Monday 12 December 2016

ਹਰਭਜਨ ਮਾਨ

ਹੁਣ ਤਾੰ ਨਵੇੰ ਸਿਨੇਮੇ ਬਣਗੇ ।12-13 ਸਾਲ ਪਹਿਲਾੰ ਬਠਿੰਡੇ 'ਚ ਚਾਰ ਸਿਨਮੇ ਸੀ। ਪੁਖਰਾਜ, ਸੁਖਰਾਜ, ਹਰਚੰਦ ਤੇ ਉੜਾੰਗ। ਓਦੋੰ ਜੇ ਹਰਭਜਨ ਮਾਨ ਦੀਆੰ ਫਿਲਮਾੰ ਆਉਣ ਲੱਗੀਆੰ। ਓਦੋੰ ਜੇ ਈ ਅਸੀੰ ਗੱਭਰੂ ਹੋਣ ਲੱਗੇ ਸੀ। ਸਿਰੋੰ ਪੜ੍ਹਕੇ ਲਾਹਕੇ, ਚੁਲ੍ਹੀ ਨਾਲ ਫੁੱਲ ਫੈਲ ਦੀਆੰ ਪੱਗਾੰ ਤੇ ਪਾਣੀ ਛਿੜਕ ਕੇ ਪੂਣੀਆੰ ਕਰਨ ਲੱਗਪੇ ਸੀ। ਓਦੋੰ ਅਜੀਤ ਦੇ ਤੀਜੇ ਸਫੇ ਦੀ ਨੁੱਕਰ ਤੇ ਫਿਲਮਾੰ ਦੀ ਐਡ ਛਪਦੀ। ਜਿੱਦੇ ਹਰਭਜਨ ਮਾਨ ਦੀ ਫਿਲਮ ਰਿਲੀਜ਼ ਹੁੰਦੀ ਹਾਊਸਫੁੱਲ ਹੁੰਦੇ। ਮੁਲਖ ਸਿਨਮੇ 'ਚ ਭੁੰਜੇ ਬਹਿਕੇ ਫਿਲਮ ਦੇਖਦਾ। ਤੋਤੇ ਬੌਕਸ ਦੀ ਟਿਕਟ ਲੈੰਦੇ, ਸ਼ੌਕੀ ਪੱਠੇ ਬਾਲਕੋਨੀ ਦੀ ਤੇ ਤੇਰੇ ਮੇਰੇ ਅਰਗੇ ਵੀਹ ਰੁਪਏ ਲਾਕੇ ਹਾਲ ਦੀ ਟਿਕਟ ਲੈੰਦੇ।
ਫੇਰ ਹੋਰ ਬੰਦੇ ਮੂਹਰੇ ਆਏ। ਮਹਿੰਦੀ ਵਾਲੇ ਹੱਥ ਤੇ ਮਿੱਟੀ ,ਮੰਨਤ ਵਰਗੀਆੰ ਚੰਗੀਆੰ ਫਿਲਮਾੰ ਬਣੀਆੰ। ਫੇਰ ਸ਼ਹਿਰਾੰ 'ਚ ਮੌਲਾੰ ਦੀਆੰ ਨਿਓਆੰ ਭਰੀਆੰ ਜਾਣ ਲੱਗੀਆੰ। ਮਹਿੰਗੇ ਸਿਨਮੇ ਬਣੇ। ਟਿਕਟ ਵੀਹ ਤੋੰ ਇੱਕ ਸੌ ਅੱਸੀ ਹੋਣ ਲੱਗੀ ਨਾਲ ਫੁੱਲਿਆੰ ਦੇ ਟੱਬ। 
