Monday 12 December 2016

SYL

ਨੋਟ ਬਾਹਲਾ ਵੱਡਾ ਮੁੱਦਾ ਨਹੀੰ, ਕੁਝ ਦਿਨਾੰ ਦੀ ਡਿੱਕਤ ਜ਼ਰੂਰ ਆ। ਹਾਸੇ ਖੇਡੇ ਦੇ ਸਟੇਟਸ ਪਾਏ ਜਾ ਰਹੇ ਨੇ। ਸ਼ੁਗਲ ਸ਼ੱਟਾ ਵੀ ਲਾਜ਼ਮੀ ਆ। ਦੋਧੀ ਤੋੰ ਪੰਦਰੀ ਫੜ੍ਹਕੇ ਚਾਹ ਗੁੜ ਤੇ ਜਵਾਕਾੰ ਦੀਆੰ ਫੀਸਾੰ ਤਾਰਨ ਆਲਿਆੰ ਕੋਲ ਕਾਲਾ ਧਨ ਕਿੱਥੇ। ਤਕੜੇ ਸ਼ਾਹੂਕਾਰਾੰ ਦੇ ਜ਼ਰੂਰ ਸੰਘ 'ਚ ਆਏ ਵਏ ਨੇ।
ਟਰੰਪ ਅਮਰੀਕੀਆੰ ਦਾ ਮੁੱਦਾ। ਤੁਸੀੰ ਗੇੜੇ ਨਾ ਬਾਦਲ ਨੂੰ ਵੋਟ ਪਾਉਣੇ ਓੰ ਅਗਲਿਆੰ ਨੇ ਟਰੰਪ ਨੂੰ ਪਾਤੀ।
ਅਹਿਮ ਮਸਲਾ SYL ਈ ਆ। ਆਉਦੀਆੰ ਨਸਲਾੰ ਦਾ ਮੁੱਦਾ। ਮਾਝਾ ਤੇ ਦੁਆਬਾ ਨਹਿਰੀ ਪਾਣੀ ਦੀ ਘੱਟ ਵਰਤੋੰ ਕਰਦਾ। ਪੰਦਰਾੰ ਪੰਦਰਾੰ ਦੀਆੰ ਮੱਛੀਆੰ ਔਹ ਧਾਰ ਮਾਰਦੀਆੰ। ਹੇਠਲੇ ਪਾਣੀ ਚੰਗੇ ਨੇ। ਡਾਕਰ ਜ਼ਮੀਨਾੰ ,ਨੀਰੇ ਦਿਨਾੰ 'ਚ ਈ ਆਉੰਦੇ ਨੇ। ਤੂੰ ਦਾਤਰ ਨਾ ਵੱਢੀ ਚੱਲ ਪਿੱਛੇ ਬਰਸੀਮ ਫੇਰ ਫੁੱਟਦਾ ਆਉੰਦਾ।
ਮਾਲਵਾ ਸਾਰਾ ਨਹਿਰੀ ਪਾਣੀ ਤੇ ਨਿਰਭਰ ਆ। ਸ਼ਹਿਰੋੰ ਮੁੜਦੇ ਬੰਦੇ ਨੂੰ ਫਿਰਨੀ ਤੇ ਖੜ੍ਹਾ ਕੋਈ ਪੁੱਛ ਈ ਲੈੰਦਾ," ਤੂੰ ਜੱਗਰਾ ਬੱਸ ਇੱਚਦੀ ਨਿਗਾਹ ਤਾੰ ਨੀੰ ਮਾਰੀ ਹੋਣੀ, ਸੂਏ 'ਚ ਪਾਣੀ ਆਗਿਆ ਕਿ ਨਹੀੰ?"। ਅਗਲਾ ਅੱਗੋੰ ਕਹਿੰਦਾ ਨਹੀੰ ਆਇਆ ਤਾੰ ਸੰਸੇ ਛਿੜਦੇ ਨੇ ," ਟਰੈਟ ਜੋੜੀਏ ਜਰ ਬੋਰ ਤੇ"। 
ਮੋਟਰਾੰ ਮੂਹਰੇ ਲਫਾਫਾ ਪੈਪ ਚੜ੍ਹਾਕੇ ਉੱਚੇ ਵਾਹਣਾੰ ਨੂੰ ਪਾਣੀ ਲੱਗਦੇ ਨੇ। ਜੀਹਦਾ ਨਹੀੰ ਫੌਹ ਪੈੰਦਾ ਓਹ ਹਾਰਕੇ ਸਰ੍ਹੋੰ ਗਵਾਰਾ ਬੀਜ ਦਿੰਦਾ॥ ਝੱਟੇ ਜਾੰ ਵਰਮੇ ਵਰਤੇ ਜਾੰਦੇ ਨੇ।
ਹੇਠਲੇ ਪਾਣੀ ਬੇਹੱਦ ਮਾੜੇ। ਨਵੀੰ ਮੋਟਰ ਤੇ ਡੂਢ ਲੱਖ ਲਾਓਣ ਲੱਗੇ ਕਲੇਜਾ ਹਾਥੀ ਦੇ ਕੰਨ ਅੰਗੂ ਫੜ੍ਹਕਦਾ ਬੀ ਕਿਤੇ ਪਾਣੀ ਬਾਹਲਾ ਮਾੜਾ ਨਾ ਨਿੱਕਲਜੇ। ਝੋਨੇ ਲੱਗੇ ਨੇ, ਪਰ ਹੇਠਲੇ ਪਾਣੀ ਨੇ ਵਾਹਣਾੰ ਦੀ ਜ਼ੱਖਣਾ ਪੱਟਤੀ।
ਹੁਣ ਲੀਡਰਾੰ ਦਾ ਫੇਰੇ ਦੇਣ ਦਾ ਟੈਮ ਆ। ਪਾਰਟੀਆੰ ਨੂੰ ਛੱਡਕੇ ਪੰਜਾਬ ਨੂੰ ਦੇਖਣ। ਫਲਾਣੇ ਨੇ ਟੱਕ ਲਾਇਆ ਸੀ, ਫਲਾਣੇ ਨੇ ਦਸਖਤ ਕੀਤੇ ਸੀ,ਆਹ ਗੱਲਾੰ ਦਾ ਸਮਾੰ ਨਹੀੰ।ਕੈਪਟਨ, ਬਾਦਲ ਤੇ ਆਮ ਆਲੇ ਤਿੰਨੇ ਮੂਹਰੇ ਲੱਗਣ। ਸਾਰਾ ਪੰਜਾਬ ਮਗਰ ਖੜ੍ਹਾ।
ਨਹੀੰ ਫੇਰ ਜਿਹੜਾ ਕੰਮ ਨੀਲੀਆੰ ਚਿੱਟੀਆੰ ਪੱਗਾੰ ਆਲੇ ਨਹੀੰ ਕਰਦੇ ਓਹ ਕੰਮ ਕੇਸਰੀ ਪੱਗਾੰ ਆਲੇ ਈ ਸਿਰੇ ਲਾਓੰਦੇ ਨੇ....ਇਤਿਹਾਸ ਗਵਾਹ.....ਪੰਜਾਬ ਜ਼ਿੰਦਾਬਾਦ.....ਘੁੱਦਾ

No comments:

Post a Comment