹਦਾ ਬੀ ਕੇਹੜੇ ਰੰਗ ਦਾ ਪਾਇਆ ਵਾ। ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਏਹ ਸਰਕਾਰਾਂ ਦਾ ਸਿਆਸੀ ਸਟੰਟ ਆ। ਜੇਹੜਾ ਅੱਜ ਕੱਲ੍ਹ ਬੜਾ ਕਾਰਗਰ ਸਿੱਧ ਹੋਇਆ। ਖੌਣੀ ਕਦੋਂ ਚਾਲਾਂ ਸਮਝੂ ਸਾਡਾ ਮੁਲਖ , ਫਿਲਹਾਲ ਸ਼ੇਰਾਂ ਦੀ ਕੌਮ ਨੂੰ ਗਧੇ ਹੱਕੀ ਫਿਰਦੇ ਨੇ.....ਘੁੱਦਾ

No comments:

Post a Comment