Wednesday, 17 October 2018

ਫੇਸਬੁਕੀਏ ਕਾਮਰੇਡ

ਫੇਸਬੁਕੀਏ ਕਾਮਰੇਡਾਂ ਜਿੱਡੇ ਲਾਹਣਤੀਏ ਕਿਤੇ ਨੀਂ ਦੇਖੇ। ਇਓਂ ਲੱਗਦਾ ਕਾਮਰੇਡ ਹੋਣ ਦਾ ਮਤਲਬ ਏਹੀ ਆ, ਕਿ ਜਿਹੜੇ ਪਾਸੇ ਸਿੱਖ ਖੜ੍ਹਗੇ ਤੁਸੀਂ ਬਸ ਓਹਤੋਂ ਉਲਟ ਚੱਲਣਾ। ਜੇ ਸਿੱਖਾਂ ਨੇ ਕਹਿਤਾ ਬੀ ਆਹ ਟਾਹਲੀ ਖੜ੍ਹੀ ਆ ਤਾਂ ਏਹ ਆਖਣਗੇ ਨਹੀਂ ਏਹਤਾ ਕਿੱਕਰ ਆ। ਫੇਰ ਦਲੀਲੋ ਦਲੀਲ। 
ਮੋਟੀ ਮੋਟੀ ਗੱਲ ਤਾਂ ਆਪਾਂ ਵੀ ਸਮਝਦੇ ਆਂ ਜਰ। ਕਮਿਊਨਿਜ਼ਮ ਸਮਾਜਵਾਦ ਦੀ ਗੱਲ ਕਰਦਾ ਬੀ ਸਾਰੇ ਇੱਕੋ ਜੇ ਹੋਣ। ਬਰਾਬਰੀ, ਭਾਈਵਾਲੀ ਹੋਵੇ। ਜੀ ਸਦਕੇ ਸਮਾਜ ਸੁਧਾਰੋ। ਦੱਸੋ ਕਿਹੜਾ ਸਿੱਖ ਆ ਜਿਹੜਾ ਥੋਡੇ ਮੂਹਰੇ ਅੜਦਾ। ਕੋਈ ਗਿੱਟਾ ਨਹੀਂ ਖਿੱਚਦਾ ਥੋਡਾ । ਹੱਕ ਬਰਾਬਰੀਆਂ ਚਾਹੀਦੀਆਂ ਤਾਂ ਸਰਕਾਰਾਂ ਨਾਲ ਮੱਥਾ ਲਾਓ।
ਅਸਲ ‘ਚ ਏਹ ਆਵਦੇ ਆਪ ਨੂੰ ਹਾਈਲਾਈਟ ਕਰਨ ਖਾਤਰ ਸਿੱਖ ਗੁਰੂ ਸਾਹਿਬਾਨਾਂ ਦਾ ਨਾਂ ਪਾਕੇ ਵਾਹਯਾਤ ਕਵਿਤਾਵਾਂ ਲਿਖੀ ਜਾਣਗੇ। ਫੇਰ ਲੋਕ ਵਿਰੋਧਤਾ ਕਰਦੇ ਆ ਤਾਂ ਏਹ ਮਸ਼ਹੂਰ ਹੁੰਦੇ ਆ। ਬਸ਼ੱਕ  ਥੂ ਥੂ ਈ ਸਹੀ। ਡੂਢ ਜੀਬੀ ਡਾਟਾ ਲਾਹ ਪਾਹ ਕਰਾਕੇ ਈ ਮੁੱਕ ਜਾਂਦਾ।
‘ਬਲੈਕ ਪ੍ਰਿੰਸ ‘ ਫਿਲਮ ਦੀ ਗੱਲ ਛਿੜੀ ਏਹਨ੍ਹਾਂ ਮਹਾਰਾਜਾ ਦਲੀਪ ਸਿੰਘ ਦੇ ਖਿਲਾਫ ਸਟੇਟਸ ਚਾੜ੍ਹੇ।
ਪੰਜਾਬੀ ਬੋਲੀ ਦੇ ਹੱਕ ‘ਚ ਲਹਿਰ ਉੱਠੀ। ਇਹ ਫੇਰ ਭੁੜਕੇ। ਪੰਜਾਬ ਦਾ ਖਾਕੇ ਪੰਜਾਬ ਦੀ ਖਿਲਾਫਤ , ਜਾ ਜਰ।
ਪਿੱਛੇ ਜੇ ਖਾਲਸਾ ਏਡ ਵਾਲੇ ਰਵੀ ਸਿੰਘ ਹੋਣਾਂ ਖਿਲਾਫ ਲਿਖੀ ਬੈਠੇ। ਧੰਨ ਉਹ ਸੂਰਮੇ ਰੋਹਿੰਗਿਆ, ਸੀਰੀਆ ਤੱਕ ਲੰਗਰ ਲੈਕੇ ਬਹੁੜੇ। ਨਿਆਸਰਿਆਂ ਦੇ ਆਸਰੇ ਬਣੇ।
ਕਿਤਾਬਾਂ ਆਵਦੀ ਥਾਂ ਹੁੰਦੀਆਂ। ਭੁੱਖੇ ਮੂਹਰੇ ਬਾਤ ਪਾਊ ਆਖੂ ਰੋਟੀ, ਕਿਤਾਬ ਫੇਰ। ਥੋਡੀਆਂ ਖੁੱਲ੍ਹੀਆਂ, ਭੀੜੀਆਂ , ਮੁਸ਼ਕੀਅਾਂ ਕਵਤਾਵਾਂ ਕਿਸੇ ਦਾ ਢਿੱਡ ਨੀਂ ਭਰਦੀਆਂ।
ਹੁਣ ਸਾਰਾ ਪੰਥ ਸਿੱਕੇ ਦੀ ਬਦਮਾਸ਼ੀ ਖਿਲਾਫ ਖਲੋਤਾ। ਅਖੇ ਖਵਾਜੇ ਦਾ ਗਵਾਹ ਡੱਡੂ, ਇਹ ਫਿਲਮ ਦੇ ਹੱਕ ‘ ਚ ਖਲੋਤੇ ਨੇ। ਗੱਲ ਚੇਤੇ ਰੱਖਿਓ ਪੰਜਾਬ ਗੁਰਾਂ ਦੇ ਨਾਂ ਤੇ ਈ ਵੱਸਦਾ ਤੇ ਵੱਸਦਾ ਰਹੂ

