Monday 12 December 2016

ਨਸ਼ੇ ਤੇ ਸਰਕਾਰਾੰ

ਪਰਸੋੰ ਚੌਥੇ ਦੀ ਗੱਲ ਆ। ਮੂੰਹ ਨੇਹਰੇ ਜੇ ਅਸੀੰ ਤਿੰਨ ਚਾਰ ਜਣੇ ਖੜ੍ਹੇ ਸੀ। ਸਾਡੇ ਇੱਕ ਲਿਹਾਜ਼ੀ ਦੀ ਬੀਬੀ ਭੱਜੀ ਆਈ। ਕਹਿੰਦੀ ਭੱਜੋ ਵੇ ਮੁੰਡਿਓ ਬੂਟਾ ਆਵਦੇ ਪਿਓ ਦਾ ਗਲ ਘੁੱਟੀ ਜਾੰਦਾ, ਭੱਜਿਓ ਛੇਤੀ। ਅਸੀੰ ਲਹਿਪੇ। ਸਾਡੇ ਜਾੰਦਿਆੰ ਨੂੰ ਬੂਟਾ ਨਿੰਮ ਥੱਲੇ ਮੰਜੇ ਤੇ ਲੱਤ ਤੇ ਲੱਤ ਧਰਕੇ, ਸਿਰ ਪਿੱਛੇ ਦੋਹੇੰ ਹੱਥਾੰ ਦੀ ਕਰਿੰਗੜੀ ਜੀ ਪਾਕੇ ਐੰ ਜਚਿਆ ਬੈਠਾ ਜਿਮੇੰ ਥਈ 'ਚ ਬਰਾਤੀ ਬੈਠਾ ਹੁੰਦਾ। ਪਿਓ ਉਹਦਾ ਕੰਧੋਲੀ ਦੇ ਅੰਦਰ ਬਾਹਰ ਭੁੰਜੇ ਮੂੰਹ ਟੱਡੀ ਪਿਆ ਸੀ। ਸਿਰੋੰ ਡੁੱਲ੍ਹਾ ਖੂਨ ਵਿਹੜੇ 'ਚ ਫਿਰੇ ਗੋਹੇ ਮਿੱਟੀ ਤੇ ਖਿੱਲਰਿਆ ਵਾ ਸੀ। ਬੀਬੀ ਉਹਦੀ ਸਿਰਹਾਣੇ ਖੜ੍ਹੀ ਪਿੱਟੀ ਜਾਵੇ ਅਕੇ," ਨਪੁੱਤੜੇ ਨੂੰ ਤੜਕੇ ਪੰਜ ਸੌ ਦਿੱਤਾ ਸੀ ਹੁਣ ਹੋਰ ਦੋ ਸੌ ਮੰਗਦਾ, ਕਿੱਥੋੰ ਦੇਦੀਏ....ਹਾਏਏਏ.....ਸਿਰ 'ਚ ਡਲਾ ਮਾਰਿਆ ਆਵਦੇ ਪਿਓ ਦੇ  ਫੇਰ ਕਸੀਏ ਨਾਲ ਲੱਤਾੰ ਕੁੱਟੀਆੰ ਚੰਦਰੇ ਨੇ"। ਪਿਓ ਵੀ ਅੱਗੋੰ ਫੁੱਲ ਟੈਟ ਸੀ।
ਆਪਾੰ ਕਹਿ ਦੇਣੇੰ ਆੰ ਬੀ ਫਲਾਣਾ ਗੀਤ ਦੇਖੋ, ਫਲਾਣੀ ਫਿਲਮ ਦੇਖੋ ਨਸ਼ਿਆੰ ਤੇ ਬਣੀ ਆ ਅਖੇ ਏਹਦੇ 'ਚ ਜੱਟ ਦੀ ਅਸਲੀਅਤ ਦਿਖਾਈ ਆ। ਵੱਟਐਵਰ। ਅਸਲ ਦੁੱਖ ਓਹੀ ਸਮਝ ਸਕਦਾ ਜਿਹੜਾ ਭੋਗਦਾ। ਨਸ਼ੇ ਦੇ ਪੱਟੇ ਐਸੇ ਘਰਾੰ 'ਚ ਜਦੋੰ ਕੋਈ ਸਕੀਰੀ ਆਲਾ ਜਾਣ ਲੱਗਾ ਜਵਾਕ ਨੂੰ ਸੌ ਰੁਪਈਆ ਫੜ੍ਹਾਓੰਦਾ ਤਾੰ ਬੁੜ੍ਹੀਆੰ ਓਸੇ ਸੌ ਨੂੰ ਟਾਣ ਦੇ ਛਾੜ ਹੇਠ ਲੁਕਾ ਕੇ ਰੱਖਦੀਆੰ। ਕਿਤੇ ਦਸਾੰ ਦੀ ਖੰਡ ਹੱਟੀ ਤੋੰ ਲੈ ਆੰਦੀ ਕਿਤੇ ਦਸਾੰ ਦੀ ਚਾਹ। ਜਿੱਦੇੰ ਘਰਆਲੇ ਨੂੰ ਪਤਾ ਲੱਗਦਾ ਓਹ ਸੱਤਰ ਅੱਸੀ ਚੱਕਕੇ ਅਧੀਆ ਪੀਕੇ ਮੂਤ ਦਿੰਦਾ।
