Monday, 12 December 2016

SYL

ਨੋਟ ਬਾਹਲਾ ਵੱਡਾ ਮੁੱਦਾ ਨਹੀੰ, ਕੁਝ ਦਿਨਾੰ ਦੀ ਡਿੱਕਤ ਜ਼ਰੂਰ ਆ। ਹਾਸੇ ਖੇਡੇ ਦੇ ਸਟੇਟਸ ਪਾਏ ਜਾ ਰਹੇ ਨੇ। ਸ਼ੁਗਲ ਸ਼ੱਟਾ ਵੀ ਲਾਜ਼ਮੀ ਆ। ਦੋਧੀ ਤੋੰ ਪੰਦਰੀ ਫੜ੍ਹਕੇ ਚਾਹ ਗੁੜ ਤੇ ਜਵਾਕਾੰ ਦੀਆੰ ਫੀਸਾੰ ਤਾਰਨ ਆਲਿਆੰ ਕੋਲ ਕਾਲਾ ਧਨ ਕਿੱਥੇ। ਤਕੜੇ ਸ਼ਾਹੂਕਾਰਾੰ ਦੇ ਜ਼ਰੂਰ ਸੰਘ 'ਚ ਆਏ ਵਏ ਨੇ।
ਟਰੰਪ ਅਮਰੀਕੀਆੰ ਦਾ ਮੁੱਦਾ। ਤੁਸੀੰ ਗੇੜੇ ਨਾ ਬਾਦਲ ਨੂੰ ਵੋਟ ਪਾਉਣੇ ਓੰ ਅਗਲਿਆੰ ਨੇ ਟਰੰਪ ਨੂੰ ਪਾਤੀ।
ਅਹਿਮ ਮਸਲਾ SYL ਈ ਆ। ਆਉਦੀਆੰ ਨਸਲਾੰ ਦਾ ਮੁੱਦਾ। ਮਾਝਾ ਤੇ ਦੁਆਬਾ ਨਹਿਰੀ ਪਾਣੀ ਦੀ ਘੱਟ ਵਰਤੋੰ ਕਰਦਾ। ਪੰਦਰਾੰ ਪੰਦਰਾੰ ਦੀਆੰ ਮੱਛੀਆੰ ਔਹ ਧਾਰ ਮਾਰਦੀਆੰ। ਹੇਠਲੇ ਪਾਣੀ ਚੰਗੇ ਨੇ। ਡਾਕਰ ਜ਼ਮੀਨਾੰ ,ਨੀਰੇ ਦਿਨਾੰ 'ਚ ਈ ਆਉੰਦੇ ਨੇ। ਤੂੰ ਦਾਤਰ ਨਾ ਵੱਢੀ ਚੱਲ ਪਿੱਛੇ ਬਰਸੀਮ ਫੇਰ ਫੁੱਟਦਾ ਆਉੰਦਾ।
ਮਾਲਵਾ ਸਾਰਾ ਨਹਿਰੀ ਪਾਣੀ ਤੇ ਨਿਰਭਰ ਆ। ਸ਼ਹਿਰੋੰ ਮੁੜਦੇ ਬੰਦੇ ਨੂੰ ਫਿਰਨੀ ਤੇ ਖੜ੍ਹਾ ਕੋਈ ਪੁੱਛ ਈ ਲੈੰਦਾ," ਤੂੰ ਜੱਗਰਾ ਬੱਸ ਇੱਚਦੀ ਨਿਗਾਹ ਤਾੰ ਨੀੰ ਮਾਰੀ ਹੋਣੀ, ਸੂਏ 'ਚ ਪਾਣੀ ਆਗਿਆ ਕਿ ਨਹੀੰ?"। ਅਗਲਾ ਅੱਗੋੰ ਕਹਿੰਦਾ ਨਹੀੰ ਆਇਆ ਤਾੰ ਸੰਸੇ ਛਿੜਦੇ ਨੇ ," ਟਰੈਟ ਜੋੜੀਏ ਜਰ ਬੋਰ ਤੇ"। 