ਰੋਂਦੇ ਬਾਲ ਨਿਆਣੇ

ਰੋਂਦੇ ਬਾਲ ਨਿਆਣੇ ਵੇ
ਗੋਦ ਨੂੰ ਤਰਸੇ, ਬੰਬ ਜਦੋਂ ਵਰਸੇ
ਹੋਈ ਜਾਣ ਹਮਲੇ, ਕਰੇ ਲੋਕ ਕਮਲੇ
ਹੋਗੀ ਜਿੰਦ ਸਸਤੀ

ਕੀ ਖੋਜਾਂ ਸਾਇੰਸ ਦੀਆਂ
ਬੰਦਾ ਕੀ ਜਾਣੂ, ਬਣੇ ਪਰਮਾਣੂ
ਕਿਤੇ ਜੇ ਸਿੱਟਦੇ, ਪਲਾਂ ਵਿੱਚ ਮਿਟਜੇ
ਜੀਆਂ ਦੀ ਹਸਤੀ

ਸੀ ਆਸਾਂ ਝਾੜੂ ਤੋਂ
ਹਵਾ ਸੀ ਕਾਫੀ, ਮੰਗ ਗਿਆ ਮਾਫੀ
ਮਾਰ ਗਿਆ ਮੋਕ, ਬਾਣੀਆ ਲੋਕ
ਪਹੁੰਚਿਆ ਦਿੱਲੀ

ਭਵਾਂ ਬਣਜੇ ਸਿਓਨੇ ਦਾ
ਮੂੰਹ ਨੀਂ ਲਾਓਂਦੇ, ਵੋਟ ਨੀਂ ਪਾੳਂਦੇ
ਰੋਲਤੀ ਕਿੱਕਲੀ, ਥੈਲ਼ਿਓਂ ਨਿੱਕਲੀ
ਇਹਦੀ ਵੀ ਬਿੱਲੀ