ਮਨੋਜ ਪੁੰਜ ਤੋੰ ਬਾਅਦ ਗੁਰਦਾਸ ਮਾਨ ਫਿਲਮਾੰ ਜੋਗਾ ਨਾ ਰਿਹਾ। ਫਿਲਮ ਬੂਟਾ ਸਿੰਘ ਤੇ ਵਾਰਸ ਸ਼ਾਹ ਓਹਦਾ ਸਿਖਰ ਸੀ। ਹਸ਼ਰ ਤੇ ਏਕਮ ਬੱਬੂ ਮਾਨ ਦਾ ਉਤਲਾ ਲੈਵਲ। ਫੇਰ ਦਿਲਜੀਤ ਤੇ ਗਿੱਪੀ। ਹੋਰ ਸੁਧਾਰ ਹੋਇਆ ਅਮਰਿੰਦਰ ਗਿੱਲ ਤੇ ਐਮੀ ਵਿਰਕ ਆਗੇ। ਸਿਨੇਮਾ ਹੋਰ ਤਰੱਕੀ ਕਰ ਰਿਹਾ। ਬੇਹੱਦ ਚੰਗੀਆੰ ਫਿਲਮਾੰ , ਜੇ ਤੂੰ ਭੈਣ ਨਾਲ ਬੈਠਾ ਵੀ ਫਿਲਮ ਦੇਖ ਰਿਹਾੰ ਤਾੰ ਤੈਨੂੰ ਟੀਵੀ ਦਾ ਰਿਮੋਟ ਫੜ੍ਹਕੇ ਚੈਨਲ ਨਹੀੰ ਚੇੰਜ ਕਰਨਾ ਪੈਣਾੰ।
ਗੱਲ ਕਹਿਣ ਦਾ ਮਤਲਬ ਕੋਈ ਲੱਖ ਮਾੜਾ ਆਖੇ ਪਰ ਹਰਭਜਨ ਮਾਨ ਅਰਗਿਆੰ ਨੇ ਪੰਜਾਬੀ ਸਿਨੇਮੇ ਨੂੰ ਪੈਰਾੰ ਸਿਰ ਕੀਤਾ। ਮਨਮੋਹਨ ਸਿੰਘ ਦੀ ਨਿਰਦੇਸ਼ਨਾੰ ਤੇ ਮਾਨ ਮਰ੍ਹਾੜਾੰ ਆਲੇ ਦੇ ਗੀਤ। 
ਪਿੰਡ ਖੇਮੂਆਣੇ ਦੇ ਜੰਮੇ ਏਸ ਕਲਾਕਾਰ ਨੇ ਕਦੇ ਢਿੱਲਾ ਗੀਤ ਨਈੰ ਗਾਇਆ। 'ਜੱਗ ਜੰਕਸ਼ਨ ਰੇਲਾੰ ਦਾ' ਸਮੇਤ ਹੋਰ ਕਵੀਸ਼ਰੀਆੰ, ਗੀਤ, ਵਾਰਾੰ ਤੇ ਹੋਰ ਸਰਬੋਤਮ ਲਿਖਤਾੰ ਨੂੰ ਗਾਕੇ ਸਦੀਵੀ ਕਰਤਾ। 
ਚੰਗੀ ਗਾਇਕੀ ਨੂੰ ਚਾਹੁਣ ਆਲਿਆੰ ਦੇ ਫੋਨਾੰ 'ਚ ਹਰਭਜਨ ਮਾਨ ਦੇ ਗੀਤ ਲਾਜ਼ਮੀ ਹੁੰਦੇ ਨੇ....ਨਵੇੰ ਟਰੱਕ ਨੂੰ ਬਾਡੀ ਲਵਾਕੇ ਓਤੋੰ ਦੀ ਗੇੜਾ ਦੇਕੇ ਅਗਲਾ ਪੇੰਟਰ ਨੂੰ ਆਖਦਾ ਨਿੱਕਿਆ ਟਰੱਕ ਦੇ ਪਿੱਛੇ ਲਿਖਦੀੰ," ਮਾਨਾੰ ਮਰ ਜਾਣਾ ਪਿੱਛੇ ਯਾਦਾੰ ਰਹਿ ਜਾਣੀਆੰ"....ਘੁੱਦਾ

No comments:

Post a Comment