Sunday 1 September 2013

ਤਖਤ ਜਾਂ ਤਖਤਾ

ਜਦੋਂ ਜੂਨ ਮਹੀਨੇ ਸਕੂਲੋਂ ਛੁੱਟੀਆਂ ਹੁੰਦੀਆਂ ਮੈਂ ਭਗਤੇ ਭਾਈਕੇ ਦੇ ਲਾਗੇ ਸਾਡੇ ਪਿਛਲੇ ਪਿੰਡ ਦਿਆਲਪੁਰੇ ਤਾਏ ਅਰਗੇਆਂ ਕੋਲ ਚਲਾ ਜਾਂਦਾ।
ਝੋਨਾ ਲਾਉਣ ਦੀ ਰੁੱਤ 'ਚ ਧੁੱਪੇ ਫਿਰ ਫਿਰ ਕੇ ਰੰਗ ਫੌਜੀਆਂ ਦੇ ਟਰੰਕ ਅਰਗਾ ਹੋ ਜਾਂਦਾ। ਓਨ੍ਹਾਂ ਦਿਨਾਂ 'ਚ ਸਰਕਾਰ ਦਿਆਲਪੁਰੇ ਪਿੰਡ ਦੇ ਕਿਸੇ ਮੁੰਡੇ ਨੂੰ ਫਾਹੇ ਲਾਉਣ ਦੀਆਂ ਸਕੀਮਾਂ ਘੜਦੀ ਸੀ। ਸਾਡੇ ਸਾਰੇ ਘਰਾਂ ਦੇ ਤਾਏ ਤੇ ਦਾਦੇ ਅਰਗੇ ਸਰਕਾਰ ਖਿਲਾਫ ਧਰਨੇ ਲਾਉਣ ਜਾਇਆ ਕਰਨ। ਕੁਛ ਬੰਦੇ ਫੋਰਡ ਦੇ ਮੱਡਗਾਟਾਂ ਤੇ ਮੂਹਰ ਨੂੰ ਲੱਤਾਂ ਕਰ ਬਹਿ ਜਾਂਦੇ ਤੇ ਬਾਕੀ ਬੰਦੇ ਗਿਆਰਾਂ ਫੁੱਟੀ ਟਰੈਲੀ 'ਚ ਖੜ੍ਹੇ ਹੁੰਦੇ। ਲਿੱਬੜੇ ਜੇ ਜੱਟ ਦਿੱਲੀ ਤਖਤ ਨਾਲ ਮੱਥਾ ਲਾਉਣ ਜਾਇਆ ਕਰਨ ।

ਜਦ ਸੁਰਤ ਸੰਭਲੇ ਤਾਂ ਪਤਾ ਲੱਗਾ ਏਹ ਫਾਹੇ ਲਾਇਆ ਜਾਣ ਵਾਲਾ ਮੁੰਡਾ ਦਿਆਲਪੁਰੇ ਦਾ ਜੰਮਿਆ ਦਵਿੰਦਰਪਾਲ ਸਿੰਘ ਭੁੱਲਰ ਸੀ।
ਜੇਹੜੇ ਮੋਘੇ ਦਾ ਪਾਣੀ ਸਾਡੇ ਵਾਹਣਾਂ ਨੂੰ ਲੱਗਦਾ , ਭੁੱਲਰ ਦਾ ਉੱਜੜਿਆ ਜਾ ਘਰ ਓਸੇ ਮੋਘੇ ਦੇ ਕੋਲ ਸੀ।
ਕੰਧਾਂ ਦੀਆਂ ਦਰਜਾਂ 'ਚੋਂ ਕਿਰਦੀ ਰੇਗੀ ਤੇ ਬੂਹੇ ਵੱਜਾ ਜੰਗਾਲ ਲੱਗਾ ਜੰਦਰਾ ਕਾਲੇ ਦਿਨਾਂ ਦੇ ਸੱਜਰੇ ਗਵਾਹ ਜਾਪਦੇ ਸੀ। ਬਿਨ ਸਾਂਈਆਂ ਸਾਉਣ ਤਿਹਾਈਆਂ। ਖੈਰ ਜਦੋਂ ਸਾਂਈ ਨਾ ਰਹੇ ਭਲਾ ਘਰ ਕੀਹਨੇ ਸੰਭਾਲਣੇ ਨੇ। ਦਿੱਲੀ ਦੀਆਂ ਤਪਦੀਆਂ ਅੱਖਾਂ ਠੰਡੀਆਂ ਕਰਨ ਖਾਤਰ ਤੇ ਮੋਢੇ ਤੇ ਫੀਤੀਆਂ ਦਾ ਵਜ਼ਨ ਵਧਾਉਣ ਦੇ ਮਕਸਦ ਨਾਲ ਪੰਜਾਬ ਪੁਲਿਸ ਨੇ ਪੂਰਾ ਪੱਬਾਂ ਭਾਰ ਹੋਕੇ ਵਾਢੇ ਨਾਲ ਪੰਜਾਬ 'ਦੀ ਜਵਾਨੀ ਨੂੰ ਕਿੱਕਰ ਦੀ ਲੁੰਗ ਵੰਗੂ ਸੂਤ ਸੁੱਟਿਆ । ਤਪਦੀਆਂ ਦੁਪੈਹਰਾਂ ਨੂੰ ਜਾਂ ਸਾਂ ਸਾਂ ਕਰਦੀਆਂ ਰਾਤਾਂ ਨੂੰ ਦਿੱਲੀ ਤਖਤ ਦਾ ਥਾਪੜਾ ਲੈਕੇ ਘੂੰ ਘੂੰ ਕਰਦੀਆਂ ਜੀਪਾਂ ਆਉਦੀਆਂ ਤੇ ਕਿਸੇ ਮੁੱਛਫੁੱਟ ਜੇ ਗੱਭਰੂ ਨੂੰ ਜੀਪੇ ਬਿਠਾ ਲੈਂਦੇ। ਸਾਹਮਣੇ ਖਲੋਤੇ ਮਾਂ- ਪਿਓ ਬਿੱਲੀ ਪਾਪ ਜਾ ਕਰਦੇ ਵਿਲਕਦੇ ਰਹਿੰਦੇ। ਭੈਣਾਂ ਸਿਰ ਦੀ ਚੁੰਨੀ ਸੂਤ ਕਰਕੇ ਥੰਮਾਂ ਉਹਲੇ ਖਲੋ ਜਾਂਦੀਆ। ਜੇ ਕੋਈ ਕੁੜੀ ਚਿੜੀ ਪੁਲਸ ਡਿੱਕੇ ਚੜ੍ਹ ਜਾਂਦੀ ਤਾਂ ਉਹਦੇ ਨਾਲ ਉਹ ਹੁੰਦੀ ਜੋ ਸ਼ਾਇਦ ਦਿੱਲੀ ਦੀ ਕੁੜੀ ਦਾਮਿਨੀ ਜਾਂ ਮੁੰਬਈ ਦੀ ਪੱਤਰਕਾਰ ਕੁੜੀ ਨਾਲ ਵੀ ਨਾ ਹੋਇਆ ਹੋਵੇ। ਉਹਨ੍ਹਾਂ ਵਿਚਾਰੀਆਂ ਖਾਤਰ ਕੋਈ ਮੋਮਬੱਤੀਆਂ ਬਾਲਕੇ ਮੌਨ ਵਰਤ ਰੱਖਣ ਵਾਲਾ ਵੀ ਕੋਈ ਨਹੀਂ ਸੀ।
ਕਿਓਕੇਂ ਉਹ ਘੱਟ ਗਿਣਤੀ ਕੌਮ ਦੀਆਂ ਜੰਮੀਆਂ ਸੀ।

ਠਾਣੇਆਂ ਦੀਆਂ ਕੰਧਾਂ ਅੰਦਰ ਚੰਗੇਆੜਾਂ ਵੱਜਦੀਆਂ। ਦੋ ਵੀਲ੍ਹੇ ਫੀਟਰ ਢੂਈਆਂ ਤੇ ਪਟੇ ਲਾਉਦੇਂ। ਨੰਗੇ ਪਿੰਡੇ ਤੇ ਗੁੜ ਦਾ ਘੋਲ ਪਾਕੇ ਕੀੜੇਆਂ ਦੇ ਭੌਣ ਕੋਲ ਟਾਹਲੀ ਨਾ ਬੰਨ੍ਹਿਆ ਜਾਂਦਾ। ਕਿਸੇ ਸ਼ਪੈਹਟੇ ਦੇ ਸਿਰ ਨੂੰ ਲਾਹਣ ਚੜ੍ਹਦੀ ਤੇ ਪੈਰਾਂ ਦੀਆਂ ਤਲੀਆਂ ਤੇ ਵਰ੍ਹ ਪੈਂਦਾ। ਦਾਲ ਗਲਦੀ ਨਾ ਵੇਖਕੇ ਮੁੰਡੇਆਂ ਨੂੰ ਵਾਹਣਾਂ 'ਚ ਭਜਾਇਆ ਜਾਂਦਾ। ਕੋਈ ਪੁਲਸੀਆ ਘੋੜਾ ਦੱਬਦਾ ਕਾਅੜੜ ਕਰਦੀ ਗੋਲੀ ਸੀਨੇਓਂ ਪਾਰ ਹੁੰਦੀ। ਦੁੱਧ ਘਿਓਆਂ ਨਾਲ ਵੀਹ ਸਾਲਾਂ 'ਚ ਪਾਲਿਆ ਕਿਸੇ ਮਾਂ ਦਾ ਕੋਈ ਪੁੱਤ ਇੱਕ ਮਿੰਟ 'ਚ ਨਿੱਸਲ ਹੋ ਜਾਂਦਾ। ਖੂਨ ਠੰਡਾ ਹੋਕੇ ਵਾਹੇ ਵਾਹਣ ਦੇ ਸਿਆੜਾਂ 'ਚ ਗਵਾਚ ਜਾਂਦਾ।
ਉਹਨ੍ਹਾਂ ਦਿਨਾਂ 'ਚ ਈ ਯੂਨੀਵਰਸਿਟੀ ਦਾ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਗ੍ਰਿਫਤਾਰ ਕਰਿਆ ਗਿਆ। ਭੁੱਲਰ ਦੇ ਬਾਪ ਨਾਲੇ ਮਾਸੜ ਨੂੰ ਵੀ ਘਰੋਂ ਚੱਕ ਕੇ ਕੇਹੜੇ ਖੂਹੇ ਖਪਾਤਾ ਏਹ ਗੱਲ ਦਾ ਸ਼ੈਦ ਉੱਜੜੇ ਬਾਗਾਂ ਦੇ ਆਪੇ ਪਟਵਾਰੀ ਬਣੇ ਗਾਲ੍ਹੜ ਭਾਈਚਾਰੇ ਨੂੰ ਵੀ ਨਹੀਂ ਪਤਾ ਹੋਣਾ।
ਸਮਾਂ ਤੁਰਦਾ ਗਿਆ। ਭੁੱਲਰ ਤੇ ਕੇਸ ਚੱਲਿਆ। ਘੱਟ ਗਿਣਤੀ ਨਾਲੇ ਮਹਾਨ ਲੋਕਤੰਤਰੀ ਧਰਮ ਨਿਰਪੱਖ ਦੇਸ਼ ਦੇ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਨਿੱਜੀ ਮੁਫਾਦਾਂ ਖਾਤਰ ਸਰਕਾਰ ਨੇ ਕਿੰਨੀ ਵਾਰ ਸਜ਼ਾ ਟਾਲੀ ਏਹ ਸਰਕਾਰ ਈ ਜਾਣਦੀ ਹੋਣੀ ਆ।
ਜਦੋਂ ਸੁਫਨੇ ਜੇ ਅੰਗੂ ਸੁਰਤ ਸੰਭਲਕੇ ਦੁਨੀਆਂ ਵੇਖਣ ਲੱਗੇ ਸੀ ਓਦੋਂ ਤੋਂ ਭੁੱਲਰ ਬਾਰੇ ਸੁਣਦੇ ਆਉਣੇ ਆ। ਐਨੇ ਟੈਮ ਤੋਂ ਉਹ ਬੰਦਾ ਜੇਲ੍ਹ 'ਚ ਬੈਠਾ ਖੌਣੀ ਕਿਮੇਂ ਸਮਾਂ ਬਿਤਾਉਦਾ ਏਹ ਸਵਾਲ ਪੁੱਛਣਾ ਕਰਨਾ ਵੀ ਬੜਾ ਔੜ ਜਾ ਲੱਗਦਾ ।

ਅਫਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਪਰਸਿੱਧ ਇਨਕਲਾਬੀ ਪੱਤਰਕਾਰ ਅਰੁੰਧਤੀ ਰਾਏ ਦਾ ਲਿਖਿਆ ਲੇਖ "ਨੌਜਵਾਨ" ਪਰਚੇ ਵਿੱਚ ਛਪਿਆ ਸੀ। ਓਸ 'ਚ ਬੜਾ ਖੁੱਲ੍ਹਕੇ ਗੁਰੂ ਦਾ ਘਰ ਤੋਂ ਫਾਂਸੀ ਤੱਕ ਦਾ ਸਫਰ ਬਿਆਨਿਆ ਵਾ ਸੀ। ਏਥੇ ਜ਼ਿਕਰ ਕਰਨਾ ਬਣਦਾ ਬੀ ਅਰੁੰਧਤੀ ਰਾਏ ਉਹ ਲੇਖਕ ਆ ਜੀਹਨੂੰ ਛੱਤੀਸਗੜ੍ਹ ਦੇ ਨਕਸਲੀਆਂ ਨੇ ਬੁਲਾਕੇ ਆਵਦੀਆਂ ਮੰਗਾਂ ਲੋਕਾਂ ਤੱਕ ਪਹੁੰਚਾਉਣ ਦਾ ਹੀਆ ਕੀਤਾ ਸੀ।
ਮਤਲਬ ਇੱਕ ਨੇਕ ਤੇ ਸਾਫ ਪੱਤਰਕਾਰ ਨੇ ਅਫਜ਼ਲ ਗੁਰੂ ਦੇ ਹੱਕ 'ਚ ਸੱਚ ਦਰਸਾਉਦਾ ਲੇਖ ਲਿਖਕੇ ਦੁਨੀਆਂ ਨੂੰ ਦੱਸਿਆ ਬੀ ਭਾਰਤੀ ਨਿਆਂ ਪ੍ਰਣਾਲੀ ਕਿੰਨੀ ਅਤਿ ਘਟੀਆ ਹੋਗੀ ਹੁਣ।
ਏਹਤੋਂ ਬਿਨਾਂ ਨਿਆਂ ਪ੍ਰਣਾਲੀ ਦਾ ਜ਼ਨਾਜ਼ਾ ਕੱਢਦੀ ਇੱਕ ਹੋਰ ਬੜੀ ਵਜ਼ਨਦਾਰ ਦਲੀਲ ਦਿੱਤੀ ਸੀ ਕਿਸੇ ਨੇ। ਚੌਰਾਸੀ ਸਮੇਂ ਕਿਸੇ ਕਿਸ਼ੋਰੀ ਲਾਲ ਨਾਂ ਦੇ ਕਸਾਈ ਨੇ ਬੱਕਰੇ ਵੱਢਣ ਆਲ਼ੇ ਕਾਪੇ ਨਾ ਖੌਣੀ ਕਿੰਨੇ ਸਿੱਖਾਂ ਦਾ ਕਤਲ ਕਰਤਾ ਸੀ। ਕਿਸ਼ੋਰੀ ਲਾਲ ਤੇ ਕੇਸ ਚੱਲਿਆ ਤੇ ਉਹਨੂੰ ਤਿੰਨ ਅੱਡ ਅੱਡ ਕੇਸਾਂ 'ਚ ਤੀਹਰੀ ਫਾਂਸੀ ਦੀ ਸਜ਼ਾ ਸੁਣਾਈ ਗਈ। ਉਹਨੇ ਪੱਟੂ ਨੇ ਉੱਤਲੀ ਅਦਾਲਤ 'ਚ ਰਿੱਟ ਪਾਤੀ। ਜੱਜਾਂ ਨੇ ਦਬਾਰੇ ਫਾਇਲਾਂ ਦੇ ਵਰਕੇ ਥੱਲ ਕੇ ਵੇਖੇ ਤੇ ਫਾਸੀ ਦੀ ਸਜ਼ਾ ਤੀਹਰੀ ਉਮਰ ਕੈਦ ਮਲਬ ਸੱਠ ਸਾਲ ਕੈਦ 'ਚ ਤਬਦੀਲ ਹੋਗੀ। ਜਦ ਕਿਸ਼ੋਰੀ ਲਾਲ ਠਾਰਾਂ ਸਾਲ ਦੀ ਸਜ਼ਾ ਭੁਗਤ ਹਟਿਆ ਓਦੋਂ ਉਹਨੂੰ ਏਹ ਕਹਿਕੇ ਰਿਹਾਅ ਕਰਨ ਦੀਆਂ ਗੱਲਾਂ ਹੋਣ ਲੱਗੀਆਂ , ਕਿ ਕਿਸ਼ੋਰੀ ਲਾਲ ਦਾ ਜੇਲ੍ਹ 'ਚ ਚਾਲ ਚੱਲਣ ਬਹੁਤ ਵਧੀਆ ਰਿਹਾ। ਬੰਦਾ ਪੁੱਛੇ ਬੀ ਪਰਧਾਨ ਚਾਲ ਚੱਲਣ ਨੂੰ ਕੇਹੜਾ ਉਹ ਭੂਆ ਕੋਲ ਆਇਆ ਸੀ ਏਥੇ?