ਮੋਟਰਾੰ ਮੂਹਰੇ ਲਫਾਫਾ ਪੈਪ ਚੜ੍ਹਾਕੇ ਉੱਚੇ ਵਾਹਣਾੰ ਨੂੰ ਪਾਣੀ ਲੱਗਦੇ ਨੇ। ਜੀਹਦਾ ਨਹੀੰ ਫੌਹ ਪੈੰਦਾ ਓਹ ਹਾਰਕੇ ਸਰ੍ਹੋੰ ਗਵਾਰਾ ਬੀਜ ਦਿੰਦਾ॥ ਝੱਟੇ ਜਾੰ ਵਰਮੇ ਵਰਤੇ ਜਾੰਦੇ ਨੇ।
ਹੇਠਲੇ ਪਾਣੀ ਬੇਹੱਦ ਮਾੜੇ। ਨਵੀੰ ਮੋਟਰ ਤੇ ਡੂਢ ਲੱਖ ਲਾਓਣ ਲੱਗੇ ਕਲੇਜਾ ਹਾਥੀ ਦੇ ਕੰਨ ਅੰਗੂ ਫੜ੍ਹਕਦਾ ਬੀ ਕਿਤੇ ਪਾਣੀ ਬਾਹਲਾ ਮਾੜਾ ਨਾ ਨਿੱਕਲਜੇ। ਝੋਨੇ ਲੱਗੇ ਨੇ, ਪਰ ਹੇਠਲੇ ਪਾਣੀ ਨੇ ਵਾਹਣਾੰ ਦੀ ਜ਼ੱਖਣਾ ਪੱਟਤੀ।
ਹੁਣ ਲੀਡਰਾੰ ਦਾ ਫੇਰੇ ਦੇਣ ਦਾ ਟੈਮ ਆ। ਪਾਰਟੀਆੰ ਨੂੰ ਛੱਡਕੇ ਪੰਜਾਬ ਨੂੰ ਦੇਖਣ। ਫਲਾਣੇ ਨੇ ਟੱਕ ਲਾਇਆ ਸੀ, ਫਲਾਣੇ ਨੇ ਦਸਖਤ ਕੀਤੇ ਸੀ,ਆਹ ਗੱਲਾੰ ਦਾ ਸਮਾੰ ਨਹੀੰ।ਕੈਪਟਨ, ਬਾਦਲ ਤੇ ਆਮ ਆਲੇ ਤਿੰਨੇ ਮੂਹਰੇ ਲੱਗਣ। ਸਾਰਾ ਪੰਜਾਬ ਮਗਰ ਖੜ੍ਹਾ।
ਨਹੀੰ ਫੇਰ ਜਿਹੜਾ ਕੰਮ ਨੀਲੀਆੰ ਚਿੱਟੀਆੰ ਪੱਗਾੰ ਆਲੇ ਨਹੀੰ ਕਰਦੇ ਓਹ ਕੰਮ ਕੇਸਰੀ ਪੱਗਾੰ ਆਲੇ ਈ ਸਿਰੇ ਲਾਓੰਦੇ ਨੇ....ਇਤਿਹਾਸ ਗਵਾਹ.....ਪੰਜਾਬ ਜ਼ਿੰਦਾਬਾਦ.....ਘੁੱਦਾ

ਹੋ ਗਿਆ ਵਿਆਹ ਨੂੰ ਅੱਜ ਸਾਲ ਨੀੰ

ਓਦੋੰ ਆਕੇ ਹਲਵਾਈਆੰ, ਚੁੱਲ੍ਹੇ ਧਰੀਆੰ ਕੜਾਹੀਆੰ, 
ਜਦੋੰ ਪਰ ਚੜ੍ਹਿਆ ਸਿਆਲ ਨੀੰ
ਤੇਲ ਲਾਗੀਆੰ ਨੇ ਚੋਏ, ਖਾਸੇ ਸ਼ਗਨ ਸੀ ਹੋਏ
ਬੰਨ੍ਹ ਗੁੱਟਾੰ ਉੱਤੇ ਖੰਭਣੀਆੰ ਲਾਲ ਨੀੰ 
ਮੰਜੇ ਪਿੰਡ 'ਚੋੰ ਲਿਆਕੇ, ਲੀੜੇ ਲੱਤੇ ਜੇ ਵਿਛਾਕੇ
ਡਾਹਤੇ ਵਿਹੜੇ ਵਿੱਚ ਲਾਕੇ ਲੰਮੀ ਪਾਲ ਨੀੰ
ਗੀਤ ਬੰਦ ਸੀ ਕਰਾਤੇ, ਫੇਰ ਮੈਕ ਸੀ ਚਲਾਤੇ
ਮੁੰਡੇ ਬੋਲੀਆੰ 'ਚ ਆਉਣ ਨਾ ਦਬਾਲ ਨੀੰ
ਚਾਰ ਦਬਕੇ ਮਰਾਏ, ਫੇਰ ਤਾਏ ਨੇ ਟਕਾਏ
ਸੀਗੀ ਸੌਣ ਦੀ ਬਜ਼ੁਰਗਾੰ ਨੂੰ ਕਾਹਲ ਨੀੰ
ਪਾਣੀ ਸਿਰਾੰ ਉੱਤੋੰ ਵਾਰ, ਬੇਬੇ ਪੀਗੀ ਕਈ ਆਰ, 
ਚੱਕੀ ਫਿਰਦੀ ਸੀ ਗੜਵੀ ਤੇ ਥਾਲ ਨੀੰ
ਆਪੇ ਨੀਤ ਨੂੰ ਮੁਰਾਦਾੰ, ਦਾਤੇ ਦਿੱਤੀਆੰ ਸੁਗਾਤਾੰ, ਚੱਕੀ ਫਿਰਦੀ ਤੂੰ ਢਾਕ ਉੱਤੇ ਬਾਲ ਨੀੰ,
ਕਰਾਵਾੰ ਚੇਤੇ ਤੈਨੂੰ ਚੱਲ, ਲੱਗੇ ਕੱਲ੍ਹ ਦੀ ਹੀ ਗੱਲ 
ਉੰਝ ਹੋ ਗਿਆ ਵਿਆਹ ਨੂੰ ਅੱਜ ਸਾਲ ਨੀੰ....ਘੁੱਦਾ

ਵੇਟਰ

ਠੰਢ ਦਾ ਚੜ੍ਹਾਅ ਹੋ ਰਿਹਾ। ਸਾਰੇ ਵਿਆਹਾੰ 'ਚ ਜਾਣੇੰ ਓੰ, ਸੀਜ਼ਨ ਸ਼ੁਰੂ ਆ ਵਿਆਹਾੰ ਦਾ।
ਪੈਲਸਾੰ 'ਚ ਰੀਬਨ ਰੂਬਨ ਕੱਟਕੇ 'ਗਾਹਾੰ ਜਾਕੇ ਬਹਿਣੇੰ ਓੰ। ਵੇਟਰ ਟ੍ਰੇਆੰ 'ਚ ਖਾਣ ਪੀਣ ਦਾ ਸਮਾਨ ਥੋਡੇ ਕੋਲ ਲਿਆਓੰਦੇ ਨੇ। ਅੱਗੇ ਥੋਡੀ ਮੱਤ ਆ, ਇਹ ਮੇਰੀ ਨਿਜ਼ੀ ਰਾਇ ਆ ਓਹਨ੍ਹਾੰ ਨੂੰ ਕਦੇ 'ਓਏ ਵੇਟਰਾ', 'ਵੇਟਰਾ ਓਏ' ਕਹਿਕੇ ਨਾ ਬੁਲਾਓ। ਆਖੋ ਬਾਈ ਫਲਾਣੀ ਚੀਜ਼ ਲਿਆਦੇ ਖਾਣ, ਪੀਣ ਨੂੰ। ਓਹਨ੍ਹਾੰ ਨੂੰ ਇੱਜ਼ਤ ਦੇਣ ਨਾਲ ਤੁਸੀੰ ਛੋਟੇ ਨਹੀੰ ਹੋਣ ਲੱਗੇ। 
ਵਿਆਹਾੰ 'ਚ ਗੀਤ ਵੱਜ ਰਹੇ ਹੁੰਦੇ ਨੇ, ਭੰਗੜੇ ਪੈ ਰਹੇ ਹੁੰਦੇ ਨੇ ਪਰ ਕਦੇ ਕਿਸੇ ਵੇਟਰ ਦੇ ਚਿਹਰੇ ਤੇ ਖੁਸ਼ੀ ਦੇਖੀ ਆ?