ਕੱਲੇ ਬਾਦਲ ਸਿਰ ਠੂਣਾ ਭੰਨਕੇ ਆਪਾੰ ਸੁਰਖਰੂ ਹੋ ਜਾਣੇੰ ਆ ਕਿ ਨਸ਼ਾ ਬਹੁਤ ਆ ਪੰਜਾਬ 'ਚ। ਪੰਜਾਬ 'ਚ ਦੁੱਧ ਘਿਓ ਵੀ ਬਥੇਰਾ ਓਹ ਪੀਤਾ ਕਦੇ। ਜਦੋੰ ਚਾਰ ਬੰਦੇ ਕੱਠੇ ਹੋਣ ਕਦੇ ਕਿਸੇ ਨੇ ਕਿਹਾ ਬੀ ਚਲੋ ਅੱਜ ਦੁੱਧ ਦੱਧ ਪੀਣੇੰ ਆੰ ਜਾੰ ਕਿੱਲੋ ਸਿਓ ਚੀਰ ਲੈਣੇ ਆੰ। ਓਦੋੰ ਅਗਲਾ ਏਹੀ ਕਹਿੰਦਾ ਚਲੋ ਬੋਤਲ ਫੜ੍ਹਲੋ ਨਾਏ ਲੈਹਰ ਦਾ ਗਿਰੀਆੰ ਦਾ ਪੈਕਟ ਫੜ੍ਹਲੋ। ਅਕਾਲੀਆੰ ਨਾਲ ਮੇਰਾ ਕੋਈ ਤੇਹ ਨਹੀੰ। ਪਰ ਬਾਦਲ ਕਿਹੜਾ ਥੋਨੂੰ ਆਪ ਪੈੱਗ ਬਣਾਕੇ ਦਿੰਦਾ ਜਾੰ ਸੁਖਬੀਰ ਗੋਲ ਗੰਢੇ ਚੀਰਕੇ ਉੱਤੇ ਨੂਣ ਭੁੱਕਕੇ ਦਿੰਦਾ ।
ਸਰਕਾਰਾੰ ਚਲਦੀਆੰ ਟੈਕਸਾੰ ਨਾਲ ਤੇ ਟੈਕਸ ਬਣਦਾ ਦਾਰੂ 'ਚੋੰ ਤੇ ਦਾਰੂ ਪੀਣੇੰ ਆੰ ਆਪਾੰ। ਚੰਡੀਗੜ੍ਹ ਗਏ ਬੰਦੇ ਨੂੰ ਫੋਨ ਕਰਨਗੇ ਫਲਾਣੀ ਦੀਆੰ ਦੋ ਬੋਤਲਾੰ ਫੜ੍ਹੀ ਲਿਆਈੰ ਹੈਥੋੰ ਸਸਤੀ ਆ। ਜਾੰ ਡੱਬਆਲੀਓੰ ਲੈ ਆਉਣਗੇ ਅਖੇ ਹਰਿਆਣੇ ਕਰਕੇ ਰੇਟਾੰ ਦਾ ਫਰਕ ਆ। 
ਸਰਕਾਰਾੰ ਨੇ ਥੋਡਾ ਚੰਗਾ ਨਹੀੰ ਸੋਚਣਾ, ਆਵਦਾ ਆਪ ਸਵਾਰੋ। ਨਹੀੰ ਫਿਰ ਸਿਰ ਤੇ ਗਲਾਸੀ ਧਰਕੇ ਵਿਆਹਾੰ 'ਚ ਨੱਚੀ ਚੱਲੋ ਅਖੇ ਡੀਜੇ ਆਲੇ ਨੂੰ ਕਹਿਕੇ ਗਾਣਾ ਲਵਾਦੇ ਬੀ ਸਿਰ ਤੇ ਪੈੱਗ ਧਰ ਨੱਚਣਾ ਅਕੇ ਸ਼ੌਕ ਪੰਜਾਬੀ ਦਾ......ਘੁੱਦਾ

No comments:

Post a Comment