ਰੀਝਾਂ ਕਰਨ ਪੂਰੀਆਂ ਜੀ
ਨਿਆਣੇ ਪੜ੍ਹਗੇ, ਜਹਾਜ਼ੀ ਚੜ੍ਹਗੇ
ਮਿਹਨਤਾਂ ਕਰਦੇ, ਜੇਬਾਂ ਫਿਰ ਭਰਦੇ
ਝੂਟਦੇ ਗੱਡੀਆਂ

ਮੰਦਭਾਗੇ ਮੁੜਦੇ ਨਾ
ਹੋਗੇ ਸੀ ਗ਼ੈਬ, ਕਰੇ ਕਿਡਨੈਪ
ਭੇਤ ਹੁਣ ਖੁੱਲ੍ਹਗੇ, ਇਰਾਕ ‘ਚ ਰੁਲਗੇ
ਰਹਿਗੀਆਂ ਹੱਡੀਆਂ

ਕੀ ਬਣੂ ਪੰਜਾਬ ਤੇਰਾ
ਸਿਆਸੀ ਭੇਡਾਂ , ਖੇਡੀ ਜਾਣ ਖੇਡਾਂ 
ਬਦਲਕੇ ਬਾਣੇ, ਓਹੀ ਦੋ ਲਾਣੇ
ਤਖ਼ਤ ਤੇ ਬਹਿਗੇ

ਸੌੰਹ ਖਾਕੇ ਗੁਟਕੇ ਦੀ
ਪੈਰ ਤੇ ਮੁੱਕਰੇ, ਲਾਏ ਲੋਕ ਨੁੱਕਰੇ
ਜਾਂਦੇ ਗੱਲ ਟਾਲੀ, ਖ਼ਜ਼ਾਨਾ ਖਾਲੀ
ਮੰਤਰੀ ਕਹਿਗੇ

ਨਾਂ ਲੈਕੇ ਪਾਤਸ਼ਾਹ ਦਾ
ਛੋਟੀਆਂ ਅਕਲਾੰ, ਕਰਦੀਆਂ ਨਕਲਾਂ
ਬੀੜੀਆਂ ਚਿਲ੍ਹਮਾਂ, ਬਣਾਓਂਦੀਆਂ ਫਿਲਮਾਂ
ਲੱਗੀ ਜਾਣ ਧਰਨੇ

ਬੁੱਤ ਪੂਜ ਬਣਾੳਂਦੇ ਐ
ਗੁਰੂ ਦੇ ਸਿੱਖ ਨੂੰ, ਵਿਗਾੜਨ ਦਿੱਖ ਨੂੰ
ਚੋਰਾਂ ਨਾਲ ਕੁੱਤੀਆਂ, ਕਮੇਟੀਆਂ ਸੁੱਤੀਆਂ
ਹੋ ਪਾਸੇ ਪਰਨੇ

ਲੱਗੀ ਨਜ਼ਰ ਕਿਸਾਨੀ ਨੂੰ
ਡਿੱਗੀ ਕੀ ਗ਼ਾਜ਼, ਵਿਆਜ ਤੇ ਵਿਆਜ
ਛੋਟੇ ਜਿੰਮੀਦਾਰੇ, ਨਾ ਉੱਠਣ ਵਿਚਾਰੇ
ਹੋ ਗਏ ਦਾਬੂ

ਚੁੱਲ੍ਹੇ ਬਲਦੇ ਲਿਮਟਾਂ ਤੇ
ਪਏ ਕਿਸ ਰਾਹੇ, ਲਈ ਜਾਣ ਫਾਹੇ
ਸੰਭਲਜੋ ਥੋੜ੍ਹਾ, ਖਰਚ ਬੇਲੋੜਾ
ਕਰਲਿਓ ਕਾਬੂ......ਘੁੱਦਾ

