Sunday 29 September 2013

ਰਾਵਣ ਭੂਆ ਕੋਲੇ

ਕੇਰਾਂ ਏਮੇਂ ਜਿਮੇਂ ਆਹੀ ਅੱਸੂ ਕੱਤੇ ਜੇ ਦੇ ਦਿਨ ਭਰਾਵਾ। ਦਸ਼ੈਹਰਾ ਨੇੜੇ ਈ ਸੀਗਾ। ਲੈਂਕਾ ਆਲੇ ਰਾਵਣ ਅਰਗੇਆਂ ਦੀ ਭੂਆ ਜੈਤੋ ਕੋਲ ਚੰਦਭਾਨ ਵਿਆਹੀ ਵਈ ਸੀ। ਭੂਆ ਨੇ ਕੋਡ ਲੰਬਰ ਲਾਕੇ ਸ੍ਰੀ ਲੈਂਕਾ ਆਵਦੇ ਪੇਕੀਂ ਫੂਨ ਲਾਲਿਆ ਤੇ ਆਵਦੀ ਭਾਬੀ ਨੂੰ ਕੈਂਹਦੀ ਜਵਾਕ ਲੈਕੇ ਆਜਾ , ਚਾਰ ਦਿਨ ਜਵਾਕ ਚੰਦਭਾਨ ਰਹਿ ਜਾਣਗੇ ।
ਮੇਘਨਾਥ, ਕੁੰਭਕਰਨ ਤੇ ਨਿੱਕਾ ਰਾਵਣ ਆਵਦੀ ਬੇਬੇ ਨਾ ਪੰਜਾਬ ਆਗੇ । ਬਠਿੰਡੇ ਅੱਡੇ 'ਚ ਆਕੇ ਰਾਵਣ ਬੀਚਰ ਗਿਆ ਭੁੰਜੇ ਲਿਟ ਲਿਟ ਅੱਡੀਆਂ ਰਗੜੇ ਨਾਲੇ ਆਵਦੀ ਬੇਬੇ ਦਾ ਝੱਗਾ ਖਿੱਚੇ ਫੁੱਲ ਗਲਾਰੀ ਕੈਂਹਦਾ ਐਨਕਾਂ ਲੈਣੀਆਂ। ਰਾਵਣ ਦੀ ਬੇਬੇ ਨੂੰ ਪਤਾ ਸੀ ਬੀ ਇੱਕ ਐਨਕ ਨਾ ਤਾਂ ਸਰਨਾ ਨੀਂ ਦਸ ਸਿਰ ਆ ਰਾਵਣ ਦੇ ਦਸ ਐਨਕਾਂ ਲੈਣੀਆਂ ਪੈਣਗੀਆਂ। ਹਾਰਕੇ ਲੈਤੀਆਂ ਭਰਾਵਾ ਐਨਕਾਂ। ਐਨਕਾਂ ਊਨਕਾਂ ਲਾਕੇ ਰਾਵਣ ਜੈਕੀ ਸ਼ਰਾਫ ਬਣਿਆ ਫਿਰੇ ਤੇ ਅੱਡੇ 'ਚ ਚਾਰ ਪੰਜ ਗੇੜੇ ਲਾਗਿਆ ਹਵਾ ਹਵਾ 'ਚ।
ਮੁੜਕੇ ਕੈਂਹਦਾ ਬੇਬੇ ਕੇਲੇ ਲਿਆ ਦਰਜਨ, ਢਿੱਡ 'ਚ ਚੂਹੇ ਨੱਚੀ ਜਾਂਦੇ ਆ। ਕੇਲੇ ਫੜ੍ਹਲੇ ਰੇਹੜੀ ਤੋਂ । ਆਅਅਅ ਕੀ ਦਸ ਮੂੰਹ ਸੀਗੇ ਰਾਵਣ ਦੇ ਕੱਲਾ ਈ ਦਸ ਕੇਲੇ ਸੁੰਭਰ ਗਿਆ। ਬਾਕੀ ਬਚਦੇ ਦੋ ਕੇਲੇ ਖਾਕੇ ਮੇਘਨਾਥ ਤੇ ਕੁੰਭਕਰਨ ਸੈੜ ਤੇ ਹੋਗੇ। ਐਨੇ ਨੂੰ ਚੰਦਭਾਨ ਆਲੀ ਬੱਸ ਆਗੀ ਭਰਾਵਾ, ਫੇਰ ਬਸ ਚੜ੍ਹਨ ਲੱਗੇ ਰਾਵਣ ਦੇ ਸਿਰ ਅੜਗੇ ਬਾਰੀ 'ਚ। ਮਸਾਂ ਬੀਂਗਾ ਟੇਢਾ ਕਰਕੇ ਚੜ੍ਹਾਇਆ ਹਾਰਕੇ ਪਿਛਲੀ ਕਨੈਟਰ ਸੀਟ ਤੇ ਬਹਾਤਾ ਬੋਚ ਕੇ ਜੇ।
ਸਵਾਰੀਆਂ ਸੈੜ ਤੇ ਹੋਕੇ ਬੈਹਗੀਆਂ, ਪੰਜਾਬ 'ਚ ਐਹੇ ਜਾ ਬੰਦਾ ਪਹਿਲੀ ਆਰੀ ਦੇਖਿਆ ਸੀਗਾ।
ਜਾਵੜੇ ਭਰਾਵਾ ਭੂਆ ਘਰੇ। ਭੂਆ ਮੇਘਨਾਥ ਤੇ ਕੁੰਭਕਰਨ ਦਾ ਸਿਰ ਪਲੋਸ ਕੇ ਸੈੜ ਤੇ ਹੋਗੀ ਫੇਰ ਰਾਵਣ ਆਗਿਆ , ਦਸ ਮਿੰਟ ਤਾਂ ਰਾਵਣ ਦੇ ਸਿਰ ਪਲੂਸਣ ਤੇ ਈ ਲੱਗਗੇ। ਆਥਣੇ ਨਾਹ ਨੂਹ ਲੀੜਾ ਲੱਤਾ ਬਦਲਕੇ ਰਾਵਣ ਸੱਥ 'ਚ ਆਗਿਆ । ਓਥੇ ਬੰਦਾ ਬੈਠਾ ਬੀੜੀ ਪੀ ਜਾਵੇ। ਰਾਵਣ ਕੈਂਹਦਾ, "ਪਰਧਾਨ ਬੀੜੀ ਪਿਆ ਜਰ ਲੰਕਾ 'ਚ ਤਾਂ ਸਮੋਕਿੰਗ ਅਲਾਊਡ ਈ ਨੀਂ"। ਰਾਵਣ ਨੇ ਤਾਂ ਭਰਾਵਾ ਦਸ ਬੀੜੀਆਂ ਲਾਲੀਆਂ ਅੱਡੋ ਅੱਡ ਮੂੰਹਾਂ 'ਚ। ਆਅਅ ਕੀ ਭੱਠੇ ਜਿੰਨਾ ਧੂੰਆਂ ਕੱਢੇ ਕੱਲਾ ਈ। ਪਿੰਡ ਬਿੜਕਾਂ ਲੈਂਦਾ ਫਿਰੇ ਬੀ ਅੱਗ ਕਿੱਥੇ ਲਾਗੀ......ਘੁੱਦਾ

1 comment: