Sunday 29 September 2013

ਬਰਨਾਲੇ ਦੀ ਸਤਾਈ ਸਤੰਬਰ

ਲੰਘੀ ਰਾਤ ਅਸੀਂ ਬਰਨਾਲੇ ਦੀ ਦਾਣਾ ਮੰਡੀ 'ਚ ਸੀਗੇ। ਸਾਰੀ ਰਾਤ ਸੱਤ ਵਜੇ ਤੋਂ ਲੈਕੇ ਤੜਕੇ ਦੇ ਛੇ ਵਜੇ ਤੀਕ ਨਾਟਕ, ਗੀਤ ਤੇ ਕੋਰੀਓਗਰਾਫੀਆਂ ਚਲਦੀਆਂ ਰਹੀਆਂ। ਜੇ ਗਰੇਆਲਾਂ ਦਾ ਗਿੱਪੀ ਜਾਂ ਸੁਲਫੇ ਸੂਟਿਆਂ ਆਲ਼ਾ ਕੋਈ ਗੈਕ ਕਲਾਕਾਰ ਆਇਆ ਹੁੰਦਾ ਤਾਂ ਕੱਠ ਬਾਹਲਾ ਹੋਣਾ ਸੀ। ਗੁਰਸ਼ਰਨ ਸਿੰਘ ਦੇ ਕਲੇਜਾ ਦੂਹਰਾ ਕਰਨ ਆਲੇ ਨਾਟਕ ਚਲਦੇ ਰਹੇ। ਮਜ਼ਾਰਾਂ ਤੇ ਪਾਈ ਚਾਦਰ ਅਰਗੇ ਹਰੇ ਰੰਗ ਦੀਆਂ ਦਰੀਆਂ ਤੇ ਪੇਂਡੂੰ ਮੁਲਖ ਦਰਸ਼ਕ ਬਣਿਆ ਬੈਠਾ ਸੀ। ਧੌਲੀਆਂ ਦਾਹੜੀਆਂ ਆਲੇ ਬਾਬੇ ਕੰਬਦੇ ਹੱਥਾਂ ਨਾਲ ਖੜਾਪ ਖੜਾਪ ਤਾੜੀਆਂ ਮਾਰਦੇ। ਦਾਣਾ ਮੰਡੀ ਦੇ ਤੇਗੇ ਲੋਟ ਚਿਣੇ ਖੜਵੰਜੇ ਤੇ ਪੈਹਲਾਂ ਚੌਂਕੜੀਆਂ ਮਾਰ ਕੇ ਬੈਠੇ ਰਹੇ, ਜਦ ਗੋਢਿਆਂ ਦਾ ਗਲੀਸ ਜਰਕਣ ਲੱਗਾ ਫੇਰ ਲੱਤਾਂ ਨਿਸਾਲ ਕੇ ਬਹਿਗੇ, ਬਿੰਦ ਝੱਟ ਲੱਕ ਵੀ ਸਿੱਧਾ ਕਰ ਤਾਰਿਆਂ ਦੀ ਝਾਤੀ ਲੈ ਲੈਂਦੇ। ਬਾਬਿਆਂ ਨੇ ਰੰਗ ਬਰੰਗੀਆਂ ਟੇਢੀਆਂ ਬੀਂਗੀਆਂ ਪੱਗਾਂ ਦੇ ਮੜਾਸੇ ਮਾਰੇ ਵਏ ਸੀ। ਅੱਸੂ ਦੀ ਸੱਜਰੀ ਠੰਢ ਕਦੇ ਕਦੇ ਲੂੰ ਕੰਢਾ ਖੜ੍ਹਾ ਕਰ ਧੁੜਧੁੜੀ ਛੇੜਦੀ ਰਹੀ। ਬਾਬਿਆਂ ਦੀਆਂ ਬੁੱਢੀਆਂ ਅੱਖਾਂ ਤੇ ਮੋਟੇ ਸੀਸੇਆਂ ਆਲੀਆਂ ਐਨਕਾਂ ਲੱਗੀਆਂ ਬੀਆਂ ਸੀ ਜੇਹਨਾਂ ਨੂੰ ਕਾਲੇ ਰੰਗਾ ਧਾਗਾ ਵੱਟਕੇ ਗਲ ਓਤ ਦੀ ਪਾਇਆ ਹੁੰਦਾ।
ਦਿੱਲੀ ਬੰਨੀਓਂ ਦਸ ਬਾਰ੍ਹਾਂ ਮੁੰਡੇ ਕੁੜੀਆਂ ਦੀ ਟੀਮ ਆਈ ਸੀ ਗੌਣ ਖਾਤਰ। ਹਿੰਦੀ ਭਾਸ਼ਾ ਨੂੰ ਪੰਜਾਬੀ ਪੁੱਠ ਚਾੜ੍ਹਕੇ ਓਪਰੀ ਜੀ ਬੋਲੀ 'ਚ ਭਗਤ ਸਿੰਘ ਦੇ ਗੀਤ ਬੜੇ ਸੁਚੱਜੇ ਢੰਗ ਨਾ ਗਾਉਂਦੇ ਰਹੇ। ਭਮਾਂ ਸਮਝ ਨਾ ਵੀ ਆਈ ਹੋਵੇ ਪਰ ਪੇਂਡੂੰ ਬਾਬੇਆਂ ਉਹਨ੍ਹਾਂ ਕਲਾਕਾਰਾਂ ਆਰੀ ਪੱਬਾਂ ਭਾਰ ਹੋ ਤਾੜੀਆਂ ਮਾਰੀਆਂ।
ਜਾਂ ਜਿਮੇਂ ਜਿਮੇਂ ਨਾਟਕ 'ਚ ਮਾੜਾ ਚੰਗਾ ਸੀਨ ਆਉਂਦਾ ਓਹੋ ਤਾਂ ਬਾਬੇ ਕਮੈਂਟ ਕਰ ਛੱਡਦੇ "ਓ ਹੋ ਹੋ ਭੈਣ ਦਿਆ ਬੀਰਾ ਤੇਰਾ ਬੇੜਾ ਤਰਜੇ" । ਗਾਲ੍ਹ ਕੱਢਦੇ ਕੱਢਦੇ ਵੀ ਮੂੰਹੋ ਅਸੀਸ ਈ ਨਿੱਕਲਦੀ । ਜਦੋਂ ਕਰਪੈਨ ਕਣਕ ਵੱਢਕੇ ਖੇਤੋਂ ਬਾਹਰ ਹੋ ਜਾਂਦੀ ਆ। ਓਦੂੰ ਬਾਅਦ ਯੂਰੀਏ ਦੇ ਖਾਲੀ ਗੱਟੇ ਚੱਕੀ ਵੇਹੜੇ ਆਲ਼ੀਆਂ ਕੁੜੀਆਂ ਸਿੱਟੇ ਚੁਗਦੀਆਂ ਫਿਰਦੀਆਂ ਹੁੰਦੀਆਂ। ਕੁਝ ਐਹੇ ਜੀਆਂ ਸਿੱਧ ਪਧਰੀਆਂ ਕੁੜੀਆਂ ਵੀ ਦੂਜੀ ਸੈੜ ਦਰਸਕਾਂ 'ਚ ਬੈਠੀਆਂ ਸੀਗੀਆਂ।
ਤੜਕੇ ਮੂੰਹ ਹੱਥ ਧੋ ਪਿੰਡ ਨੂੰ ਮੁੜਨ ਲੱਗਿਆਂ ਇੱਕ ਗੰਜੇਪਨ ਦਾ ਸ਼ਿਕਾਰ ਸ਼ੈਹਰੀ ਬਜ਼ੁਰਗ ਸਾਡੇ ਲਾਗੇ ਆਕੇ ਕੈਂਹਦਾ, "ਬਈ ਕੀ ਪ੍ਰੋਗਰਾਮ ਸੀ ਏਥੇ?" ਮਖਾ ਬਾਬਾ ਜੀ ਨਾਟਕ ਨੂਟਕ ਖੇਡਦੇ ਸੀਗੇ , ਤੁਸੀਂ ਨੀਂ ਦੇਖੇ? ਸ਼ੈਹਰੀ ਬਾਬਾ ਕੈਂਹਦਾ ,"ਮੈਂ ਤਾਂ ਹੁਣ ਤੜਕੇ ਸੈਰ ਕਰਨ ਆਇਆਂ ਸਾਨੂੰ ਨੀਂ ਪਤਾ"......ਘੁੱਦਾ

No comments:

Post a Comment