Thursday, 31 May 2012

ਜੇ ਨਾ ਪੈਂਦੀਆਂ ਮਾਰਾਂ

ਨਿਸ਼ਾਨ ਸੈਹਬ ਦੇ ਲਾਗਿਓਂ ਨਿੱਤ ਸੂਰਜ ਚੜ੍ਹਦਾ
ਪਾਠੀ ਸਿੰਘ ਦੇ ਬੋਲ ਤੇ ਪਿੰਡ ਉੱਠ ਹੈ ਖੜ੍ਹਦਾ
ਕਿਸੇ ਵਿਰਲੇ ਕੁੱਕੜ ਦੀ ਬਾਂਗ ਹੈ ਫਿਰ ਕੰਨੀਂ ਪੈਂਦੀ
ਸੁਆਣੀ ਚੱਕਕੇ ਬਾਲਟੀ ਮੱਝ ਥੱਲੇ ਬਹਿੰਦੀ
ਅੱਤ ਦਾ ਸੰਗੀਤ ਬਣਾਉਂਦੀਆਂ ਪਸੂਆਂ ਦੀਆਂ ਧਾਰਾਂ
ਕੀ ਰੀਸ ਸੀ ਦੇਸ਼ ਪੰਜਾਬ ਜੇ ਨਾਂ ਪੈਂਦੀਆਂ ਮਾਰਾਂ

ਟੈਟਰ ਖੇਤਾਂ ਨੂੰ ਤੋਰ ਲਏ ਸਭ ਜੱਟ ਭਰਾਵਾਂ
ਜਵਾਕ ਸਕੂਲਾਂ ਨੂੰ ਤੋਰਦੀਆਂ ਤਿਆਰ ਕਰਕੇ ਮਾਵਾਂ
ਕੁੱਤਿਆਂ ਘੋਰੇ ਪੱਟ ਲਏ ਥਾਂ ਠੰਢਾ ਮੱਲਣ ਨੂੰ
ਮੂਕੇ ਬੰਨ੍ਹਲੇ ਸੀਰੀਆਂ ਤਿੱਖੜ ਦੁਪੈਹਰੇ ਝੱਲਣ ਨੂੰ
ਸਿਰ ਤੋਂ ਲੈ ਅੱਡੀ ਤਾਂਈਂ ਵਗਦੀਆਂ ਨੇ ਮੁੜ੍ਹਕੇ ਦੀਆਂ ਧਾਰਾਂ
ਕੀ ਰੀਸ ਸੀ ਦੇਸ਼ ਪੰਜਾਬ ਦੀ ਜੇ ਨਾਂ ਪੈਂਦੀਆਂ ਮਾਰਾਂ

L.G ਦਾ ਏ ਸੀ ਬਣੀਆਂ ਨੇ ਬੋਹੜਾਂ ਦੀਆਂ ਛਾਵਾਂ
ਛੱਪੜ ਵਿੱਚ ਪਲਸੇਟੇ ਮਾਰਦੀਆਂ ਸਭ ਮੱਝਾਂ ਗਾਵਾਂ
ਸ਼ੱਕਰ ਭਿਓਂ ਕੇ ਘਿਓ ਨਾਲ ਦੁਪੈਹਰੇ ਰੋਟੀ ਖਾਈਏ
ਭਿੱਜੀ ਬੋਰੀ ਨਾਲ ਵਲ੍ਹੇਟੇ ਤੌੜੇ 'ਚੋਂ ਪਾਣੀ ਭਰ ਲਿਆਈਏ
ਦਿਨ ਦਸਮੀਂ ਦੇ ਪੂਜਦੇ ਲੋਕ ਮੜ੍ਹੀ ਮਜ਼ਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਭਰ ਟਰੈਲੀਆਂ ਮਾਘੀ ਬਸਾਖੀ ਤੇ ਲੋਕੀਂ ਮੇਲੇ ਵੱਜਣ
ਇੱਕ ਪਾਸੇ ਦੀਵਾਨ ਧਰਮਕੀ ਦੂਜੇ ਨਚਾਰਾਂ ਨੱਚਣ
ਮੁਟਿਆਰਾਂ ਚੰਡੋਲਾਂ ਝੂਟਦੀਆਂ ਚੋਬਰ ਝਾਕੇ ਲੈਂਦੇ
ਉੱਡਦੀ ਧੂੜ 'ਚ ਚਾਦਰਿਆਂ ਨਾ ਲਹਿੰਗੇ ਖਹਿੰਦੇ
ਬਜ਼ੁਰਗ ਰੀਝਾਂ ਨਾ ਸੁਣਦੇ ਨੇ ਯੋਧਿਆਂ ਦੀਆਂ ਵਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਦਿਨ ਨਰਮੇ ਦੇ ਬਖਤੌਰ ਮਿਸਤਰੀ ਫਿਰ ਕਸੀਏ ਚੰਡਦਾ
ਖੂਹ ਆਲੀ ਡੱਗੀ ਕੋਲੇ ਮੋਚੀ ਅੱਜ ਵੀ ਜੋੜੇ ਗੰਢਦਾ
ਚੱਕ ਗੋਹੇ ਦਾ ਬੱਠਲ ਰੀਸੇ ਮਾਂ ਦੀ ਧੀ ਪਾਥੀਆਂ ਪੱਥੇ
ਜਵਾਕ ਨਿਸ਼ਾਨੇ ਮਾਰਦੇ ਦੇਖ ਮਖਿਆਲ ਦੇ ਛੱਤੇ
ਸ਼ੈਹਦ ਚੋਇਆ ਧੂੰਆਂ ਬਾਲਕੇ ਮੱਖੀਆਂ 'ੜਾ ਹਜ਼ਾਰਾ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਮੂੰਹ ਬੰਦ ਅਗਲੇ ਦਾ ਕਰ ਦੇਂਦੇ ਬਾਬਿਆਂ ਨੂੰ ਐਸੀ ਗੱਲ ਹੈ ਫੁਰਦੀ
ਸਦਕੇ ਪਿੰਡ ਦੀਆਂ ਸੱਥਾਂ ਦੇ ਜਿੱਥੋਂ ਸਿਆਸਤ ਹੈ ਤੁਰਦੀ
ਲੰਘਦੇ ਟੱਪਦੇ ਮੱਥਾ ਟੇਕਣ ਪਿੰਡ ਘੁੱਦੇ ਦੇ ਸਕੂਲ ਨੂੰ
ਲੁਣ ਗੰਢੇ ਨਾਲ ਬਾਹਰ ਕੱਢਦੇ ਪੈਰ 'ਚ ਵੱਜੀ ਸੂਲ ਨੂੰ
ਟੁੱਟੇ ਨੀਂਹ ਪੱਥਰ ਦੇਂਹਦੇ ਨੇ ਬਦਲਦੀਆਂ ਸਰਕਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਬਾਈ ਛਿੰਦੇ ਦੇ ਘੜੁੱਕੇ ਤੇ ਬੱਜਦੇ ਮਰਜਾਣੇ ਮਾਨ ਦੇ ਗਾਣੇ
ਦੁਮਾਲੇ ਵਿੱਚ ਖੰਡੇ ਫੱਬਦੇ ਸੋਹਣੇ ਨਹਿੰਗਾਂ ਦੇ ਬਾਣੇ
ਕੰਧ ਤੇ ਲੱਗੇ ਮੈਡਲ ਨਿਹਾਰਦਾ ਸਾਬਕਾ ਬਖਤੌਰਾ ਫੌਜੀ
ਤ੍ਰੇਲੇ ਰਾਹ ਤੇ ਪੋਸਤੀਏ ਦੀ ਪੈੜ ਲੱਭਦਾ ਤੜਕੇ ਅਮਲੀ ਖੋਜੀ
ਛੜੇ ਰੁਲਦੂ ਨੂੰ ਪੈਂਦੀਆਂ ਭਰਜਾਈਆਂ ਦੀਆਂ ਫਿਟਕਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ....ਅੰਮ੍ਰਿਤ ਘੁੱਦਾ