ਜਰਦਾ

ਪੰਜ ਸੱਤ ਦਿਨ ਹੋਗੇ ਗੱਲ ਨੂੰ। ਅਸੀਂ ਤਿੰਨ ਚਾਰ ਜਣੇ ਐਥੇ ਬਾਹਰ ਬੈਠੇ ਚੌਂਕੜੀ ਤੇ। ਗੱਲਾਂ ਕਰਦੇ ਕਰਦੇ ਸਹਿ ਸੁਭਾਅ ਇੱਕ ਨੇ ਤਾਂ ਜਰਦਾ ਕਿਓਂ ਨਾ ਕੱਢ ਲਿਆ ਗੀਝੇ ‘ਚੋ। ਬੋਲੀ ਉਂਗਲ ਤੇ ਗੂਠੇ ਦੇ ਸੰਨ੍ਹ ‘ਚ ਦੇਕੇ ਢੱਕਣ ਖੋਲ੍ਹਕੇ ਬਿੱਠ ਜਿੰਨੀ ਕਲੀ ਰਲਾਕੇ ਜਰਦਾ ਮਲਣ ਲਾਗਿਆ। ਸਾਡੇ ਨਾਲਦੇ ਨੇ ਟੋਕਤਾ ਕਹਿੰਦਾ,” ਕੰਜਦਿਆ ਜਰਦਾ ਜੁਰਦਾ ਨਾ ਲਾਇਆ ਕਰ ਭੈੜਾ ਲੱਗਦਾ ਨਾਏ ਤੇਰੇ ਘਰਦੇ ਲੜਨਗੇ”। 
ਕਹਿੰਦਾ ਸਾਡੇ ਘਰਦੇ ਨੀਂ ਲੜਦੇ ਜਰਦੇ ਤੋਂ। ਅਖੇ ਕਿਓਂ ?ਫੇਰ ਆਪੀ ਦੱਸਣ ਲੱਗ ਗਿਆ ਕਹਿੰਦਾ,” ਤੈਨੂੰ ਪਤਾ ਈ ਆ ਮੇਰਾ ਪਿਓ ਜਰਦਾ ਲਾਉਂਦਾ, ਕਹਿੰਦਾ ਕੇਰਾਂ ਰਾਤ ਨੂੰ ਉਹਨੂੰ ਜਰਦੇ ਦੀ ਭਲ ਉੱਠ ਖੜ੍ਹੀ । ਕਹਿੰਦਾ ਜਾ ਪੁੱਤ ਟਾਹਲਿਆ ਜਰਦਾ ਲਿਆ ਕੇ ਦੇ ਕੁੜਤੇ ‘ਚੋਂ ਲੈਜਾ ਦਸ ਰੁਪਏ। ਅਖੇ ਫੇਰ।
ਫੇਰ ਕੀ ਕਹਿੰਦਾ ਨੌਂ ਦੱਸ ਦਾ ਟੈਮ ਸਾਰੀਆਂ ਹੱਟਾਂ ਬੰਦ, ਮੈਂ ਕਹਿਤਾ ਭਾਪਾ ਜਰ ਐਸ ਟੈਮ ਨਹੀਂ ਮਿਲਦਾ ਜਰਦਾ । 
ਕਹਿੰਦਾ ਪੁੱਤ ਬਣੇ ਜਰਦੇ ਦਾ ਹੱਲ ਕਰ ਕਿਤੋਂ ਭਲ ਬਾਹਲੀ ਉੱਠੀ ਆ। ਅਖੇ ਫੇਰ। ਫੇਰ ਕਹਿੰਦਾ ਮੈਂ ਜੇਬ ‘ਚੋਂ ਕੱਢਕੇ ਪੁੜੀ ਭਾਪੇ ਦੀ ਥੇਹਲੀ ਤੇ ਧਰਤੀ । ਕਹਿੰਦਾ ਅਕੇ ਪੁੱਤ ਤੂੰਵੀ ਲਾਓਣ ਲਾਗਿਆ ਕਿ? ਕਹਿੰਦਾ ਹਾਂ ਭਾਪਾ। ਬਣਾ ਸਵਾਰਕੇ ਕਹਿੰਦਾ ਚਲ ਆਹਤਾ ਸੁਖ ਹੋਗਿਆ ਘਰੇ ਡੰਗ ਲਹਿ ਜਿਆ ਕਰੂ। ਐਹੇ ਜੀਆਂ ਨਸ਼ਾ ਵਿਰੋਧੀ ਮਹਿੰਮਾਂ ਛਿੜਦੀਆਂ ਪਿੰਡਾਂ ‘ਚ

