Wednesday 25 September 2013

ਸਿਆਪੇ ਹੁੰਦੇ ਛੜਿਆਂ ਨੂੰ

ਉੱਤੇ ਵੇਲਦੇ ਰੋਟੀਆਂ ਮੂਧਾ ਮਾਰ ਥਾਲ ਨੂੰ
ਬਰੀਕ ਚੀਰ ਗੰਢੇ ਤੜਕਾ ਲਾਇਆ ਦਾਲ ਨੂੰ
ਇੱਕ ਭੰਨੇ ਪਾਥੀ ਦੂਜਾ ਡਾਹਵੇ ਲੱਕੜਾਂ
ਉੱਧੜੇ ਪਜਾਮੇ ਗੀਝੇ ਵਿੱਚ ਰੱਕੜਾਂ
ਭਾਬੀ ਟਿੱਚਰ ਕਰਜੇ ਸੱਥ 'ਚ ਖੜ੍ਹਿਆਂ ਨੂੰ
ਆਹੀ ਦੋ ਚਾਰ ਸਿਆਪੇ ਹੁੰਦੇ ਛੜਿਆਂ ਨੂੰ

ਮਸਲ ਤਲੀ ਤੇ ਛੋਲੇ ਫੇਰ ਫੂਕ ਮਾਰਦੇ
ਮਾਰ ਫਾਟਾ ਗਲਾਸਾਂ ਵਿੱਚ ਚਾਹ ਠਾਰਦੇ
ਆਪੇ ਲੀੜੇ ਧੋਣੇ ਆਪੇ ਹੂੰਝਣਾ ਵੇਹੜੇ ਨੂੰ
ਮੇਦ ਪੂਰੀ ਸ਼ੈਦ ਰੌਣਕ ਹੋਜੇ ਅਗਲੇ ਗੇੜੇ ਨੂੰ
ਕੇਹੜਾ ਦੇਹੜੇ ਖਿੱਦੋਂ ਅੰਗੂ ਮੜ੍ਹਿਆਂ ਨੂੰ
ਆਹੀ ਦੋ ਚਾਰ ਸਿਆਪੇ ਹੁੰਦੇ ਛੜਿਆਂ ਨੂੰ

ਫੜ੍ਹ ਸੀਸਾ ਮੋਚਨੇ ਨਾਲ ਧੌਲੇ ਪੱਟਦੇ
ਸੁਖਨੇ ਦੇ ਵਿੱਚ ਨਿੱਤ ਬਹਿਣ ਖੱਟ ਤੇ
ਪਾਟਜੇ ਜੇ ਲੀੜਾ ਆਪੇ ਤਰਪਾਈ ਕਰਨੀ
ਹੋਰ ਕੇਹੜਾ ਜਵਾਕਾਂ ਦੀ ਫੀਸ ਭਰਨੀ
ਕੋਈ ਚਾਹ ਪਾਣੀ ਨਾ ਪੁੱਛੇ ਘਰੇ ਵੜਿਆ ਨੂੰ
ਆਹੀ ਦੋ ਚਾਰ ਸਿਆਪੇ ਹੁੰਦੇ ਛੜਿਆਂ ਨੂੰ.......ਘੁੱਦਾ

No comments:

Post a Comment