Tuesday, 29 May 2012

ਘੁੱਦੇ ਦੇ ਕੌਡੀ ਸਟਾਰ

ਕੇਰਾਂ ਭਰਾਵਾ ਘੁੱਦੇ ਦੀ ਜੰਤਾ ਅਨੰਦਪੁਰ ਮੇਲੇ ਤੇ ਬੱਗ ਗੀ। ਮੇਲਾ ਮੂਲਾ ਵੇਖ ਕਹਿੰਦੇ ਚਲੋ ਸਾਰੇ ਗੁਰਦਆਰੇ ਦੇਖਕੇ ਚੱਲਾਂਗੇ।
ਲੀੜੇ ਸੀਗੇ ਪਾਉਣ ਜੋਗਰੇ ਨਾਲ।
ਵਾਹਵਾ ਦਰਸ਼ਨ ਮੇਲੇ ਕੀਤੇ ਭਾਈ ਏਹਨਾਂ ਨੇ ਤਾਂ। ਤੇ ਮੁੜਕੇ ਕਹਿੰਦੇ ਜਗਰਾਉਂ ਕੋਲੇ ਨਾਨਕਸਰ ਗੁਰਦਆਰਾ ਵੀ ਵੇਂਹਨੇ ਆ
ਨਾਲੇ ਉੱਥੇ ਪੈਸਿਆਂ ਦਾ ਮੱਥਾ ਨੀਂ ਟਕਾਉਂਦੇ। ਜਾਵੜੇ ਭਰਾਵਾ।
ਇਹਨਾਂ ਦੇ ਹੱਥਾਂ 'ਚ ਸਾਬਤੇ ਕੇਲੇ ਨੰਗੇ ਕਰਕੇ ਫੜ੍ਹੇ ਵਏ ਤੇ ਦੂਜੇ ਹੱਥ 'ਚ ਹਰੇਕ ਦੇ ਪੰਜਾਂ ਦਾ ਮਰੂੰਡਿਆਂ ਆਲਾ ਪੈਕਟ।
ਬਾਬਿਆਂ ਨੇ ਦੂਰੋਂ ਈ ਵੇਖ ਲਿਆ ਤੇ ਕਹਿੰਦਾ ਬੀ ਬਠਿੰਡੇ ਬੰਨੀਂ ਦੀ ਸੰਗਤ ਆਉਂਦੀ ਆ ਚਾਹ ਧਰਲੋ ।
ਸਾਡੇ ਆਲ਼ੀ ਜੰਤਾ ਨੇ ਦੋ ਆਰੀ ਚਾਹ ਆਲੀਆ ਬਾਟੀਆਂ ਦਾ ਥੱਲਾ ਕੱਢਤਾ ਤੇ ਮੁੜਕੇ ਫੇਰ ਤਿਹਾਏ ਕਾਂ ਅੰਗੂ ਚਾਹ ਦੀ ਕੇਤਲੀ ਵੰਨੀ ਝਾਕਣ
ਜੰਤਾ ਨੂੰ ਪਤਾ ਸੀ ਬੀ ਬਾਬਿਆਂ ਨੇ ਸਾਨੂੰ ਕਮਰਾ ਤਾਂ ਦੇਣਾ ਨੀਂ ਸਕੀਮ ਲਾਉਣੀ ਪਊ।
ਏਹਨਾਂ ਨੇ ਕੰਧਾਂ ਤੇ ਲੱਗੇ ਕਬੱਡੀ ਟੂਰਨਾਮੈਂਟਾਂ ਦੇ ਪੋਸਟਰ ਪੜ੍ਹਲੇ ਤੇ ਬਾਬਿਆਂ ਨੂੰ ਕਹਿੰਦੇ ਜੀ ਅਸੀਂ ਫਲਾਣੇ ਪਿੰਡ ਕਬੱਡੀ ਖੇਡਣ ਆਏ ਆਂ ਤੇ ਸਾਨੂੰ ਰਾਤ ਖਾਤਰ ਕਮਰਾ ਦੇਦੋ।
ਕਮਰਾ ਦੇਤਾ ਭਰਾਵਾ। ਤੜਕੇ ਬਾਬਾ ਆਕੇ ਜੰਤਾ ਦੇ ਪੈਰਾਂ ਆਲ਼ੇ ਪਾਸਿਓਂ ਕੰਬਲ ਖਿੱਚੀ ਜਾਵੇ ਬੀ ਉੱਠੋ ਗੁਰਮੁਖੋ।
ਗੁਰਮੁਖ ਪਾਸਾ ਨਾ ਲੈਣ । ਬਾਬਾ ਬੋਲਿਆ ਕਹਿੰਦਾ ਮੁੰਡਿਓ ਤੁਸੀਂ ਕਿੰਨੇ ਵੇਟ 'ਚ ਕਬੱਡੀ ਖੇਡਦੇ ਆਂ।
ਮਲੂਕੇ ਆਲ਼ਿਆਂ ਦਾ ਪਿੰਦੂ ਬੋਲਦਾ ਅਖੇ ਜੀ ਬਾਹਟ ਕਿੱਲੋ ਮੈਚ ਲਾਮਾਂਗੇ।
ਬਾਬਾ ਕਹਿੰਦਾ ਆਜੋ ਫਿਰ ਚਾਹ ਪੀਲੋ, ਬਾਹਰ ਬਾਹਟ ਕਿਲੋ ਆਲੇ ਮੁੰਡੇ ਖੜ੍ਹੇ ਆ। ਆਜੋ ਥੋਡਾ ਮੈਚ ਵੇਖੀਏ
ਜੰਤਾ ਨੂੰ ਤ੍ਰੇਲੀ ਆਗੀ ਬੀ ਮਾਰਤੇ ਭੈਣਦੇਣਿਓਂ ਚੌੜ ਚੌੜ 'ਚ। ਵਿਰੋਧੀ ਟੀਮ ਆਲੇ ਮੁੰਡੇ ਜਾਂਘੀਏ ਪਾਈ ਫਿਰਨ ਗਰੌਂਡ 'ਚ ਸਾਡੇ ਆਲ਼ਿਆਂ ਦੀਆਂ ਗਿੱਡਾਂ ਨਾ ਲਹੀਆਂ ਅਜੇ। ਬਾਬੇ ਨੂੰ ਕਹਿੰਦੇ ਆਗੇ ਜੀ।
ਪਿਛਲ਼ੀਆਂ ਕੰਧਾਂ ਤੋਂ ਦੀ ਛਾਲਾਂ ਮਾਰਕੇ ਵਾਹਣੋ ਵਾਹਣੀ ਹੋਗੇ ਕੌਡੀ ਦੇ ਸਟਾਰ।