ਦੋ ਗੱਲਾਂ

ਗੱਲਾਂ ਦੋ ਈ ਚੱਲਦੀਆਂ ਪੰਜਾਬ ‘ਚ
 — ਜਾਂ ਤਾਂ ਅਗਲਾ ਕਹਿ ਦਿੰਦਾ ਸ਼ੌਪਿੰਗ ਕਰਦੇ ਫਿਰਦੇ ਆਂ ਸਾਡੇਆਲੇ ਦਾ ਵੀਜ਼ਾ ਆ ਗਿਆ
— ਤੇ ਜਾਂ ਅਗਲਾ ਕਹਿ ਦਿੰਦਾ ਪੋਸਟਰ ਸ਼ੇਅਰ ਕਰਦੇ ਸਾਡੇਆਲੇ ਦਾ ਸਿੰਗਲ ਟਰੈਕ ਆ ਗਿਆ......ਘੁੱਦਾ

ਸਾਡੇ ਸੁਭਾਅ

ਸਾਡੇ ਸੁਭਾਅ ਈ ਏਸਰਾਂ ਦੇ ਬਣਗੇ। ਬੜਾ ਕੁਛ ਸੀ ਸਾਡੇ ਕੋਲ, ਸਾਂਭਿਆ ਨਹੀਂ ਜਾਂ ਸਾਂਭਣਾ ਨਹੀਂ ਚਾਹੁੰਦੇ। ਇਹ ਵੱਡਾ ਸ਼ਿਕਵਾ , ਸਾਨੂੰ ਟਕਨੌਲਜੀ ਵਰਤਣੀ ਨਹੀਂ ਆਓਂਦੀ। ਹੋਸ਼ਾਪਣ ਬੜਾ ਵੱਧ ਗਿਆ। ਇੱਕ ਹੱਥ ਨਾਲ ਦਾਨ ਕਰਦੇ ਆਂ ਦੂਜੇ ਨਾਲ ਸੈਲਫੀ ਲੈਕੇ ਫੇਸਬੁੱਕ ਤੇ ਚਾੜ੍ਹਦੇ ਆਂ। ਮਿਤੱਰਾਂ ਦੇ ਕੁਮੈਂਟ ਆਓਂਦੇ ਆ,” ਨਾਈਸ ਬਰੋ”, “ਬਹੁਤ ਵਧੀਆ ਸੋਚ ਜੀ”। ਫਾਨਿਆਂ ਦੇ ਭੁੱਖੇ ਆਂ। ਪਾਲਸ਼ਾ ਚਾਹੀਦੀਆਂ। ਕੱਲੇ ਕੱਲੇ ਕਮਿੰਟ ਥੱਲੇ ਥੈਂਕਸ ਥੈਂਕਸ ਲਿਖਦੇ ਆਂ। ਕਿਤੇ ਧਾਰਮਿਕ ਥਾਂ ਜਾਈਏ। ਓਥੋਂ ਦੀ ਇਤਿਹਾਸਕ ਮਹਾਨਤਾ ਨੂੰ ਨਹੀਂ ਦੇਖਦੇ, ਮਹਿਸੂਸ ਨਹੀਂ ਕਰਦੇ , ਕਿਵੇਂ ਗੁਰੂ ਸਾਬ੍ਹ ਏਥੇ ਆਏ, ਕਿਵੇਂ ਰਹੇ, ਕੀ ਕਰਦੇ ਹੋਣਗੇ, ਕਿਵੇਂ ਲੋਕ ਆਓਂਦੇ ਹੋਣਗੇ। ਕਿਹੋ ਜਾ ਮਹੌਲ ਹੋਣਾ ਓਦੋਂ।
