Monday 12 December 2016

ਪ੍ਰਦੂਸ਼ਣ

2007-08  ਦੀ ਗੱਲ ਆ। ਅਸੀੰ ਕਾਲਜੋੰ ਕੁੱਲੂ ਮਨਾਲੀ ਬੰਨੀੰ ਟੂਰ ਗਏ ਸੀ। ਹੁਣ ਤਾੰ ਖੈਰ ਪਤਾ ਨਹੀੰ। ਪਰ ਓਦੋੰ ਖਾਣ ਪੀਣ ਤੋੰ ਲੈਕੇ ਕੱਪੜਾ ਲੀੜਾ ਕੁੱਲ ਚੀਜ਼ ਕਾਗਜ਼ ਦੇ ਬਣਾਏ ਲਿਫਾਫਿਆੰ 'ਚ ਪਾਕੇ ਵੇਚਦੇ ਸੀ। ਪੋਲੀਥੀਨ ਨਹੀੰ ਵਰਤਦੇ ਅਗਲੇ। ਸਾਡੇ ਨਾਲਦਾ ਕਰਨਦੀਪ ਮੈਜਿਕ ਸ਼ੌਪ ਤੋੰ ਨਕਲੀ ਸਿਗਰਟ ਫੜ੍ਹਕੇ ਧੂੰਆੰ ਕੱਢਣ ਲੱਗਾ। ਪੁਲਸ ਆਲਾ ਜਰਕ ਦਿਨੇ ਆਗਿਆ, ਕਹਿੰਦਾ ਮਿੱਠਿਆ ਜੁਰਮਾਨਾ ਕੱਢ। ਅਸੀੰ ਦੱਸਿਆ ਕਿ ਏਹ ਜਾਅਲੀ ਸਿਗਰਟ ਆ, ਨਸ਼ਾ ਨਹੀੰ। ਏਹ ਅਗਲਿਆੰ ਦੇ ਕਨੂੰਨ ਲਾਗੂ ਕਰਨ ਦਾ ਢੰਗ ਆ। ਆਮ ਜੀ ਗੱਲ ਕਰਦੇ ਆੰ।
ਪੰਜਾਬ 'ਚ ਪੌਲੀਥੀਨ ਦਾ ਬਥੇਰਾ ਗੰਦ ਪਿਆ ਵਿਆ।। ਸਰਕਾਰ ਨੇ ਇੱਕ ਦੋ ਆਰੀ ਪਬੰਦੀ ਲਾਕੇ ਨਖ਼ਰਾ ਜਾ ਕੀਤਾ, ਪਰ ਅਮਲ ਕੀ ਹੋਣਾ। ਐੰਵੇ ਰੇਹੜੀਆੰ ਆਲਿਆੰ ਦੇ ਦੋ ਲਫੇੜੇ ਲਾਕੇ ਪੈਸੇ ਝਾੜਲੇ ਮਹਿਕਮੇ ਨੇ।
ਮੋਮੀਜਾਮਾ ਗਲਦਾ ਤਾੰ ਹੈਨੀ, ਤੈਨੂੰ ਵੀ ਪਤਾ।
ਤੜਕੇ ਤੋੰ ਲਾਕੇ ਆਥਣ ਤਾੰਈ ਜਿੰਨਾ ਸਮਾਨ ਆਪਣੇ ਘਰਾੰ 'ਚ ਲਿਆਉਣੇੰ ਆੰ ਸਾਰਾ ਮੋਮੀਜਾਮਿਆੰ 'ਚ ਆਉੰਦਾ। ਘਰਾੰ ਤੋੰ ਲਫਾਫੇ ਰੂੜ੍ਹੀ ਤੇ। ਹੁਣ ਕਣਕਾੰ ਦੀ ਕੋਰ ਭਿਓੰਣ ਦਾ ਟੈਮ ਆ। ਜਿਹੜੇ ਵਾਹਣਾੰ 'ਚ ਐੰਰਕੀ ਰੂੜ੍ਹੀ ਪਾਈ ਆ, ਓਹਨ੍ਹਾੰ 'ਚ ਲਿਫਾਫੇ ਆਮ ਪਏ ਨੇ। 
ਕਿਤੇ ਦੇਖਲਿਓ ਸ਼ਹਿਰੀ ਖੇਤਰਾੰ 'ਚ ਰੇਲਵੇ ਲਾਈਨਾੰ ਦੇ ਨਾਲ ਲਫਾਫਿਆੰ ਦੇ ਢਿੱਗ ਲੱਗੇ ਬਏ ਹੁੰਦੇ ਨੇ। ਸੜੇਹਾੰਦ ਮਾਰਦੀ ਆ। ਲੁਧਿਆਣਾ, ਅੰਮ੍ਰਤਸਰ ਹੋਰ ਤਕੜੇ ਸ਼ਹਿਰਾੰ ਲਿਵੇ ਗੰਦੇ ਨਾਲੇ ਨੰਘਦੇ ਨੇ, ਮੋਮੀਜਾਮਿਆੰ ਨਾਲ ਡੱਟੇ ਬਏ। 
ਪੰਜਾਬ ਆਪਣਾ ਈ ਆ ਜਰ, ਸੋਹਣਾ ਬਣਾਓ ਏਹਨੂੰ। ਸਰਕਾਰ ਆਵਦੀ ਥੌੰ, ਨੱਕਾ ਜਾਹਵੇ ਖੜ੍ਹਕੇ। ਕੋਸ਼ਿਸ਼ ਕਰੋ ਘਰੋੰ ਜਾਣ ਲੱਗੇ ਮੋਟਰਸੈਕਲ 'ਚ ਝੋਲਾ ਰੱਖੋ। ਅਣਸਰਦੇ ਨੂੰ ਮੋਮੀਜਾਮਾ ਵਰਤੋ। ਕਾਰਾੰ 'ਚ ਜਾੰਦਾ ਮੁਲਖ ਬੀਹਾੰ ਦੇ ਕੁਰਕਰੇ ਖਾਕੇ ਤੇ ਪੀਕੇ ਮਰਿੰਡਾ ਸਣੇ ਡਿਸਪੋਜ਼ਲ ਸ਼ੀਸ਼ਾ ਡੌਨ ਕਰਕੇ ਸੜਕ ਤੇ ਸਿੱਟਕੇ ਹੌਹ ਜਾੰਦਾ। ਡਸਟਬਿਨਾੰ ਤੇ ਲਿਖੇ 'ਯੂਸ ਮੀ' ਨੂੰ ਸਮਝੀਏ। ਅਗਲੇ ਮਹੀਨੇ ਪ੍ਰਕਾਸ਼ ਪੁਰਬ ਤੇ ਨਿੱਕਲਣੇ ਨਗਰ ਕੀਰਤਨਾੰ ਵੇਲੇ ਡਿਸਪੋਜ਼ਲ ਨਾਲੋ ਨਾਲ ਸੁੰਭਰੀ ਜਾਇਓ।
ਕੋਈ ਵਿਦਵਾਨ ਪੁਣਾ ਨਹੀੰ ਘੋਟ ਰਿਹਾ । ਚਿੱਤ 'ਚ ਸੀ ਗੱਲ, ਲਿਖਤੀ ਬਸ। ਗੌਰ ਕਰਿਓ ਲਾਜ਼ਮੀ.....ਘੁੱਦਾ

No comments:

Post a Comment