Monday, 28 May 2012

ਗੁਰੂਆਂ ਪੀਰਾਂ ਦੀ ਧਰਤੀ ਤੇ

ਬਿਹਾਰੋਂ ਤੁਰੀ ਰੇਲ ਜੀ ਇੱਕ ਵੱਲ ਪੰਜਾਬ ਦੇ
ਬੁੱਲਾਂ 'ਚ ਜਰਦਾ ਥੁੱਕ ਪਿਚਕਾਰੀ ਕੀ ਕਹਿਣੇ ਜਨਾਬ ਦੇ
ਤੇੜ ਬੰਨ੍ਹੀ ਲੁੰਗੀ ਤੇ ਮੋਢੇ ਰੱਖਿਆ ਪਰਨਾ ਜੀ
ਝੋਨੇ ਕਾ ਸੀਜ਼ਨ ਨੇੜੇ ਸਰਦਾਰ ਕਾਮ ਹੈ ਕਰਨਾ ਜੀ
ਕਹਿੰਦਾ ਏਹੀ ਦੋ ਮਹੀਨੇ ਹਮਾਰੀ ਕਮਾਈ ਆ
ਟੇਸ਼ਨ ਤੇ ਬੈਠਾ ਬਾਬਾ ਕਹਿੰਦਾ ਬਿਹਾਰੋਂ ਲੇਬਰ ਆਈ ਆ

ਕਨੈਡਾ ਪੰਜਾਬ ਨੂੰ ਕਹਿੰਦੇ ਤਾਂਹੀਓ ਏਧਰ ਨੂੰ ਆਉਂਦੇ ਨੇ
ਲੱਕ ਸਿੱਧਾ ਨੀਂ ਕਰਦੇ ਤਿੱਖੜ ਦੁਪੈਹਰੇ ਝੋਨਾ ਲਾਉਂਦੇ ਨੇ
ਰੇਲ ਚੌਲਾਂ ਦੀ ਬਣਾਕੇ ਤਲਬ ਮੂੰਹ 'ਚ ਠੋਕ ਲੈਂਦੇ
"ਸਰਦਾਰ ਚਾਹ ਲੇਕਰ ਆ ਰਿਹਾ" ਦੂਰੋਂ ਈ ਘੋਖ ਲੈਂਦੇ
ਨਾਲੋ ਨਾਲ ਫੂਨ ਤੇ "ਦਿਲਵਾਲੇ" ਫਿਲਮ ਦੇ ਗਾਣੇ ਲਾਉਂਦੇ ਨੇ
ਬਹੁਤੀ ਵੱਟਤ ਘੱਟ ਖਰਚਾ ਪੈਸੇ ਬਿਹਾਰ ਘਲਾਉਂਦੇ ਨੇ

ਕੂਲਰ ਛੱਡਕੇ ਸੌਂ ਜਾਂਦੀ ਆਪਣੇ ਆਲੀ ਜੰਤਾ ਬਈ
ਪੈਲੀ ਵੇਚ ਕਨੇਡੇ ਤੁਰ ਗਿਆ ਢਿਲੋਆਂ ਦਾ ਕੰਤਾ ਬਈ
ਸੁਣਿਆ ਗੋਰੇ ਉਹਤੋਂ ਫਲੱਸ਼ਾਂ ਬਹੁਤ ਸਾਫ ਕਰਾਉਂਦੇ ਨੇ
ਸੀਰੀਆਂ ਤੇ ਹੁਕਮ ਚਲਾਉਣ ਆਲੇ ਉੱਥੇ ਪੋਚੇ ਲਾਉਂਦੇ ਨੇ
ਘਰੇ ਗੱਲ ਕਰਨੈ ਨੂੰ ਉਹਨੇ ਸਕੈਪੀ ਤੇ ਆਈ ਡੀ ਬਣਾਈ ਆ
ਔਨਲਾਈਨ ਹੰਝੂ ਕੇਰਦਾ ਪਾਉਂਦਾ ਬਹੁੜ ਦੁਹਾਈ ਆ

ਐਮ.ਏ ਕਰਕੇ ਵਿਹਲਾ ਹੁਣ ਗੱਭਰੂ ਖੇਤ ਜਾਣ ਤੋਂ ਡਰਦਾ ਆ
ਖੇਤੀ ਨੂੰ ਹੁਣ ਹੀਣਤਾ ਸਮਝੇ ਜੌਬਾਂ ਲਈ ਅਪਲਾਈ ਕਰਦਾ ਆ
ਕੱਲਾ ਬਹਿਕੇ ਗੀਤ ਲਿਖਦਾ ਜ਼ਹਾਜੇ ਚੜ੍ਹੀ ਮਸ਼ੂਕ ਦੇ
ਕਹਿੰਦਾ ਵਿਛੜਨ ਲੱਗੀ ਦੇ ਬੋਲ ਤੇਰੇ ਕੰਨਾਂ ਵਿੱਚ ਕੂਕਦੇ
ਹੁਣ ਲੌਨ ਬੈਂਕ ਤੋਂ ਲੈਕੇ ਕਹਿੰਦਾ ਟੇਪ ਕਰਾਉਣੀ ਆ
ਪਾਇਰੇਸੀ ਆਲੇ ਖਾ ਜਾਣਗੇ ਕਿੱਥੋਂ ਰਾਸ ਇਹ ਆਉਣੀ ਆ