ਸਾਨੂੰ ਕਾਹਲੀ ਹੁੰਦੀ ਆ ਚੈੱਕ ਇਨ ਪਾਈਏ, ਨਾਲਦੇ ਨੂੰ ਕਹਿਣੇਂ ਆ ਘੈਂਟ ਜੀ ਫੋਟੋ ਖਿੱਚ, ਸਟੋਰੀ ਪਾਈਏ। ਛੱਡ ਹੋਰ ਗੱਲ ਸੁਣ।
ਚਾਰ ਕ ਸਾਲ ਪਹਿਲਾਂ ਸ੍ਰੀ ਹਰਮੰਦਰ ਸਾਹਬ ਗਏ। ਗੋਰਾ ਨਿਛੋਹ ਮੁੰਡਾ ਸਰੋਵਰ ਕੰਢੇ ਪਰਕਰਮਾ ‘ਚ ਬੈਠਾ। ਕੋਰੇ ਕਾਗ਼ਜ਼ ਤੇ ਪੈਨਸਿਲ ਨਾਲ ਦਰਬਾਰ ਸਾਹਬ ਦਾ ਸਕੈੱਚ ਬਣਾ ਰਿਹਾ ਸੀ। ਅੰਗਰੇਜ਼ੀ ਜੋੜ ਮੈਂ ਗੱਲ ਤੋਰੀ। ਮਖ “ਭਾਊ ਕਿੱਥੋਂ ਆਇਆਂ”।ਅੱਗੋਂ ਕਹਿੰਦਾ ਮੈਂ ਸਵਿਟਜਰਲੈਂਡ ਦਾ ਸਟੂਡੈਂਟ ਆਂ। ਮਖ ਤੂੰ ਫੋੇਟੋ ਖਿੱਚ ਕੈਮਰੇ ਨਾਲ ਸਕੈੱਚ ਤੇ ਟੈਮ ਲੱਗਦਾ। ਓਹਨੇ ਅੰਗਰੇਜ਼ੀ ਦੀ ਪੰਡ ਮੇਰੇ ਮੂੰਹ ਤੇ ਮਾਰੀ ਕਹਿੰਦਾ, “ਮੈਂ ਿੲਸ ਬਿਲਡਿੰਗ ਨੂੰ ਪਹਿਲਾਂ ਦਿਮਾਗ ‘ਚ ਬਿਠਾਓਣਾ ਫੇਰ ਕਾਗ਼ਜ਼ ਤੇ ਵਾਹੁਣਾ। ਇਸ ਤਰ੍ਹਾਂ ਇਹ ਕਦੇ ਮੇਰੇ ਮਨ ਤੋਂ ਲਹਿ ਨਹੀਂ ਸਕਦੀ। ਬਸ ਮਖ ਵਾਹ ਸਕੈੱਚ, ਆਹੀ ਫਰਕ ਆ ਸਾਡਾ ਥੋਡਾ