ਦੂਜੇ ਪਾਸੇ ਤਿੰਨ ਜੱਜਾਂ ਦੇ ਬੈਂਚ ਵਿੱਚੋਂ ਦੋ ਜੱਜਾਂ ਨੇ ਭੁੱਲਰ ਨੂੰ ਸਾਫ ਬਰੀ ਕੀਤਾ ਪਰ ਇੱਕ ਦੇ ਕਹਿਣ ਤੇ ਫਾਂਸੀ ਸੁਣਾਈ ਗਈ। ਹਾਲਾਂਕਿ ਕੋਈ ਵੀ ਗਵਾਹ ਭੁੱਲਰ ਦੇ ਵਿਰੁੱਧ ਨਹੀਂ ਭੁਗਤਿਆ ਸੀ।
ਥੋੜ੍ਹੇ ਕ ਦਿਨ ਪਹਿਲਾਂ ਡੀ.ਜੀ.ਪੀ ਵਿਰਕ ਦਾ ਬਿਆਨ ਵੀ ਭੁੱਲਰ ਦੇ ਹੱਕ 'ਚ ਈ ਆਇਆ।
ਚਲੋ ਕਿਸੇ ਐਂਟੀ ਸਿੱਖ ਜਾਂ ਇਨਸਾਨੀਅਤ ਦਾ ਹੋਕਾ ਦੇਣ ਆਲੇ ਕਿਸੇ ਬੰਦੇ ਦੇ ਨਜ਼ਰੀਏ ਨਾਲ ਮੰਨ ਵੀ ਲਈਏ ਕਿ ਭੁੱਲਰ ਦੋਸ਼ੀ ਆ ਤੇ ਉਹਨੂੰ ਫਾਹੇ ਲਾਉਣਾ ਜ਼ਾਇਜ਼ ਆ।
ਤਾਂ ਪਰ ਏਹ ਗੱਲ ਕਿੱਥੇ ਸਿੱਧ ਹੁੰਦੀ ਆ ਕਿ ਭੁੱਲਰ ਦੇ ਫਾਹੇ ਚੜ੍ਹਨ ਨਾਲ ਪੰਜਾਬ 'ਚ ਅਮਨ ਸ਼ਾਤੀ ਬਹਾਲ ਹੋਜੂ?
ਸ਼ਪੱਸ਼ਟ ਆ ਕਿ ਕਸ਼ਮੀਰੀਆਂ ਵੰਗੂ ਪੰਜਾਬੀਆਂ ਨੂੰ ਫੇਰ ਬੇਗਾਨਗੀ ਦਾ ਅਹਿਸਾਸ ਹੋਊ, ਕਰਫਿਊ ਲੱਗਣਗੇ, ਸਾੜ ਫੂਕ ਜਾਂ ਸੰਪਰਦਾਇਕ ਦੰਗੇ ਫਸਾਦ ਤਾਂ ਵੱਟ ਤੇ ਪਏ ਨੇ। ਕਸ਼ਮੀਰ ਵੰਗੂ ਫੇਰ ਧਰਨੇਆਂ 'ਚ ਕਿੰਨੇ ਪੰਜਾਬੀ ਪੁਲਿਸ ਗੋਲੀ ਦਾ ਸ਼ਿਕਾਰ ਹੋਣਗੇ ਏਹ ਭਵਿੱਖ ਦੇ ਅਖਬਾਰ ਈ ਦੱਸਣਗੇ। ਪੰਜਾਬ ਦੇ ਲੁੱਦੇਆਣੇ ਜਾਂ ਅੰਬਰਸਰ ਵਰਗੇ ਜਿਲ੍ਹੇ ਸ੍ਰੀਨਗਰ ਜਾਂ ਕਿਸ਼ਤਵਾੜ ਬਣਨਗੇ
ਸਰਬਜੀਤ ਦੇ ਕਤਲ ਵੰਗੂ ਭੁੱਲਰ ਨੂੰ ਫਾਹੇ ਲਾਉਣਾ ਜ਼ਰੂਰ ਕਿਸੇ ਰਾਜਸੀ ਪਾਰਟੀ ਨੂੰ ਵੋਟਾਂ ਮੌਕੇ ਰਾਸ ਆਊ।
ਭੁੱਲਰ ਸਿੱਖ, ਹਿੰਦੂ ਜਾਂ ਮੁਸਲਮਾਨ ਆ, ਏਹ ਗੱਲਾਂ ਬਾਅਦ ਦੀਆਂ ਨੇ ਸਭ ਤੋਂ ਪਹਿਲਾਂ ਉਹ ਕਿਸੇ ਮਾਂ ਦਾ ਪੁੱਤ ਵੀ ਆ ਤੇ ਮਾਵਾਂ ਦੇ ਕਲੇਜੇ ਫੌਜੀਆਂ ਦੇ ਬੂਟਾਂ ਜਿੰਨੇ ਕਰੜੇ ਨਹੀਂ ਹੁੰਦੇ। ਪਰਲ ਪਰਲ ਡਿੱਗਦੇ ਅੱਥਰੂ ਚੁੰਨੀ ਗੜੁੱਚ ਕਰ ਜਾਂਦੇ ਨੇ।