ਸੁਣਿਆ ਪੰਜ-ਆਬਾਂ ਦੇ ਅੰਦਰ ਹੈਰੋਇਨ, ਸਮੈਕਾਂ ਵਿਕਦੇ ਨੇ
ਜਵਾਨੀਓਂ ਪਹਿਲਾਂ ਬੁੱਢੇ ਲੱਗਦੇ ਨਾ ਰਿਸ਼ਤੇ ਆਲੇ ਟਿਕਦੇ ਨੇ
ਓਤੋਂ ਆਈ ਟਵੰਟੀ ਮੰਗਦੇ ਜੀਹਨੂੰ ਚਾਰ ਕਿੱਲ੍ਹੇ ਆਉਂਦੇ ਨੇ
ਊਂ ਕਹਿਣਗੇ ਕੋਈ ਮੰਗ ਨੀ ਫਿਰ ਵੀ ਸਾਲੇ ਲਿਸਟ ਬਣਾਉਂਦੇ ਨੇ
ਭੈਣੀ ਯਾਹਵੇ ਦਾਜ ਖਾਤਰ ਕੁੜੀਆਂ ਨੂੰ ਅੱਗਾਂ ਲਾਉਂਦੇ ਨੇ
ਉਤੋਂ ਹਰਾਮੀ ਪੜ੍ਹੇ ਲਿਖੇ ਇੱਕੀਵੀਂ ਸਦੀ ਦੇ ਪੁਰਖ ਕਹਾਉਂਦੇ ਨੇ

ਲੱਕ ਤੇ ਪੈਂਟ ਨੀਂ ਖੜ੍ਹਦੀ ਉਂ ਕਹਿਣਗੇ ਬੌਡੀ ਬਣਾਈ ਆ
ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ ਕਹਿਣ ਥੋਡੀ ਭਰਜਾਈ ਆ
ਸਕੀ ਭੈਣ ਦਾ ਮੋਹ ਨੀਂ ਕਰਦੇ ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ
ਸ਼ਕਲ ਨੀਂ ਵੇਂਹਦੇ ਆਵਦੀ ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ
ਭਗਤ ਸਿਹੁੰ ਦੀਆਂ ਗੱਲਾਂ ਕਰਦੇ ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ
ਗੁਰੂਆਂ ਪੀਰਾਂ ਦੀ ਧਰਤੀ ਤੇ ਘੁੱਦਿਆ ਪਿੰਡੇ ਵਿਕਦੇ ਨਾਰਾਂ ਦੇ...ਘੁੱਦਾ

Saturday, 26 May 2012

ਬੇਦਾਵਾ

ਯਖ ਠੰਡੀ ਰੱਖਿਓ ਸਾਡੇ ਹਿੱਸੇ ਦੀ ਤਵੀ
ਕੋਈ ਲੋੜ ਨੀਂ ਰੇਤਿਆਂ ਦੀ
ਮੂੰਹੋਂ ਬੋਲੋ..
ਮੰਨੇ ਮਨਾਂਏ ਆਂ ਅਸੀਂ ਤਾਂ
ਅਸੀਂ ਤਾਂ ਉਹਦੇ ਆੜੀ ਆਂ ਜਿਹੜਾ ਬਾਬਾ ਲੰਮੀ ਬਾਂਹ
ਕਰਕੇ ਘੋੜੇ ਤੋਂ ਜਵਾਕ ਲਾਹੁਦਾਂ ਹੁੰਦਾ
ਖਬਰਦਾਰ ਜੇ ਕਿਸੇ ਨੇ ਚੰਦੂ ਦੇ ਨੱਕ ਨਕੇਲ ਪਾਈ
ਪਤੰਦਰੋਂ ਚੰਦੂ ਤਾਂ ਘਰ ਘਰ ਬੈਠਾ
ਕੀਹਦੇ ਕੀਹਦੇ ਪਾਓਂਗੇ
ਆਵਦੇ ਈ ਪਾ ਲਿਓ
ਧਿਆਨ ਰੱਖੀਂ ਤੂੰਵੀਂ ਬਾਜ਼ਾਂ ਆਲਿਆ
ਸਟੇਜ ਤੇ ਖੜ੍ਹਕੇ ਸੀਸ ਨਾ ਮੰਗੀਂ
ਸਿਰ ਤਾਂ ਬਹੁਤ ਨੇ ਤੇਰੇ ਜੋਗੇ
ਪਰ ਸੀਸ ਹੈਨੀ
ਅਨੰਦਪੁਰੋਂ ਭੱਜਕੇ ਖਿਦਰਾਣੇ ਨੀਂ ਲੜਨਾ ਅਸੀਂ
ਵੇਖੀਂ ਕਿਤੇ ਸਾਡਾ ਖੂਨ ਵੇਖਕੇ
ਤੇਰਾ ਮਨ ਪਿਘਲਜੇ
ਖੂਨ ਦੀ ਤਸੀਰ ਵੇਖਲੀਂ..ਯਖ ਠੰਡੀ
ਐਂਤਕੀ ਬੇਦਾਵਾ ਨਾ ਪਾੜੀਂ
ਜੇਬ 'ਚ ਰੱਖੀਂ
ਸੁਣਿਆ ਜ਼ੁਬਾਨ , ਜ਼ੁਬਾਨ ਕਰਨ ਲਈ ਹੁੰਦੀ ਆ?
ਹੁਣ ਹੋਰ ਰਸ ਵੀ ਭੋਗਦੇ ਆਂ ਏਸ ਜ਼ੁਬਾਨ ਨਾਲ
ਕਿਤੇ ਫੇਰ ਦੱਸਾਂਗੇ..ਹੁਣ ਸੰਗ ਲੱਗਦੀ ਆ
ਤੇਰੇ ਪੱਟ ਤੇ ਸਿਰ ਰੱਖ
ਬੇਦਾਵਾ ਪਾੜਨ ਲਈ ਬੁੜਬੁੜਾਵਾਂਗੇ ਅਸੀ
ਸੁਣਿਆ ਓਦੋਂ ਤਾਂ ਇੱਕ ਸਫੇ ਦਾ ਸੀ ਬੇਦਾਵਾ
ਝੱਟ ਦੋ ਟੋਟੇ ਕੀਤੇ ਸੀ
ਹੁਣ ਕਿਵੇਂ ਪਾੜੇਂਗਾ?
ਏਨੇ ਬੇਦਾਵੇ ਜੁੜਕੇ ਬਣੀ ਕਿਤਾਬ ਨੂੰ?...ਘੁੱਦਾ

