Wednesday 25 September 2013

ਬਾਬੂ ਰਜਬ ਅਲੀ ਖਾਨ

ਧਮਾਲੀ ਖਾਂ ਨੇ ਆਵਦੇ ਪੁੱਤ ਰਜਬ ਅਲੀ ਖਾਨ ਨੂੰ ਕੰਧਾੜੇ ਚੱਕਿਆ ਬਾ ਸੀ ਤੇ ਸਕੂਲੇ ਛੱਡਣ ਜਾਂਦਾ ਸੀ। ਪਿੰਡ ਸਾਹੋਕੇ ਦੀ ਸੱਥ ਕੋਲੋਂ ਲੰਘਣ ਲੱਗਿਆਂ ਕਿਸੇ ਜੱਟ ਨੇ ਚੱਬਕੇ ਗੱਲ ਕੀਤੀ ਕੈਂਹਦਾ ,"ਕਿਮੇਂ ਪਰਧਾਨ ਮੁੰਡੇ ਨੂੰ ਪੜ੍ਹਾ ਕੇ ਬਾਬੂ ਲਾਉਣਾ?"
ਧਮਾਲੀ ਖਾਂ ਨੇ ਥੱਲੇ ਬਹਿ ਧਰਤੀ ਤੇ ਦੋ ਲੀਕਾਂ ਵਾਹਕੇ ਸੱਥ 'ਚ ਕੈਹਤਾ," ਜੇ ਜਿਓਦਾਂ ਰਿਹਾ ਤਾਂ ਪੁੱਤ ਨੂੰ ਬਾਬੂ ਈ ਬਣਾਊਂ"
ਰਸੂਲੋਂ ਓਵਰਸੀਅਰ ਕਰਕੇ ਰਜਬ ਅਲੀ ਖਾਨ ਮਲਵਈਆਂ ਦੀ ਰੂ੍ਹ "ਬਾਬੂ" ਰਜਬ ਅਲੀ ਬਣਿਆ। ਇੱਕ ਮਿੱਥ ਬਣੀ ਵਈ ਸੀ ਕਿ ਢਾਲਾ ਹਵਾ 'ਚ ਉਛਾਲੋ ਤੇ ਜਦ ਤੱਕ ਢਾਲਾ ਮੁੜਕੇ ਭੁੰਜੇ ਡਿੱਗਦਾ ਐਨੇ 'ਚ ਰਜਬ ਅਲੀ ਕੁਸ ਨਾ ਕੁਸ ਲਿਖ ਦਿੰਦਾ।
ਬਠਿੰਡੇ ਹਾਜੀਰਤਨ ਮੇਲੇ ਤੇ ਜਮਾਂ ਮੌਕੇ ਤੇ ਛੰਦ ਜੋੜਕੇ ਰਜਬ ਅਲੀ ਨੇ ਸੁਣਾਇਆ ਤੇ ਸਰਬੋਤਮ ਕਵੀਸ਼ਰ ਦਾ ਅਵਾਰਡ ਲੈਤਾ। ਰਜਬ ਅਲੀ ਦਾ ਸਭ ਤੋਂ ਵੱਡਾ ਗੁਣ ਏਹ ਸੀ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਹਨ੍ਹਾਂ ਨੇ ਤਿੰਨੇ ਕੌਮਾਂ ਦਾ ਬਰਾ-ਬਰੋਬਰ ਸਤਕਾਰ ਕਰਿਆ ਨਾਲੇ ਤਕਰੀਬਨ ਦੋ ਹਜ਼ਾਰ ਸਿੱਖ ਕਵਤਾਵਾਂ ਲਿਖੀਆਂ ਸੀ। ਲਿਖਣ ਨੂੰ ਤਾਂ ਮੇਰੇ ਅਰਗੇ ਨੌਤੀ ਸੌ ਲਿਖੀ ਜਾਂਦੇ ਨੇ ਪਰ ਬੈਂਤ, ਛੰਦ, ਦੋਹਰਾ, ਕਬਿੱਤ ਤੇ ਹੋਰ ਨਮੀਆਂ ਤਕਨੀਕਾਂ ਬਾਬੂ ਰਜਬ ਅਲੀ ਖਾਨ ਦੀ ਹੀ ਦੇਣ ਸੀ।
ਰਜਬ ਅਲੀ ਦੀ ਪਰਸਿੱਧੀ ਦੀ ਬਾਹਲ਼ੀ ਵਜ੍ਹਾ ਇਹੋ ਸੀ ਕਿ ਉਹ ਸੱਥ 'ਚ ਬੈਠੇ ਬਾਬਿਆਂ ਦੇ ਸਮਝ ਆਉਣ ਆਲ਼ੀ ਗੱਲ ਜਮਾਂ ਠੇਠ ਪੰਜਾਬੀ 'ਚ ਲਿਖਦੇ ਰਹੇ। ਰਜਬ ਅਲੀ ਖਾਨ ਹੋਣਾਂ ਦੀ "ਬਾਬੂ" ਦੇ ਅਹੁਦੇ ਤੋਂ ਪ੍ਰਮੋਸ਼ਨ ਹੋਣੀ ਸੀ। ਪਰ ਉਹਨ੍ਹੀਂ ਦਿਨੀਂ ਕਿਸੇ ਨੇ ਅੰਗਰੇਜ਼ਾਂ ਕੋਲ ਸ਼ਕੈਤ ਕਰਤੀ ਬੀ ਰਜਬ ਅਲੀ ਇਨਕਲਾਬੀ ਮਟੀਰੀਅਲ ਲਿਖਦਾ। ਤੇ ਜਦੋਂ ਅੰਗਰੇਜ਼ ਮਹਿਕਮੇ ਨੇ ਰਜਬ ਅਲੀ ਦੀ ਨਹਿਰੀ ਕੋਠੀ ਛਾਪਾ ਮਾਰਿਆ ਤਾਂ ਰੋਜ਼ਨਾਮਚੇ ਵਿੱਚ ਈ ਇਨਕਲਾਬੀ ਕਵਿਤਾਵਾਂ ਪਈਆਂ ਸੀ, ਜਿਸ ਕਰਕੇ ਰਜਬ ਅਲੀ ਪ੍ਰਮੋਟ ਨਾ ਹੋ ਸਕਿਆ।
ਤੇ ਸਭ ਤੋਂ ਖਾਸ ਗੱਲ ਅੱਜ ਕੱਲ੍ਹ ਟੀ. ਵੀ ਚੈਨਲਾਂ ਤੇ ਚੱਲਦਾ "ਨਾਬਰ" ਫਿਲਮ ਦਾ ਗੀਤ "ਪੰਜ ਪਸਤੌਲਾਂ ਵਾਲੇ ਕਰਦੇ ਫੈਰ ਫਿਰੰਗੀ ਤੇ",
ਏਹ ਗੀਤ ਬਾਬੂ ਰਜਬ ਅਲੀ ਖਾਨ ਹੋਣਾਂ ਦਾ ਈ ਲਿਖਿਆ ਵਾ। ਓਦੋਂ ਮੇਲਿਆਂ ਤੇ ਵੱਜਦੇ ਸੀ ਹੁਣ ਟੀ.ਵੀਆਂ ਤੇ ਵੀ ਰਜਬ ਅਲੀ ਵੱਜਦਾ...ਬੱਸ ਗੱਭਰੂ ਈ ਹੁੰਦੇ ਜਾਣਗੇ ਬਾਬੇ, ਕਦੇ ਨਹੀਂ ਮਰਦੇ.....ਘੁੱਦਾ

No comments:

Post a Comment