ਓਹਨੂੰ ਆਥਣੇ ਓਹੀ ਢਾਈ ਤਿੰਨ ਸੌ ਰੁਪਏ ਦਿਹਾੜੀ ਮਿਲਣੀ ਆ ਮਾਲਕ ਤੋੰ। ਜੇ ਕਿਸੇ ਵੇਟਰ ਤੋੰ ਥੋਡੀ ਹਬੋਹਰੋੰ ਸਮਾਈ ਪੈੰਟ ਸ਼ਲਟ ਤੇ ਕੁਛ ਡੁੱਲ੍ਹਜੇ ਤਾੰ ਉੱਠਕੇ ਅਗਲੇ ਦਾ ਗਲਮਾੰ ਨਾ ਫੜ੍ਹੋ। ਲਗਾਤਾਰ ਦਿਨ ਰਾਤ ਦੇ ਪ੍ਰੋਗਰਾਮ ਭੁਗਤਾਕੇ ਥੱਕੇ ਬਏ ਹੁੰਦੇ ਨੇ। ਜੇ ਤੁਸੀੰ ਵੇਟਰ ਦੇ ਦੋ ਲਫੇੜੇ ਲਾ ਦਿਓੰਗੇ ਤਾੰ ਥੋਨੂੰ ਕੋਈ ਸ਼ਾਬਾਸ਼ੇ ਨਹੀੰ ਦੇਣ ਲੱਗਾ ਬੀ ਫਲਾਣੇ ਵੈਲੀ ਨੇ ਵੇਟਰ ਕੁੱਟਦਾ। 
ਕਈ ਆਰੀ ਵਿਆਹਾੰ 'ਚ ਡਿਓਟੀ ਲਾਓਣਗੇ ਅਕੇ," ਤਾਇਆ ਤੂੰ ਤੇ ਮਾਸੜ ਜੋਰਾ ਬੇਟਰਾੰ ਦੀ ਨਿਗਾਹ ਰੱਖਿਓ, ਏਹ ਫੇੇਰੇਦੇਣੇ ਸਮਾਨ ਚੱਕ ਲੈੰਦੇ ਆ"। ਜੇ ਹਜ਼ਾਰ ਪੰਜ ਸੌ ਦਾ ਸਮਾਨ ਵੇਟਰ  ਵੱਧ ਖਾ ਲੈਣਗੇ ਤਾੰ ਥੋਨੂੰ ਫਾਹਾ ਨਹੀੰ ਆਉਣ ਲੱਗਾ। ਐੰ ਸੋਚ ਲਿਓ ਜਲਾਲ ਆਲਾ ਫੁੱਫੜ ਜਾਣ ਲੱਗਾ ਬਲੈੰਡਰ ਪਰਾਈਡ ਦੀ ਬੋਤਲ ਨਾਲ ਲੈ ਗਿਆ। ਡਿਸਪੋਜ਼ਲ ਕੌਲੀਆ,  ਗਲਾਸਾੰ ਨੂੰ ਡਸਟਬਿਨਾੰ 'ਚ ਸੁੱਟੋ, ਨਾ ਸੁੱਟੋਗੋੰ ਤਾੰ ਥੋਨੂੰ ਟੋਕਦਾ ਕੋਈ ਨੀੰ। ਓਹਨ੍ਹਾੰ ਦਾ ਕੰਮ ਘਟਾਓ, ਵਧਾਓ ਨਾ.....ਚਲ ਛੱਡ ਬਹੁਤ ਆ ਜਰ......ਘੁੱਦਾ

ਚਮਕੀਲੇ ਦਾ ਵਿਅਹ

ਪਹਿਲਾੰ ਵੀ ਆਪਾੰ ਗੱਲ ਕਰੀ ਸੀ।