Thursday, 24 May 2012

ਨਾਗਵਲ ਪਿਆ ਮਿੱਤਰਾ

ਨਵੀਂ ਨਵੀਂ ਜੀ ਹਵਾ ਇਹ ਚੱਲੀ ਰੁਕਦੀ ਨਹੀਂ ਰੁਕਾਈ
ਕੁੜੀ ਜੱਟਾਂ ਦੀ ਉੱਧਲ ਕੇ ਸੁਣਿਆ ਸੇਠਾਂ ਦੇ ਘਰ ਆਈ
ਘਰਦਿਆਂ ਕੋਂਲੋ ਆਕੀ ਹੋਕੇ ਆਪੇ ਰਿਸ਼ਤਾ ਫਿੱਟ ਕਰਿਆ
ਕੱਢ ਦੁਨਾਲੀ ਪ੍ਰੇਮੀ ਠੋਕਤਾ ਪਿਆ ਚੌਂਕ ਵਿੱਚ ਧਰਿਆ
ਆਨਰ ਕਿਲਿੰਗ ਦਾ ਕੇਸ ਬਣਾਕੇ ਹੁਣ ਜੱਟ ਨੂੰ ਅੰਦਰ ਕਰਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਸੰਤਾਲੀ ਪਿੱਛੋਂ ਦੇਸ਼ ਵੰਡਕੇ ਦੋ ਟੋਟੇ ਸੀ ਕਰਤੇ
ਵਾਢੀ ਕਰ ਬੰਦਿਆਂ ਦੀ ਫਿਰ ਰੇਲਾਂ ਦੇ ਡੱਬੇ ਸੀ ਭਰਤੇ
ਓਦੋਂ ਤੋਂ ਈ ਇੱਕ ਮੁੱਦਾ ਜੰਮੂ -ਕਸ਼ਮੀਰ ਦਾ ਨਿੱਤ ਭੜਕੇ
ਅਗਲੇ ਕਹਿੰਦੇ ਸਾਡਾ ਏਰੀਆ ਲੈਲਾਂਗੇ ਹੱਕ ਲੜਕੇ
ਇੰਡੀਆ ਵੀ ਹਿੱਕ ਠੋਕ ਆਖਦਾ ਆਜੋ ਕੀਹਨੇ ਹੱਥ ਲਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਹੱਕਾਂ ਦੀ ਨਿੱਤ ਮੰਗ ਉੱਠਾਉਦੇਂ ਮਨੀਪਾਲ ਦੇ ਜੰਗਲ
ਕਹਿੰਦੇ ਏ.ਕੇ ਸੰਤਾਲੀ ਨਾਲ ਤੋੜਨਾ ਲੋਕਤੰਤਰ ਦਾ ਸੰਗਲ
ਤੇੜ ਲਪੇਟੇ ਪੱਤਿਆਂ 'ਚੋਂ ਨਿਕਲਣ ਆਜ਼ਾਦੀ ਦੀਆਂ ਲਾਟਾਂ
ਕਾਮਰੇਡਾਂ ਦੀ ਸੋਚ ਧਾਰਕੇ ਸੁਨਣ ਮਾਕਸ, ਲੈਨਿਨ ਦੀਆਂ ਬਾਤਾਂ
ਵੋਟ ਤੋਂ ਵਾਂਝੇ ਰੱਖੇ ਜਿਹੜੇ ਚਾਹੁੰਦੇ ਲੋਕ ਸਭਾ ਤੱਕ ਆਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਵਿੱਚ ਚੌਰਾਸੀ ਹਜ਼ਾਰਾਂ ਮਾਰਤੇ ਨਾ ਸਜ਼ਾ ਕਿਸੇ ਨੂੰ ਹੋਈ
ਮੋਟਰਸੈਕਲ ਆਲੇ ਇੱਕ ਅਫਸਰ ਠੋਕਗੇ ਓੱਤੇ ਲਈ ਸੀ ਲੋਈ
ਪੁਲਾਂ ਰੋਹੀਆਂ ਚੋਂ ਲੱਭੀਆਂ ਲਾਸ਼ਾ ਜਾਅਲੀ ਮੁਕਾਬਲੇ ਹੋਏ
ਬਚਦੇ ਪੁੱਤ ਵਲੈਤ ਤੋਰਤੇ ਲੈ PR ਪੱਕੇ ਹੋਏ
ਸੁੱਤਿਆਂ ਦਿਸਣ ਯਾਰਾਂ ਦੀਆਂ ਲਾਸ਼ਾ ਚਾਹੁੰਦੇ ਖਾਲਿਸਤਾਨ ਬਣਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਵਾਹਗੇ ਤਾਂਈ ਸੁਣਦਾ ਲਾਹੌਰ ਲੱਗਿਆ ਜੇਹਾਦ ਦਾ ਨਾਅਰਾ
ਸੁੰਨੀ ਸ਼ੀਆ ਦੀ ਡਾਂਗ ਖੜਕਦੀ ਚੜ੍ਹਿਆ ਪਿਆ ਏ ਪਾਰਾ
ਐਬਟਾਬਾਦ ਲਾਦੇਨ ਠੋਕਤਾ ਉਬਾਲੇ ਅਲ-ਕਾਇਦਾ ਹੁਣ ਮਾਰੇ
ਕਹਿੰਦੇ ਕੱਲਾ ਕੱਲਾ ਠੋਕਣੇ ਬੈਠੇ ਵਾਈਟ ਹਾਊਸ ਵਿੱਚ ਸਾਰੇ
ਬਰੂਦ ਦੀ ਭਰਕੇ ਗੱਡੀ ਮਾਰਨੀ ਖੂਨ ਬੇਦੋਸ਼ਿਆਂ ਦਾ ਵਗਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਖੂਹ ਤੇਲ ਦੇ ਇਰਾਕ 'ਚ ਲੱਗੇ ਕਬਜ਼ਾ ਕਰੇ ਅਮਰੀਕਾ
ਸੱਦਾਮ ਹਸੈਨ ਸੂਲੀ ਚਾੜ੍ਹਤਾ ਹੱਥ ਲੱਗਿਆ ਨਵਾਂ ਤਰੀਕਾ
ਇਜ਼ਰਾਈਲ ਲਿਬਨਾਨ ਵਿਚਾਲੇ ਖੜਕੇ ਭੇਜੇ UNA ਨੇ ਗੱਭਰੂ ਪੂਰੇ
ਬੰਨ੍ਹ ਨੀਲੀਆਂ ਪੱਗਾਂ ਓੱਥੇ ਸ਼ਾਤੀ ਵੰਡਦੇ ਗੁਰੂ ਗੋਬਿੰਦ ਦੇ ਸੂਰੇ
ਛੱਡ ਦੁਨੀਆਂ ਨੂੰ ਘੁੱਦਿਆ ਚੱਕ ਟੋਕਰਾ ਹਲੇ ਪਸੂਆਂ ਨੂੰ ਨੀਰਾ ਪਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ....ਘੁੱਦਾ