ਸ਼ੇਅਰ

ਖਾਕੇ ਬਾਣੀ ਦੀਆਂ ਸੌਂਹਾਂ ਸੀਗੇ ਕੁਰਸੀ ਤੇ ਬੈਠੇ
ਹੋਗੇ ਤੀਵੀਆਂ ਦੇ ਵਿੱਚ ਗਲਤਾਨ ਨੀਂ
ਪਹਿਲਾਂ ਉੱਡਿਆ ਪਤੰਗ, ਫੇਰ ਝਾੜੂ ਪਿੱਛੇ ਪਏ
ਹੁਣ ਲੱਭਣਗੇ ਤੀਜਾ ਕੋਈ ਨਿਸ਼ਾਨ ਨੀਂ
ਅੱਜ ਸਿਰ ਤੇ ਬਿਠਾਇਆ, ਕੱਲ੍ਹ ਏਹਵੀ ਭੁੰਜੇ ਲਾਹੁਣਾ
ਜਿਵੇਂ ਸਿੱਟਿਆ ਸਤੌਜ ਆਲਾ ਮਾਨ ਨੀਂ
ਛੇ ਕੁੱਟਕੇ ਸਕੋਰ ਮੁੰਡੇ ਚੜ੍ਹਗੇ ਵਲੈਤ
ਹੋਗੀ ਕਾਲਜਾਂ ਦੇ ਵਿੱਚ ਸੁੰਨ ਸਾਨ ਨੀਂ
ਪਾ ਲੇ ਘਰ ਘਰਕੀਣਾਂ ਨਾਲੇ ਬੋਲਦੇ ਆ ਗੋਲੇ
ਜਿਵੇਂ ਹਾੜ੍ਹ ਦੇ ਦੁਪਹਿਰੇ ਸਮਸ਼ਾਨ ਨੀਂ
ਬਾਲਪੁਣੇ ਵਿੱਚ ਚਾਵਾਂ ਨਾਲ ਲਾਏ ਜਿਹੜੇ ਰੁੱਖ
ਹੁਣ ਉਹਨ੍ਹਾਂ ਨਾਲ ਈ ਝੂਟਗੇ ਕਿਸਾਨ ਨੀਂ
ਪੈਲੀ ਟੋਟਿਆਂ ਦੇ ਵਿੱਚ ਬੈਅ ਲੈ ਗਿਆ ਕਰਾੜ੍ਹ
ਉੱਚੀ ਹੋਗੀ ਹੋਰ ਲਾਲੇ ਦੀ ਦੁਕਾਨ ਨੀਂ
ਹੱਡਾਂ ਵਿੱਚ ਬਹਿਗੀਆਂ ਨੀਂ ਹਰੀਆਂ ਕ੍ਰਾਂਤੀਆਂ
ਹੋਗੇ ਗੰਧਲੇ ਜ਼ਮੀਨ ਅਸਮਾਨ ਨੀਂ
ਤਿੰਨ ਗੱਟਿਆਂ ਤੋਂ ਘੱਟ ਕਹਿੰਦੇ ਉੱਠਦਾ ਨੀਂ ਝੋਨਾ
ਨਾਲੇ ਅੰਨ੍ਹੇਵਾਹ ਡਿੱਗਦੀ ਪਦਾਨ ਨੀਂ
ਸਾਡੇ ਮੁੰਡਿਆਂ ਨੂੰ ਘੁੱਦਿਆ ੳਏ ਮਿਲੀਬੱਗ ਪੈਗੀ
ਫਿਰੇ ਚਿੱਟਾ ਚਿੱਟਾ ਕਰਦਾ ਜਹਾਨ ਨੀਂ
ਕਿਵੇਂ ਬਚਜੂ ਡਰੱਗ ਤੋਂ ਪੰਜਾਬ ਦੀ ਜਵਾਨੀ
ਐਥੇ ਨਸ਼ਿਆਂ ਤੇ ਲੱਗੇ ਵਏ ਆ ਵਾਹਣ ਨੀਂ
 ~ ਘੁੱਦਾ ਸਿੰਘ

