Saturday 7 September 2013

ਹੁਣ ਬੜਾ ਟੈਮ ਹੋ ਗਿਆ

ਦੇਹਦੇਂ ਜਨੌਰਾਂ ਦੀ 'ਡਾਰਾਂ ਜਦ ਫੁੱਟਦੀ ਸਵੇਰ
ਧੋ ਕੂਚੀ ਨਾਲ ਚਾਟੀ ਮਧਾਣੀ ਦਿੱਤੀ ਫੇਰ
ਸੀ ਟਿਕੀਆਂ ਦਪੈਹਰਾਂ ਖਾਣੇ ਮਲ੍ਹੇਆਂ ਤੋਂ ਬੇਰ
ਸੂਲ ਅੱਡੀ ਵਿੱਚ ਬਹਿਗੀ ਮੂੰਹੋਂ ਨਿਕਲਗੀ ਲੇਰ
ਉੱਤੇ ਬੰਨ੍ਹ ਲੂਣ ਗੰਢਾ ਪੈਰ ਕੈਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਸਕਿਆ ਭਰਾਵਾਂ ਲੀੜੇ ਇੱਕੋ ਜਿੱਕੇ ਪਾਉਣੇ
ਚੀਂ ਚੀਂ ਕਰਦੇ ਸੀ ਬਾਰ ਤੇਲ ਚੂਲਾਂ ਉੱਤੇ ਚੌਣੇ
ਖੇਡ ਪਿੱਲ ਚੋਟ ਵਿੱਚ ਨਿਸ਼ਾਨੇ ਸਿੱਖੇ ਲਾਉਣੇ
ਸੱਥ ਵਿੱਚ ਸਿੱਖੇ ਪੱਤੇ ਰੱਖਕੇ ਚਕਾਉਣੇ
ਭਾਂਦੋ ਮਹੀਨੇ ਆਥਣੇ ਜੇ ਦਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਗਲੀਸ ਚੈਨ ਉੱਤੇ ਲਾਤਾ ਮਾਰ ਚੱਕੇਆਂ ਤੇ ਲੀਰ
ਮਹਿੰ ਸੱਜਰ ਸੀ ਸੂਈ ਤਾਹੀ ਚੁੱਲ੍ਹੇ ਰਿੱਧੇ ਖੀਰ
ਚੱਕ ਟਾਣ ਉੱਤੋਂ ਚਿੱਠਾ ਸੁਣਾ ਖਾਂ ਕਿਤੋਂ ਹੀਰ
ਸੀ ਦਿਨ ਗੁੱਗੇ ਆਲੇ ਲੋਕ ਪੂਜਦੇ ਕਰੀਰ
ਪਾੜ੍ਹੇਆਂ ਲਈ ਏਹਵੀ ਹੁਣ ਵਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਬੰਨ੍ਹ ਹੀਂਅ ਉੱਤੇ ਘੋੜੀ ਰੁੱਗ ਮੈਦੇ ਦਾ ਕੋਈ ਲਾਵੇ
ਬੇਬੇ ਤੋੜ ਤੋੜ ਸੇਵੀਆਂ ਨੂੰ ਧੁੱਪੇ ਪਾਈ ਜਾਵੇ
ਦੇਵੇ ਚੂੜ੍ਹੀਆਂ ਦਾ ਹੋਕਾ ਵਣਜਾਰਾ ਲਗਾ ਆਵੇ
ਅੱਥਰੀ ਜਵਾਨੀ ਵੰਗਾਂ ਜਾਣ ਜਾਣ ਛਣਕਾਵੇ
ਤੱਕ ਬਾਪੂ ਵੱਲੇ ਦਿਲ ਸਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ

ਸੇਪੀ ਆਲੇ ਕੋਲੋਂ ਦੰਦੇ ਦਾਤੀ ਦੇ ਕਢਾਉਣੇ
ਚੁੰਘ ਇੱਕ ਮੁੱਠੀ ਦੇ ਦਾਣੇ ਚਾਚੀ ਤੋਂ ਭੁੰਨਾਉਣੇ
ਹਾੜ੍ਹੀ ਸਾਉਣੀ ਪਿੱਛੋਂ ਲੀੜੇ ਇੱਕ ਦੋ ਸਵਾਉਣੇ
ਰੱਬ ਬੰਨੀਂ ਦੌਣਾਂ ਸਪੀਕਰ ਮੰਜੇਆਂ ਤੇ ਲਾਉਣੇ
ਘੁੱਦੇ ਹੁਣ ਤਾਂ ਮਹੌਲ ਗਹਿਮੋ ਗਹਿਮ ਹੋ ਗਿਆ
ਉਹਨ੍ਹਾਂ ਗੱਲਾਂ ਨੂੰ ਹੁਣ ਬੜਾ ਟੈਮ ਹੋ ਗਿਆ.......ਘੁੱਦਾ

No comments:

Post a Comment