ਪੰਜਾਬ ਨੂੰ ਨੰਬਰ ਇੱਕ ਬਣਾਤਾ

ਹੱਕ ਮੰਗਦੀ ਜੰਤਾ ਤੇ ਨਿੱਤ ਵਰ੍ਹਦੀ ਡਾਂਗ ਸਰਕਾਰੀ
ਖਾਲੇ ਥੋਡੀ ਕੁਰੱਪਸ਼ਨ ਨੇ ਵੇਲ ਵਾਗੂੰ ਵਧਦੀ ਬੇਰੁਜ਼ਗਾਰੀ
ਵਿਹਲੇ ਬੈਠੇ ਖੁੰਡਾਂ ਤੇ ਡਿਗਰੀਆਂ ਵਿੱਚ ਫਾਇਲਾਂ ਦੇ ਜੜੀਆਂ
ਕੀ ਰਾਖੀ ਕਰਨੀ ਸੀ ਕੁੱਤੀਆਂ ਚੋਰਾਂ ਦੇ ਨਾਲ ਰਲੀਆਂ
ਮੈਂ ਸੁਣਿਆਂ ਵਾੜਾਂ ਨੇ ਹੱਥੀਂ ਆਪ ਹੀ ਖੇਤ ਖਵਾਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਗੱਲ ਮੂੰਹ ਤੇ ਕਰਨੀ ਆ ਚਾਹੇ ਗੋਡੇ ਲੱਗੇ ਜਾਂ ਗਿੱਟੇ
ਸਾਡੀ ਪਾਟੀ ਸੁੱਥਣ ਤੇ ਡੁੱਲ੍ਹੇ ਮਾਹਵਾਰੀ ਦੇ ਛਿੱਟੇ
ਸਾਡਾ ਮੂੰਹ ਚਿੜਾਓਦੀ ਏ ਨਿੱਤ ਸ਼ਗਨਾਂ ਦੀ ਫੁਲਕਾਰੀ
ਰੰਗ ਉੱਡਿਆ ਚੂੜੇ ਦਾ ਸਾਡੀ ਮੱਤ ਫਿਕਰਾਂ ਨੇ ਮਾਰੀ
ਕੱਲ੍ਹ ਬੈਂਕ ਵਾਲਿਆਂ ਨੇ ਸਣੇ ਨਰਮੇ ਵਾਹਣ ਨੂੰ ਵਾਹਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਦਿਨ ਵੋਟਾਂ ਦੇ ਆਉਦੇਂ ਤਾਂ ਹੰਝੂ ਮਗਰਮੱਛਾਂ ਦੇ ਵਰਸਣ
ਵਾਰਿਸ ਊਧਮ ਸੁਨਾਮੀਏ ਦੇ ਅੱਜ ਇੰਗਲੈਂਡ ਜਾਣ ਨੂੰ ਤਰਸਣ
ਅੱਕ ਥੱਕ ਕੇ ਕਈ ਗੱਬਰੂ ਪੈਲੀ ਵੇਚ ਜ਼ਹਾਜ਼ੇ ਚੜ੍ਹਗੇ
ਪੰਜਾਂ ਸਾਲਾਂ ਤੋਂ ਪਰਤੇ ਮਾਂ ਦੇ ਸਿਵੇ ਕੋਲ ਆ ਖੜ੍ਹਗੇ
ਠੱਗੀ ਮਾਰ ਏਜੰਟਾਂ ਨੇ ਪੁੱਤ ਨੂੰ ਜੇਲ੍ਹੀਂ ਬੰਦ ਕਰਾਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਪੀ ਪੀ ਕਿਰਸਾਨਾਂ ਨੇ ਕਰਤੇ ਮੋਨੋ ਦੇ ਲੀਟਰ ਖਾਲੀ
ਰੰਗ ਪੀਲੇ ਨਾਰਾਂ ਦੇ ਓੱਡਗੀ ਸੁਰਖ ਬੁੱਲ੍ਹਾਂ ਦੀ ਲਾਲੀ
ਕਈਆਂ ਚੂੜੇ ਭੰਨ ਸੁੱਟੇ ਚੁੰਨੀਆਂ ਚਿੱਟੀਆਂ ਸਿਰ ਤੇ ਧਰੀਆਂ
ਹੱਥੀਂ ਗਲਾ ਘੋਟਤੇ ਨੇ ਫਿਰ ਬਣਾ ਦਿੰਦੇ ਨੇ ਮੜ੍ਹੀਆਂ
ਖੁਸਕੁਸ਼ੀਆਂ ਦੀਆਂ ਖਬਰਾਂ ਨੂੰ ਹਾਸ਼ੀਏ ਵਿੱਚ ਲਿਆਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ....ਘੁੱਦਾ