ਸੱਥਾਂ

ਹਰੇਕ ਪਿੰਡ ਦੀ ਸੱਥ ‘ਚ ਚਾਰ ਪੰਜ ਬੰਦੇ ਪੱਕੇ ਬੈਠੇ ਹੁੰਦੇ ਨੇ। ਬਿਨ੍ਹਾਂ ਨਾਗਾ ਪਾਏ ਚੱਤੋਪੈਰ ਹਾਜ਼ਰ। ਤੜਕੇ ਆਓਣਾ, ਛਿਟੀ ਜਾੰ ਘਸੀ ਬਹੁਕਰ ਨਾਲ ਥੜ੍ਹਾ ਸੁੰਭਰਨਾ। ਪਾਣੀ ਦਾ ਤੌੜਾ ਭਰਨਾ, ਅੰਗਰੇਜ਼ੀ ਦਾਰੂ ਦੀ ਬੋਤਲ ਨਾਲ ਮਿਲੀ ਤਾਸ਼ ਤਰਾਸ਼ਕੇ ਹੋਰਾਂ ਨੂੰ ਉਡੀਕਣਾ।
ਲੰਘਦੇ ਟੱਪਦੇ ਹਰੇਕ ਬੰਦੇ ਨੂੰ ਵਾਚਣਾ, ਵਿਅੰਗ ਕਰਨਾ, ਹਾਲ ਪੁੱਛਣਾ,ਨੀਰਾ ਲਈ ਆਓਂਦੇ ਬੰਦਾ ਨੂੰ ਬੇਵਜ੍ਹਾ ਕਹਿਣਾ‘“ ਵੱਢ ਲਿਆਇਆ ਨੀਰਾ ਸੰਦੇਹਾਂ ਈ, ਤੇਲ ਪੈਣ ਲਾਗੀ ਹੁਣ” ,ਮੁਫ਼ਤ ਸਲਾਹਾਂ ਦੇਣੀਆਂ, ਬਿੜਕਾਂ ਭੰਨਣੀਆਂ। ਅੱਡੇ ਤੇ ਬੱਸੋਂ ਉੱਤਰੀ ਸਵਾਰੀ ਦੇਖਕੇ ਦੱਸ ਦਿੰਦੇ ਆ,” ਇਹ ਦੇਕਾਂ ਜੰਟੇ ਦਾ ਸਾਂਢੂ ਆ ਦੋਦੇ ਆਲਾ, ਇਹ ਕਿਮੇਂ ਆਇਆ ਹੋਇਆ”। ਬੇਮਤਲਬ ਫਿਕਰ।
ਮੰਨਲਾ ਤਿੰਨ ਚਾਰ ਮੁੰਡੇ ਹੱਥ ‘ਚ ਪਰਚੀਆਂ ਪੈੱਨ ਲੈਕੇ ਸੱਥ ਕੋਲੋੰ ਟੱਪ ਜਾਣ ਤਾਂ ਚਰਚਾ ਛਿੜਦੀ ਆ।
ਪਹਿਲਾ ਬੋਲਦਾ,” ਓਹ ਆਹ ਕਿਹੜੇ ਕਿਹੜੇ ਸੀ?”
ਦੂਜਾ ਬੋਲਦਾ,” ਆਹ ਪੈਲਾ ਤਾਂ ਜਾਗਰ ਦਾ ਪੋਤਾ ਲੱਗਦਾ, ਖੜਮੇਂ ਜੇ ਵਾਲਾਂ ਆਲਾ, ਲੀਲੀ ਜੀ ਪੰਟ ਆਲਾ ਮਿੰਦਰੀ ਕਾ ਛੋਹਰ ਆ ਨਸੇ ਪੱਤੇ ਜੇ ਕਰਦਾ ਕੰਜਰਦਾ, ਤੀਜਾ ਜੱਗੂ ਬੰਬਰ ਦਾ ਭਤੀਜਾ ਹੱਡਾਂ ਪੈਰਾਂ ਦਾ ਖੁੱਲ੍ਹਾ ਖੈਰ, ਹਾਅ ਜੂਜੇ ਦਾ ਨੀਂ ਪਤਾ ਲੱਗਦਾ।
ਤੀਜਾ ਬੋਲਦਾ,” ਟੂਰਨਾ ਟਾਰਨਾਮੈਂਟ ਕਰਾਓਣ ਨੂੰ ਫਿਰਦੇ ਆ ਤਾਂ ਪਰਚੀਆਂ ਪੁਰਚੀਆਂ ਕੱਟਦੇ ਫਿਰਦੇ ਆ”
ਚੌਥਾ ਫੇਰ ਜਮਾਂ ਗੱਲ ਸਿਰੇ ਲਾਕੇ ਛੱਡਦਾ,” ਆ ਕਰਾਈ ਖੜ੍ਹੇ ਆ ਟੂਰਨਾਮੈਂਟ ਪੈਸੇ ਖਾਣੇ ਆ ਬੱਸ ਖਾ ਲੈਣਗੇ”