Saturday 7 September 2013

ਕੁਝ ਧਿਆਨ ਦੇਣ ਯੋਗ ਗੱਲਾਂ.....

ਕੁਝ ਧਿਆਨ ਦੇਣ ਯੋਗ ਗੱਲਾਂ.....
1.ਦੱਸਦੇ ਨੇ ਜਿੱਦੇਂ ਜਾਰਜ ਬੁਸ਼ ਨੇ ਰਾਸ਼ਟਰਪਤੀ ਦਾ ਅਹੁਦਾ ਛੱਡਿਆ ਸੀ ਤਾਂ ਆਮ ਜੰਤਾ ਨਾਲ ਟ੍ਰੇਨ 'ਚ ਬਹਿਕੇ ਆਵਦੇ ਘਰ ਗਿਆ ਸੀ। ਦੂਜੇ ਪਾਸੇ ਆਪਣੇ ਮੁਲਖ ਦੇ ਲੀਡਰਾਂ ਦੇ ਕਾਫਲੇ 'ਚ ਇੱਕ ਬੰਦੇ ਖਾਤਰ ਵੀਹ ਵੀਹ ਗੱਡੀਆਂ ਪਟਰੌਲ ਫੂਕਦੀਆਂ ਫਿਰਦੀਆਂ। ਜੈੱਡ ਸਕਿਓਰਟੀ ਰੱਖਦੇ ਨੇ ਸੁਰੱਖਿਆ ਲਈ। ਏਥੋਂ ਸਿੱਧ ਹੁੰਦਾ ਬੀ ਏਹ ਕੰਮ ਈ ਐਹੇ ਜੇ ਕਰਦੇ ਨੇ ਬੀ ਏਹਨਾਂ ਨੂੰ ਪਤਾ ਈ ਹੁੰਦਾ ਕਿਸੇ ਟੈਮ ਵੀ ਹਮਲਾ ਹੋ ਸਕਦਾ।
2. ਮਾਲਵੇ 'ਦੇ ਕੈਂਸਰ ਮਾਰੇ ਲੋਕ ਬੀਕਾਨੇਰ ਬੰਨੀਂ ਇਲਾਜ ਕਰੌਣ ਜਾਂਦੇ। ਸੇਕੇ ਲਵਾ ਲਵਾ ਵਾਲ ਝੜ ਜਾਂਦੇ ਨੇ। ਨਿੱਤ ਨਾਲਾ ਜਾ ਖਿੱਚਕੇ ਨਮੇਂ ਹਸਪਤਾਲ ਦਾ ਨਿਓਂ ਪੱਥਰ ਏਹੀ ਲੀਡਰ ਧਰਦੇ ਨੇ ਪਰ ਹਰਿੱਕ ਆਰੀ ਆਵਦੇ ਇਲਾਜ ਖਾਤਰ ਅਮਰੀਕਾ ਈ ਜਾਂਦੇ ਨੇ। ਬੰਦਾ ਪੁੱਛੇ ਪਰਧਾਨ ਫੇਰ ਆਹ ਏਮਜ਼ PGI , DMC ਅਰਗੇ ਹਸਪਤਾਲ ਤੂੜੀ ਪਾਉਣ ਖਾਤਰ ਬਣਾਏ ਨੇ?
3. ਜਦੋਂ ਕਦੇ ਪਾਰਟੀਆਂ 'ਚ ਉੱਦੇ ਅਹੁਦੇ ਦੇਣੇ ਹੁੰਦੇ ਆ ਲੀਡਰ ਹਮੇਸ਼ਾ ਆਵਦੇ ਸਕੇ ਸੋਧਰਿਆਂ ਨੂੰ ਈ ਚੁਣਦੇ ਆ। ਭੈਣ ਮਰਾਵੇ ਬਾਕੀ ਤਾਂ ਸਵਾਲ ਤਾਂ ਏਹ ਉੱਠਦਾ ਬੀ ਸਾਰੀਆਂ ਪੀ. ਐੱਚ .ਡੀਆਂ ਕੱਲੇ ਸੁਖਬੀਰ ਨੇ ਈ ਕਰਲੀਆਂ ? ਬਾਕੀ ਮੁਲਖ ਊਤ ਈ ਤੁਰਿਆ ਫਿਰਦਾ ਪੰਜਾਬ 'ਚ। ਕਾਲੀ ਦਲ ਨੇ ਦੁਬਾਰੇ ਸ਼ਪੱਸ਼ਟ ਕਰਤਾ ਬੀ ਸੁਖਬੀਰ ਤੋਂ ਉੱਤੇ ਸਿਆਣਾ ਹੈਨੀ ਪੰਜਾਬ 'ਚ।
4. ਮਾਂ -ਬੋਲੀ ਦਾ ਹੋਕਾ ਦੇਣ ਆਲੇ ਲੀਡਰਾਂ ਦੇ ਜਵਾਕ CBSE ਬੋਰਡਾਂ 'ਚ ਈ ਪੜ੍ਹਦੇ ਨੇ। ਏਹਨਾਂ ਦੇ ਜਬਾਕਾਂ ਨੂੰ ਐਂ ਵੀ ਨੀਂ ਪਤਾ ਹੋਣਾ ਬੀ ਕਿੰਨੇ ਅੱਖਰਾਂ ਦੇ ਪੈਰਾਂ 'ਚ ਬਿੰਦੀ ਪੈਂਦੀ ਆ। ਲੋਕਾਂ ਨੂੰ ਸਰਕਾਰੀ ਸਕੂਲ਼ਾਂ 'ਚ ਜਵਾਕ ਪੜ੍ਹਾਉਣ ਦੇ ਨਸੀਹਤ ਦੇਣ ਆਲੇਆਂ ਨੂੰ ਪੁੱਛੋ ਬੀ ਥੋਡੇ ਆਵਦੇ ਜਵਾਕ ਦੇਹਰਾਦੂਨ ਜਾਂ ਸਨਾਵਰ ਸਕੂਲਾਂ 'ਚ ਕਿਓ ਪੜ੍ਹਦੇ ਆ ਬੀ? ਮਲਬ ਸ਼ਪੱਸ਼ਟ ਆ ਲੀਡਰਾਂ ਨੂੰ ਆਵਦੇ ਖੋਲ੍ਹੇ ਅਦਾਰੇਆਂ ਤੇ ਈ ਯਕੀਨ ਹੈਨੀ ਭੋਰਾ ਵੀ।
ਖੌਣੀ ਕਦੋਂ ਸੁਧਰਣਗੇ ਸਾਡੇ ਲੋਕ। ਡੋਲੂ ਚੱਕੀ ਫਿਰਦਾ ਮੁਲਖ ਕੱਟਿਆਂ ਆਲੇ ਲੱਸੀ ਭਾਲਦੇ ਆ......ਘੁੱਦਾ

1 comment:

  1. ਜੀਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਵਾਲੀ ਕਹਾਵਤ ਤੋਂ ਘੁੱਦੇ ਭਰਾ ਤੂੰ ਜਾਂਣੂ ਹੀ ਏ..... ਬਸ ਤੇਰੀ ਤੀਸਰੇ ਨੰਬਰ ਵਾਲੀ ਟਿੱਪਣੀ ਏਸੇ ਕਹਾਵਤ ਦੀ ਜਿਉਂਦੀ ਜਾਗਦੀ ਉਦਹਾਰਣ ਲੱਗਦੀ ਏ...

    ReplyDelete