2007 'ਚ ਦਸਵੀਆੰ ਪਾਸ ਕਰਕੇ ਅਸੀੰ ਕਾਲਜ ਪੜ੍ਹਨ ਲੱਗੇ ਸੀ। ਪਟਕਿਆੰ ਤੋੰ ਪੱਗਾੰ ਬੰਨ੍ਹਣ ਲੱਗੇ ਸੀ। ਓਦੋੰ ਜੇ ਈ ਸਾਡੇ ਯਾਰ ਬਲਤੇਜ ਚਮਕੀਲੇ ਨੂੰ ਇਸ਼ਕ ਹੋਇਆ ਸੀ। ਠਰਕਪੁਣਾ ਜਾੰ ਵਾਹਯਾਤ ਨਹੀੰ,  ਅਸਲ। ਨਿਆਣੀ ਮੱਤ ਸੀ। ਜੀਨ ਦੀ ਪੈੰਟ ਦੀ ਪਿਛਲੀ ਜੇਬ 'ਚ ਪਾਏ ਬਟੂਏ 'ਚ ਓਸ ਕਰਮਾੰਆਲੀ ਦੀ ਫੋਟੋ ਚਮਕੀਲਾ ਸਾੰਭ ਕੇ ਰੱਖਦਾ। ਚੌੜ ਪਏ ਅਸੀੰ ਕਦੇ ਕਦੇ ਫੋਟੋ ਦੇਖਦੇ। ਫੋਟੋ ਦੇ ਉਤਲੇ ਖੱਬੇ ਪਾਸੇ ਤੇ ਕਿਸੇ ਸਕੂਲ ਦੀ ਅੱਧੀ ਮੋਹਰ ਲੱਗੀ ਹੁੰਦੀ ਸੀ।
ਸਮਾੰ ਨੰਘਦਾ ਗਿਆ। ਚਮਕੀਲਾ ਕਦੇ ਕਦਾਈੰ ਮਿਲਕੇ ਆਉੰਦਾ। ਸੌ ਕਿਲੋਮੀਟਰ ਦਾ ਸਫਰ ਮਾਰਕੇ ਜਾੰਦਾ ਤੇ ਕੁੜੀ ਨੂੰ ਦੂਰੋੰ ਦੇਖਕੇ ਮੁੜ ਆਉੰਦਾ। ਕਦੇ ਲੀਕਾੰ ਨਾ ਟੱਪਿਆ। ਕਾਲਜ ਮੁੱਕਿਆ ਤੇ ਸਾਰੇ ਘਰਾੰ ਨੂੰ ਮੁੜੇ। ਫੋਨ ਤੇ ਗੱਲ ਹੁੰਦੀ,"ਚਮਕੀਲਿਆ ਕੀ ਬਣਿਆ"। ਚਮਕੀਲਾ ਆਖਦਾ ,"ਗੱਲ ਤਾੰ ਮੈੰ ਤੋਰੀ ਆ ਪਰ ਬਾਪੂ ਨੀੰ ਮੰਨਦਾ"। ਕਦੇ ਬੇਬੇ ਨੰਨਾ ਪਾਉੰਦੀ ਕਦੇ ਬਾਪੂ ਟੀੰਡਰ ਜਾੰਦਾ ਤੇ ਕਦੇ ਕੋਈ ਹੋਰ ਢੁੱਚ ਡਾਹ ਦੇਦਾੰ। ਜਟੌੜ੍ਹਾੰ ਦਾ ਟੱਬਰ। ਸਾਡੇ ਸਾਰਿਆੰ ਦੇ ਵਿਆਹ ਹੋਏ ਤੇ ਅਹੀੰ ਕਿਹਾ,"ਕਰਾਲਾ ਹੁਣ ਤਾੰ ਖਸਮਾ, ਜੇਠ ਬਣ ਗਿਆ"। ਆਖਿਆ ਕਰੇ,"ਕਰਾਓਣਾ ਤਾੰ ਓਥੇ ਈ ਕਰਾਉਣਾ ਨਹੀੰ, ਨਹੀੰ"। ਚਲ ਟੱਬਰ ਦੇ ਮਨ ਮੇਹਰ ਪਈ ਤੇ ਪਿਛਲੇ ਸਾਲ ਚਮਕੀਲੇ ਦਾ ਸ਼ਗਨ ਪਿਆ। 