ਫਿਲਹਾਲ ਬਹੁਤ ਹੁੰਮਸ ਆ । ਰੱਬ ਨਾ ਕਰੇ ਕਿਸੇ  ਸਵੇਰ ਨਰਨੇ ਕਾਲਜ਼ੇ ਐਹੇ ਜੀ ਖਬਰ ਪੰਜਾਬ ਨੂੰ ਸੁਨਣੀ ਪਏ। ਤੇ ਫੇਰ ਚਚੋਲੜ੍ਹ ਪਾਉਦੇਂ ਜਨੌਰ ਦੜ ਵੱਟਕੇ ਆਲ੍ਹਣਿਆਂ 'ਚ ਬੈਠੇ ਰਹਿਣ।  ਖੇਤਾਂ ਨੂੰ ਜਾਂਦੇ ਹਾਲੀਆਂ ਪਾਲੀਆਂ ਨੂੰ ਰੋਕ ਸੀ.ਆਰ.ਪੀ ਫੇਰ ਤਲਾਸ਼ੀਆਂ ਲੈਂਦੀ ਫਿਰੇ। ਕੋਠੇਆਂ ਦੀਆਂ ਛੱਤਾਂ ਨਾਲੇ ਚੁੱਲ੍ਹਿਆਂ 'ਚ ਦਬਾਰੇ ਘਾਹ ਉੱਗਣ ਦੀ ਰੁੱਤ ਨਾ ਆਵੇ। ਜਵਾਨ ਹੋਏ ਨਰਮੇ ਤੇ ਮੋਟਰਾਂ ਦੇ ਕੋਠੇ ਗੱਭਰੂਆਂ ਦੀ ਛੁਪਣਗਾਹਾਂ ਨਾ ਬਨਣ। ਕਿਤੇ ਫੇਰ ਯੂ ਪੀ ਦੇ ਕਮਾਦ ਪੰਜਾਬ ਦੇ ਜਵਾਨਾਂ ਦੀ ਲੁਕਵੀਂ ਠਾਹਰ ਬਨਣ। ਸਾਈਆਨਾਈਡਾਂ ਤੇ ਅਸਾਲਟਾਂ ਨਾਲ ਦਬਾਰੇ ਵਾਹ ਨਾ ਪਏ।
ਬਾਕੀ ਸਮੇਂ ਦਾ ਏਹੋ ਗੇੜ ਹੁੰਦਾ ਜਿੱਤਿਆਂ ਨੂੰ ਤਖਤ ਤੇ ਹਾਰਿਆਂ ਨੂੰ ਤਖਤਾ।  ਸਰਬੰਸਦਾਨੀ ਠੰਢ ਵਰਤਾਈਂ।

                           ਕੀ ਬਨਣਾ ਛੱਪੜੀਏ ਤੇਰਾ
                             ਸੰਨ੍ਹ ਦਰਿਆਵਾਂ ਦੇ
                                                                                                                ਅੰਮ੍ਰਿਤ ਪਾਲ ਸਿੰਘ
                                                                                                             ਪਿੰਡ ਤੇ ਡਾਕ  - ਘੁੱਦਾ
                                                                                                            ਜਿਲ੍ਹਾ ਵਾ ਤਹਿ - ਬਠਿੰਡਾ

No comments:

Post a Comment