Tuesday, 22 May 2012

ਗੋਬਿੰਦ ਸਿੰਘ ਆ ਰਿਹੈ

ਬਿਹਾਰ  ਵਿੱਚ ਪਟਨਾ,ਵਾਪਰੀ ਘਟਨਾ
ਜੰਮਿਆ ਸੂਰਾ,ਗੱਲਾਂ ਦਾ ਪੂਰਾ
ਜਾਇਆ ਗੁਜ਼ਰੀ ਦੀ ਕੁੱਖੋਂ,
ਲਾਲੀ ਚਿਹਰੇ ਤੇ ਭਖਦੀ
ਵਾਹਿਗੁਰੂ ਆਖਿਆ ਸੀ ਮੁੱਖੋਂ
ਭੀਖਣ ਸ਼ਾਹ ਆਇਆ,ਦੋ ਕੁੱਜੇ ਲਿਆਇਆ
ਦੋਹਾਂ ਤੇ ਹੱਥ ਧਰਿਆ,ਭਰਮ ਦੂਰ ਕਰਿਆ
ਹਰਾਨ ਕਰਤਾ ਭੀਖਣ ਨੂੰ
ਪੀਰ ਅਸ਼ ਅਸ਼ ਕਰ ਉੱਠਿਆ
ਤੱਕਕੇ ਬੁੱਧੀ ਤੀਖਣ ਨੂੰ
ਮਾਸੂਮ ਜਾ ਮੁੱਖੜਾ ,ਜਿਓਂ ਚੰਨ ਦਾ ਟੁੱਕੜਾ
ਗੱਲਾਂ ਵੱਡੀਆਂ ਸੁਣਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਲਏ ਸ਼ਸ਼ਤਰ ਧਾਰ, ਤੇਜ਼ ਘੋੜ-ਸਵਾਰ
ਤਲਵਾਰ ਚਲਾਉਂਦਾ, ਆਹੂ ਲਾਹੁੰਦਾ
ਜੁਗਤਾਂ ਬਣਾਈਆਂ ਕਰੇ ਲੜਾਈਆਂ,
ਬਣਾ ਮਿੱਤਰਾਂ ਦੀ ਟੋਲੀ
ਤੋਤਲੀ ਜੁਬਾਨ ਬੋਲ ਰਹੀ
ਸੋਹਣੀ ਪੂਰਬ ਦੀ ਬੋਲੀ
ਪੰਜਾਬੀ ਸਿੱਖਦਾ, ਫਾਰਸੀ ਲਿਖਦਾ
ਸਿੱਖੇ ਹਰਫ ਉਠਾਉਣੇ, ਜੀ ਤੀਰ ਚਲਾਉਣੇ
ਨਿਸ਼ਾਨੇ ਸੇਧ ਕੇ ਲਾ ਰਿਹਾ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਪੰਜਾਬ ਨੂੰ ਆਇਆ, ਜੀ ਨਗਰ ਵਸਾਇਆ,
ਜੀਹਨੂੰ ਅਨੰਦਪੁਰ ਕਹਿੰਦੇ ਨੇ
ਜਿੱਥੇ ਮਾਘੀ, ਵਸਾਖੀ ਤੇ ,ਖਾਲਸੇ ਜੁੜਕੇ ਬਹਿੰਦੇ ਨੇ
ਜੀ ਗੱਲ ਅਖੀਰੀ ,ਪੰਡਤ ਕਸ਼ਮੀਰੀ
ਸੀ ਰਲਕੇ ਆਏ , ਚਿਹਰੇ ਕੁਮਲਾਏ,
ਭੀਖ ਸਾਹਾਂ ਦੀ ਮੰਗਦੇ ਸੀ
ਡਰ ਤਾਨਾਸ਼ਾਹਾਂ ਦਾ
ਜੀ ਸਿਰ ਸੂਲੀ ਟੰਗਦੇ ਸੀ
ਉਮਰ ਨਿਆਣੀ, ਜੀ ਸੋਚ ਸਿਆਣੀ
ਜੰਜੂ ਦੀ ਰਾਖੀ, ਸੱਚੀ ਗੱਲ ਆਖੀ
ਪਿਤਾ ਦਿੱਲੀ ਨੂੰ ਘਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਸੀ ਜ਼ੁਲਮ ਦੇ ਘੇਰੇ ਜੀ ਚਾਰ ਚੁਫੇਰੇ
ਘਟਾ ਸੀ ਛਾਈ ਜੀ ਡਰੀ ਲੋਕਾਈ
ਮਾਮਲੇ ਭਰਦੇ ਡੰਡੇ ਤੋਂ ਡਰਦੇ
ਸਮਾਜ ਵੰਡਿਆ ਸੀ ਵਰਗਾਂ 'ਚ
ਛਾਇਆ ਸੀ ਮਾਤਮ
ਬਈ ਜਿਓਂ ਹੁੰਦਾ  ਮਰਗਾਂ 'ਚ
ਮੁਲ਼ਖ 'ਕੱਠਾ ਕਰਿਆ, ਖੰਡੇ ਤੇ ਹੱਥ ਧਰਿਆ
ਪੰਜ ਸੀਸ ਉੱਠੇ , ਜੀ ਲਾਲੇ ਗੁੱਠੇ
ਜੰਤਾ ਸੀ ਡਰਗੀ  ਕਨਾਤਾਂ ਪਾਰ ਕਰਗੀ
ਅੰਮ੍ਰਿਤ ਬਣਾਇਆ ਜੀ ਘੋਲ ਛਕਾਇਆ
ਪੰਜ ਪਿਆਰੇ ਜੀ ਰਾਜ ਦੁਲਾਰੇ
ਲਏ ਸ਼ਸ਼ਤਰਧਾਰ ਜੀ ਪੰਜ ਕਰਾਰ
ਨਵਾਂ ਪੰਥ ਸਜਾਕੇ ਜੀ
ਨਾਂ ਨਾਲ ਸਿੰਘ ਲਗਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਯੁੱਧ ਭੰਗਾਣੀ ਜੀ ਗੱਲ ਪੁਰਾਣੀ
ਸੰਤੋਂ ਬਣੇ  ਸਿਪਾਹੀ ਤੇਗ ਬੜੀ ਵਾਹੀ
ਅਨੰਦਪੁਰ ਛੱਡਿਆ ਕਾਲਜਾ ਵੱਢਿਆ
ਸਰਸਾ ਪਾਰ ਕੀਤੀ, ਸੱਚੀਂ ਹੱਡਬੀਤੀ
ਪਰਿਵਾਰ ਵਿਛੋੜਾ ਪੈ ਗਿਆ ਸੀ
ਹੋਗੇ ਤਿੰਨ ਹਿੱਸੇ, ਜੀ ਵੱਖਰੇ ਕਿੱਸੇ
ਸਮੇਂ ਦੀ ਚਾਲ ਬੁਰੇ ਸੀ ਹਾਲ
ਸਤਿਗੁਰਾਂ ਮੰਨਿਆ ਭਾਣੇ ਨੂੰ
ਹਿੱਕ ਜੋਰ ਨਾਲ ਡੱਕਰਿਆ
ਪਿੱਛੇ ਚੜ੍ਹੇ ਆਉਂਦੇ ਲਾਣੇ ਨੂੰ
ਠਾਹਰ ਨਵੀਂ ਫੜ੍ਹੀ, ਚਮਕੌਰ ਦੀ ਗੜ੍ਹੀ
ਗੱਲ ਨਿਰਾਲੀ , ਸਿੰਘ ਸੀ ਚਾਲੀ
ਸਵਾ ਲੱਖ ਨਾਲ ਇੱਕ ਲੜਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਅੱਖਾਂ ਦੇ ਤਾਰੇ, ਵੱਡੇ ਪੁੱਤ ਵਾਰੇ
ਆਪ ਫੜ੍ਹ ਹਥਿਆਰ ਹੋਏ ਜੰਗ ਨੂੰ ਤਿਆਰ
ਮੂਹਰੇ ਹੋ ਪੰਜ ਪਿਆਰੇ ਖੜ੍ਹਗੇ
ਥੋਡੀ ਲੋੜ ਪੰਥ ਨੂੰ ਜੀ
ਸੂਰਮੇ ਜਿੱਦ ਤੇ ਅੜਗੇ
ਸੰਗਤ ਸਿੰਘ ਨੂੰ ਕਲਗੀ ਲਾਤੀ, ਤਲਵਾਰ  ਫੜ੍ਹਾਤੀ
ਚਾਨਣੀ ਰਾਤ, ਦੂਰ ਪ੍ਰਭਾਤ
ਗੜ੍ਹੀ 'ਚੋਂ ਨਿਕਲੇ ਤਾੜੀ ਵਜਾਕੇ
ਮਾਛੀਵਾੜੇ ਪਹੁੰਚ ਗਏ ਕਈ ਵੈਰੀਆਂ ਦੇ ਸਿਰ ਲਾਹਕੇ
ਖਬਰ ਇੱਕ ਆਈ,  ਸ਼ਹੀਦੀ ਪਾਈ
ਛੋਟਿਆਂ ਪੁੱਤਰਾਂ ਇਤਿਹਾਸ ਰਚਾਇਆ
ਜੜ੍ਹ ਘਾਹ ਦੀ ਪੱਟ ਕਹਿੰਦੇ
ਤੇਰਾ ਅੰਤ ਔਰੰਗਿਆ ਆਇਆ
ਝੱਟ ਨੀਂਦਰ ਲੈਣੇ ਨੂੰ ਸਿਰ੍ਹਾਣਾ ਟਿੰਡ ਦਾ ਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਥਾਂ ਆਲਮਗੀਰ ,ਬਣ ਉੱਚ ਦਾ ਪੀਰ
ਕੇਸ ਸੀ ਖੁੱਲ੍ਹੇ ਮੰਜੇ ਤੇ ਬਹਿ ਗਿਆ
ਕੋਈ ਪੀਰ ਮੁਸਲਾਂ ਦਾ
ਫੌਜਾਂ ਨੂੰ ਭੁਲੇਖਾ ਪੈ ਗਿਆ
ਪੈਂਡੇ ਸੀ ਬਿਖੜੇ, ਗੁਰੂ ਦੇ ਸਿੱਖੜੇ
ਚੱਲੇ ਖਿਦਰਾਣੇ ,ਜੀ ਨਵੇਂ ਟਿਕਾਣੇ
ਜੰਗ ਹੋਇਆ ਜ਼ੋਰਾਂ ਦਾ
ਖੰਡਾ ਖੜਕਾਇਆ ਮਾਈ ਭਾਗੋ ਨੇ
ਇਹ ਇਤਿਹਾਸ ਨਹੀਂ ਚੋਰਾਂ ਦਾ
ਬੇਦਾਵਾ ਪਾੜ, ਲਡਾਏ ਲਾਡ
ਮੁਆਫ ਸੀ ਕਰਤਾ, ਨਵਾਂ ਨਾਂ ਧਰਤਾ
ਖਿਦਰਾਣੇ ਨੂੰ ਮੁਕਤਸਰ ਸਾਹਿਬ ਬਣਾ ਰਿਹੈ
 ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਓਥੋਂ ਚਾਲੇ ਸੀ ਪਾਏ, ਪਿੰਡ ਬਾਜਕ ਨੂੰ ਆਏ
ਘੁੱਦੇ ਦੇ ਨੇੜੇ, ਜੱਸੀ ਲਾਏ ਡੇਰੇ
ਪੁੱਜੇ ਤਲਵੰਡੀ, ਜਿੱਥੇ ਅੰਬਾਂ ਦੀ ਛਾਂ ਠੰਡੀ
ਜਗ੍ਹਾਂ ਇਕਾਂਤ, ਹੋਇਆ ਮਨ ਸ਼ਾਤ
ਮਨੀ ਸਿੰਘ ਬੁਲਾਇਆ , ਕੋਲ ਬਿਠਾਇਆ
ਕਲਮ ਫੜ੍ਹਾਈ, ਬਾਣੀ ਰਚਾਈ
ਗ੍ਰੰਥ ਨਵਾਂ ਰਚਤਾ
ਹੁਣ ਕੁੱਲ ਲੋਕਾਈ ਜਿਸਨੂੰ
ਝੁੱਕ ਝੁੱਕ ਕੇ ਕਰਦੀ ਸਜਦਾ
ਸਿੰਘ ਇੱਕ ਆਇਆ, ਬੰਦੂਕ ਲਿਆਇਆ
ਸੱਦ ਡੱਲੇ ਨੂੰ ਕੀਤੀ ਫਿਰ ਪਰਖ ਹਥਿਆਰ ਦੀ
ਪਾਣੀ ਹੋ ਗਿਆ ਡੱਲਾ
ਗੰਢ ਖੁਲ੍ਹਗੀ ਹੰਕਾਰ ਦੀ
ਦਮਦਮੇ ਸਿੰਘਾਂ ਦੀ ਇੱਕ ਛਾਉਣੀ ਬਣਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਦੱਖਣ ਨੂੰ ਚੱਲੇ , ਨਵੇਂ ਰਾਹ ਮੱਲੇ
ਗੋਦਾਵਰੀ ਕਿਨਾਰਾ ਜੀ ਅਜ਼ਬ ਨਜ਼ਾਰਾ
ਜਗ੍ਹਾ ਰਮਣੀਕ ਨਾ ਕੋਈ ਸ਼ਰੀਕ
ਦੀਵਾਨ ਨਿੱਤ ਸਜਦੇ, ਨਗਾਰੇ ਵੱਜਦੇ
ਦੱਖਣੀ ਸਿੱਖ ਪੜ੍ਹਨ ਗੁਰੂ ਦੀ ਬਾਣੀ
ਕੁਦਰਤ ਦੀ ਗੋਦ ਅੰਦਰ
 ਗੁਰਾਂ ਨੇ ਮੌਜ ਬਥੇਰੀ ਮਾਣੀ
ਗਿਆਰਵਾ ਗੁਰੂ ਥਾਪਿਆ ਜੀ ਫਿਰ ਗੁਰੂ ਗ੍ਰੰਥ ਨੂੰ
"ਗੁਰੂ ਮਾਨਿਓ ਗ੍ਰੰਥ" ਦਾ ਹੋਕਾ ਦਿੱਤਾ ਮਹਾਨ ਪੰਥ ਨੂੰ
ਓਥੇ ਇੱਕ ਡੇਰਾ, ਸਾਧ ਦਾ ਬਸੇਰਾ
ਮੰਜੇ ਤੇ ਬਿਠਾਉਦਾਂ, ਫੇਰ ਉਲਟਾਉਂਦਾ
ਪੂਰੇ ਕੌਤਕ ਦਿਖਾਉਦਾਂ ਸੀ
ਬਣੇ ਪੂਰਾ ਸਾਧੂ ਜੀ ਮਾਧੋ ਦਾਸ ਕਹਾਉਂਦਾ ਸੀ
ਗੁਰੂ ਫਿਰ ਆਇਆ, ਜੀ ਬੰਦਾ ਬਣਾਇਆ
ਉਹਨੂੰ ਸਿੰਘ ਸਜਾਕੇ ਜੀ ਪੰਜਾਬ ਨੂੰ ਘਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ........ ਘੁੱਦਾ