ਤੇ ਕੱਲ੍ਹ 27 ਨਵੰਬਰ ਦਾ ਦਿਨ ਬੜਾ ਖਾਸ ਸੀ। ਅੱਠ ਨੌੰ ਸਾਲਾੰ ਮਗਰੋੰ ਓਹੋੰ ਫੋਟੋ ਆਲੀ ਭਰਜਾਈ ਨਾਲ ਚਮਕੀਲੇ ਨੇ ਜਾ ਲਾਵਾੰ ਲਈਆੰ। ਆਪ ਤਾੰ ਚਮਕੀਲਾ ਡਲੇਮਾਰ ਜਾ ਈ ਆ ਪਰ ਭਰਜਾਈ ਸੁੱਖ ਨਾ ਬਾਰਬੀ ਡੌਲ ਅਰਗੀ ਆ.....ਬਹੁਤ ਬਹੁਤ ਵਧਾਈਆੰ ਸਾਰੇ ਸੰਧੂ ਪਰਿਵਾਰ ਨੂੰ....ਘੁੱਦਾ

ਗੁਰੂ

ਭਾਰਤ ਦਾ ਖੁਦਮੁਖਿਆਰ ਬਾਦਸ਼ਾਹ ਅਕਬਰ ਜਦੋੰ ਗੁਰੂ ਸਾਹਬ ਨੂੰ ਮਿਲਣ ਆਇਆ ਤਾੰ ਓਹਨੇ ਪੰਗਤ 'ਚ ਬਹਿਕੇ ਲੰਗਰ ਛਕਿਆ ਸੀ। ਗੁਰੂ ਸਾਬ੍ਹ ਲਈ ਸਾਰੇ ਬਰੋਬਰ ਈ ਸੀਗੇ।
ਹੁਣ ਮੋਦੀ ਸ੍ਰੀ ਦਰਬਾਰ ਸਾਹਬ ਆਇਆ ਬਾ। ਮੀਡੀਏ ਦੇ ਸਾਰੇ ਕੈਮਰੇ ਓਸੇ ਤੇ ਲੱਗੇ ਬਏ ਨੇ। ਕਛਹਿਰਾ ਨਿਚੋੜਨ ਤੇ ਅੱਖਾੰ ਕੱਢਣ ਆਲੇ ਬਰਛਿਆੰ ਆਲੇ ਬਾਬੇ ਓਹਨੂੰ ਨੰਘਣ ਲਈ ਜਗ੍ਹਾ ਬਣਾ ਰਹੇ ਨੇ। PTC ਦੀ ਤਾੰ ਗੱਲ ਈ ਛੱਡਦੇ ਏਹਤਾੰ ਹੈਈ ਟੱਟਲਾੰ ਦਾ ਚੈਨਲ।
ਗੁਰੂ ਦੇ ਘਰੇ ਗੁਰੂ ਤੋੰ ਵੱਡਾ ਕੋਈ ਨਹੀੰ

ਪ੍ਰਦੂਸ਼ਣ

2007-08  ਦੀ ਗੱਲ ਆ। ਅਸੀੰ ਕਾਲਜੋੰ ਕੁੱਲੂ ਮਨਾਲੀ ਬੰਨੀੰ ਟੂਰ ਗਏ ਸੀ। ਹੁਣ ਤਾੰ ਖੈਰ ਪਤਾ ਨਹੀੰ। ਪਰ ਓਦੋੰ ਖਾਣ ਪੀਣ ਤੋੰ ਲੈਕੇ ਕੱਪੜਾ ਲੀੜਾ ਕੁੱਲ ਚੀਜ਼ ਕਾਗਜ਼ ਦੇ ਬਣਾਏ ਲਿਫਾਫਿਆੰ 'ਚ ਪਾਕੇ ਵੇਚਦੇ ਸੀ। ਪੋਲੀਥੀਨ ਨਹੀੰ ਵਰਤਦੇ ਅਗਲੇ। ਸਾਡੇ ਨਾਲਦਾ ਕਰਨਦੀਪ ਮੈਜਿਕ ਸ਼ੌਪ ਤੋੰ ਨਕਲੀ ਸਿਗਰਟ ਫੜ੍ਹਕੇ ਧੂੰਆੰ ਕੱਢਣ ਲੱਗਾ। ਪੁਲਸ ਆਲਾ ਜਰਕ ਦਿਨੇ ਆਗਿਆ, ਕਹਿੰਦਾ ਮਿੱਠਿਆ ਜੁਰਮਾਨਾ ਕੱਢ। ਅਸੀੰ ਦੱਸਿਆ ਕਿ ਏਹ ਜਾਅਲੀ ਸਿਗਰਟ ਆ, ਨਸ਼ਾ ਨਹੀੰ। ਏਹ ਅਗਲਿਆੰ ਦੇ ਕਨੂੰਨ ਲਾਗੂ ਕਰਨ ਦਾ ਢੰਗ ਆ। ਆਮ ਜੀ ਗੱਲ ਕਰਦੇ ਆੰ।
