Monday 12 December 2016

ਹੋ ਗਿਆ ਵਿਆਹ ਨੂੰ ਅੱਜ ਸਾਲ ਨੀੰ

ਓਦੋੰ ਆਕੇ ਹਲਵਾਈਆੰ, ਚੁੱਲ੍ਹੇ ਧਰੀਆੰ ਕੜਾਹੀਆੰ, 
ਜਦੋੰ ਪਰ ਚੜ੍ਹਿਆ ਸਿਆਲ ਨੀੰ
ਤੇਲ ਲਾਗੀਆੰ ਨੇ ਚੋਏ, ਖਾਸੇ ਸ਼ਗਨ ਸੀ ਹੋਏ
ਬੰਨ੍ਹ ਗੁੱਟਾੰ ਉੱਤੇ ਖੰਭਣੀਆੰ ਲਾਲ ਨੀੰ 
ਮੰਜੇ ਪਿੰਡ 'ਚੋੰ ਲਿਆਕੇ, ਲੀੜੇ ਲੱਤੇ ਜੇ ਵਿਛਾਕੇ
ਡਾਹਤੇ ਵਿਹੜੇ ਵਿੱਚ ਲਾਕੇ ਲੰਮੀ ਪਾਲ ਨੀੰ
ਗੀਤ ਬੰਦ ਸੀ ਕਰਾਤੇ, ਫੇਰ ਮੈਕ ਸੀ ਚਲਾਤੇ
ਮੁੰਡੇ ਬੋਲੀਆੰ 'ਚ ਆਉਣ ਨਾ ਦਬਾਲ ਨੀੰ
ਚਾਰ ਦਬਕੇ ਮਰਾਏ, ਫੇਰ ਤਾਏ ਨੇ ਟਕਾਏ
ਸੀਗੀ ਸੌਣ ਦੀ ਬਜ਼ੁਰਗਾੰ ਨੂੰ ਕਾਹਲ ਨੀੰ
ਪਾਣੀ ਸਿਰਾੰ ਉੱਤੋੰ ਵਾਰ, ਬੇਬੇ ਪੀਗੀ ਕਈ ਆਰ, 
ਚੱਕੀ ਫਿਰਦੀ ਸੀ ਗੜਵੀ ਤੇ ਥਾਲ ਨੀੰ
ਆਪੇ ਨੀਤ ਨੂੰ ਮੁਰਾਦਾੰ, ਦਾਤੇ ਦਿੱਤੀਆੰ ਸੁਗਾਤਾੰ, ਚੱਕੀ ਫਿਰਦੀ ਤੂੰ ਢਾਕ ਉੱਤੇ ਬਾਲ ਨੀੰ,
ਕਰਾਵਾੰ ਚੇਤੇ ਤੈਨੂੰ ਚੱਲ, ਲੱਗੇ ਕੱਲ੍ਹ ਦੀ ਹੀ ਗੱਲ 
ਉੰਝ ਹੋ ਗਿਆ ਵਿਆਹ ਨੂੰ ਅੱਜ ਸਾਲ ਨੀੰ....ਘੁੱਦਾ

No comments:

Post a Comment