ਪੰਜਾਬ 'ਚ ਪੌਲੀਥੀਨ ਦਾ ਬਥੇਰਾ ਗੰਦ ਪਿਆ ਵਿਆ।। ਸਰਕਾਰ ਨੇ ਇੱਕ ਦੋ ਆਰੀ ਪਬੰਦੀ ਲਾਕੇ ਨਖ਼ਰਾ ਜਾ ਕੀਤਾ, ਪਰ ਅਮਲ ਕੀ ਹੋਣਾ। ਐੰਵੇ ਰੇਹੜੀਆੰ ਆਲਿਆੰ ਦੇ ਦੋ ਲਫੇੜੇ ਲਾਕੇ ਪੈਸੇ ਝਾੜਲੇ ਮਹਿਕਮੇ ਨੇ।
ਮੋਮੀਜਾਮਾ ਗਲਦਾ ਤਾੰ ਹੈਨੀ, ਤੈਨੂੰ ਵੀ ਪਤਾ।
ਤੜਕੇ ਤੋੰ ਲਾਕੇ ਆਥਣ ਤਾੰਈ ਜਿੰਨਾ ਸਮਾਨ ਆਪਣੇ ਘਰਾੰ 'ਚ ਲਿਆਉਣੇੰ ਆੰ ਸਾਰਾ ਮੋਮੀਜਾਮਿਆੰ 'ਚ ਆਉੰਦਾ। ਘਰਾੰ ਤੋੰ ਲਫਾਫੇ ਰੂੜ੍ਹੀ ਤੇ। ਹੁਣ ਕਣਕਾੰ ਦੀ ਕੋਰ ਭਿਓੰਣ ਦਾ ਟੈਮ ਆ। ਜਿਹੜੇ ਵਾਹਣਾੰ 'ਚ ਐੰਰਕੀ ਰੂੜ੍ਹੀ ਪਾਈ ਆ, ਓਹਨ੍ਹਾੰ 'ਚ ਲਿਫਾਫੇ ਆਮ ਪਏ ਨੇ। 
ਕਿਤੇ ਦੇਖਲਿਓ ਸ਼ਹਿਰੀ ਖੇਤਰਾੰ 'ਚ ਰੇਲਵੇ ਲਾਈਨਾੰ ਦੇ ਨਾਲ ਲਫਾਫਿਆੰ ਦੇ ਢਿੱਗ ਲੱਗੇ ਬਏ ਹੁੰਦੇ ਨੇ। ਸੜੇਹਾੰਦ ਮਾਰਦੀ ਆ। ਲੁਧਿਆਣਾ, ਅੰਮ੍ਰਤਸਰ ਹੋਰ ਤਕੜੇ ਸ਼ਹਿਰਾੰ ਲਿਵੇ ਗੰਦੇ ਨਾਲੇ ਨੰਘਦੇ ਨੇ, ਮੋਮੀਜਾਮਿਆੰ ਨਾਲ ਡੱਟੇ ਬਏ। 
ਪੰਜਾਬ ਆਪਣਾ ਈ ਆ ਜਰ, ਸੋਹਣਾ ਬਣਾਓ ਏਹਨੂੰ। ਸਰਕਾਰ ਆਵਦੀ ਥੌੰ, ਨੱਕਾ ਜਾਹਵੇ ਖੜ੍ਹਕੇ। ਕੋਸ਼ਿਸ਼ ਕਰੋ ਘਰੋੰ ਜਾਣ ਲੱਗੇ ਮੋਟਰਸੈਕਲ 'ਚ ਝੋਲਾ ਰੱਖੋ। ਅਣਸਰਦੇ ਨੂੰ ਮੋਮੀਜਾਮਾ ਵਰਤੋ। ਕਾਰਾੰ 'ਚ ਜਾੰਦਾ ਮੁਲਖ ਬੀਹਾੰ ਦੇ ਕੁਰਕਰੇ ਖਾਕੇ ਤੇ ਪੀਕੇ ਮਰਿੰਡਾ ਸਣੇ ਡਿਸਪੋਜ਼ਲ ਸ਼ੀਸ਼ਾ ਡੌਨ ਕਰਕੇ ਸੜਕ ਤੇ ਸਿੱਟਕੇ ਹੌਹ ਜਾੰਦਾ। ਡਸਟਬਿਨਾੰ ਤੇ ਲਿਖੇ 'ਯੂਸ ਮੀ' ਨੂੰ ਸਮਝੀਏ। ਅਗਲੇ ਮਹੀਨੇ ਪ੍ਰਕਾਸ਼ ਪੁਰਬ ਤੇ ਨਿੱਕਲਣੇ ਨਗਰ ਕੀਰਤਨਾੰ ਵੇਲੇ ਡਿਸਪੋਜ਼ਲ ਨਾਲੋ ਨਾਲ ਸੁੰਭਰੀ ਜਾਇਓ।
ਕੋਈ ਵਿਦਵਾਨ ਪੁਣਾ ਨਹੀੰ ਘੋਟ ਰਿਹਾ । ਚਿੱਤ 'ਚ ਸੀ ਗੱਲ, ਲਿਖਤੀ ਬਸ। ਗੌਰ ਕਰਿਓ ਲਾਜ਼ਮੀ.....ਘੁੱਦਾ

ਪਨੀਰ

ਚਾਰ ਕੁ ਬੰਦੇ ਸੱਥ 'ਚ ਖਲੋਤੇ ਸੀ
ਵਿਆਹੇ ਵਰੇ , ਦੋੰਹ ਜਵਾਕਾੰ ਦੇ ਪਿਓ ਨੇ ਪਾਹੜੇ ਮੁੰਡੇ ਨੂੰ ਛੇੜਿਆ
"ਓਏ ਕੰਜਦਿਆ, ਤੂੰ ਤਾੰ ਕਾਲਜ ਕੂਲਜ ਜਾੰਦਾ ਰਹਿਣਾ, ਕਿਸੇ ਲਵੀ ਜੀ ਕੁੜੀ ਨਾਲ ਗੱਲ ਗੁੱਲ ਈ ਕਰਾਦੇ"
ਪਾਹੜਾ ਬੋਲਿਆ," ਕੀ ਗੱਲ ਬਾਈ ਭਾਬੀ ਪੇਕੇ ਗਈ ਆ, ਏਥੇ ਹੈਨੀ ਕਿ?"
"ਕੰਜਦਿਆ ਹੈਗੀ ਤਾੰ ਏਥੇ ਈ ਆ, ਪਰ ਦਾਲ ਤਾੰ ਨਿੱਤ ਈ ਖਾਈਦੀ ਆ, ਚਿੱਤ ਜਾ ਅੱਕਿਆ ਪਿਆ, ਹੁਣ ਤਾੰ ਐੰ ਆ ਬੀ ਪਨੀਰ ਪਨੂਰ ਹੋਬੇ"
ਪਾਹੜਾ ਫੇਰ ਬੋਲਿਆ," ਐੰ ਤਾੰ ਬਾਈ ਭਾਬੀ ਵੀ ਰੋਜ਼ ਦਾਲ ਈ ਖਾੰਦੀ ਆ, ਜਿੱਦੇੰ ਓਹਨੇ ਪਨੀਰ ਮੰਗ ਲਿਆ ਫੇਰ?"
ਹੁਣ ਓਹ ਕੱਚਾ ਜਾ ਧੂੰਆੰ ਮਾਰਕੇ ਖੇਸੀ ਦੀ ਬੁੱਕਲ ਲੋਟ ਕਰਕੇ ਘਰ ਨੂੰ ਮੁੜ ਰਿਹਾ ਸੀ। ਬੂਹੇ ਵੜਦਿਆੰ ਨਿੱਕੀ ਕੁੜੀ ਲੱਤਾੰ ਨੂੰ ਚੁੰਬੜਕੇ ਬੋਲੀ  ," ਭਾਪਾ ਆਗਿਆ,  ਭਾਪਾ ਆਗਿਆ"......ਘੁੱਦਾ