Wednesday, 26 August 2015

ਸਾਂਭਕੇ ਪੰਜਾਬ ਰੱਖਿਓ--3

ਅੱਕ, ਬੂੰਈਂ, ਮਲ੍ਹੇ ਤੇ ਕਰੀਰ ਦੱਸਿਓ
ਰੋਹਬ, ਤਾਅ ,ਅਣਖ, ਜ਼ਮੀਰ ਦੱਸਿਓ
ਧੌਣ, ਮੁਰਚਾ, ਖੁੱਚ ਨਾਲੇ ਮੌਰ ਦੱਸਿਓ
ਰੋਸਾ, ਗੁੱਸਾ, ਅਦਰੇਵਾਂ ਨਾਲੇ ਗੌਰ ਦੱਸਿਓ
ਆਸਾਂ, ਸਧਰਾਂ, ਜਾਗਦੇ ਖੁਆਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਮਿਆਣੀ, ਤੀਰਾ, ਕਫ ਨਾਲੇ ਕਾਜ ਦੱਸਿਓ
ਬਟੇਰੇ, ਤਿੱਤਰ, ਗਟਾਰ ਨਾਲੇ ਬਾਜ਼ ਦੱਸਿਓ
ਟੱਬਰ, ਸ਼ਰੀਕਾ, ਕੁੱਲ ਤੇ ਮਹੈਣ ਦੱਸਿਓ
ਪਸਾਰ, ਸੁੰਢ, ਮੁਸਲੀ, ਜਵੈਣ ਦੱਸਿਓ
ਚੇਤੇ ਜੇਹਲਮ, ਰਾਵੀ ਤੇ ਝਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਛਿੱਬੀ, ਮਿਹਣਾ, ਨਿਹੋਰਾ, ਅਹਿਸਾਨ ਦੱਸਿਓ
ਲਾਸ, ਸੁੱਬੀ, ਰੱਸਾ ,ਮੁੰਜ ਵਾਣ ਦੱਸਿਓ
ਮੌਜਾ, ਖੋਸਾ, ਜੁੱਤੀ, ਗੁਰਗਾਬੀ ਦੱਸਿਓ
ਸ਼ਰਦਈ, 'ਸਮਾਨੀ, ਜਾਮਣੀ ,ਗੁਲਾਬੀ ਦੱਸਿਓ
ਚੇਤੇ ਫਤਹਿ, ਸਤਿ ਸ੍ਰੀ ਅਕਾਲ ਤੇ ਅਦਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਕਿਆਰਾ, ਓੜਾ, ਵੱਟ ਤੇ ਸਿਆੜ ਦੱਸਿਓ
ਝੇਡ, ਮਸ਼ਕਰੀ, ਝਿੜਕ ਤੇ ਲਾਡ ਦੱਸਿਓ
ਕਲੀਹਰੇ, ਚੂੜਾ, ਵੰੰਗ ਨਾਲੇ ਕੜਾ ਦੱਸਿਓ
ਬਨੇਰਾ, ਚੌਂਤਰਾ, ਕੰਧੋਲੀ ਨਾਲੇ ਥੜ੍ਹਾ ਦੱਸਿਓ
ਡੇਰੇ, ਨਸ਼ਿਆਂ ਤੇ ਪਾਕੇ 'ਘੁੱਦੇ' ਦਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਜੌਂ, ਬਾਜਰਾ, ਨਰਮਾ, ਕਪਾਹ ਦੱਸਿਓ
ਭਾਨੀ, ਚੁਗਲੀ, ਰਾਇ ਤੇ ਸਲਾਹ ਦੱਸਿਓ
ਪਰੀਹੇ, ਮੇਲ, ਮੁਕਲਾਵਾ, ਮੁਕਾਣ ਦੱਸਿਓ
ਚਾਅ, ਹੌਂਸਲਾਂ, ਹੰਕਾਰ ਨਾਲੇ ਮਾਣ ਦੱਸਿਓ
ਇੱਕੋ ਗੁਰੂ ਉੁੱਤੇ ਟੇਕ ਗ੍ਰੰਥ ਸਾਬ੍ਹ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

Monday, 10 August 2015

ਉੱਦਮੀ ਊਧਮ

ਆਵਦੇ ਦੇਸ਼ 'ਚ ਬੰਦਾ ਫਾਂਸੀ ਚੜ੍ਹੇ ਤਾੰ ਸੈਂਕੜੇ ਸਮੱਰਥਕ ਜੇਲ੍ਹ ਦਾਲੇ ਬੈਠੇ ਹੁੰਦੇ ਨੇ। ਸਦਕੇ ਓਸ ਮਹਾਨ ਪੰਜਾਬੀ ਦੇ ਜੇਹੜਾ ਸੱਤ ਬਿਗਾਨੇ ਦੇਸ਼ 'ਚ 1940 ਨੂੰ ਜਾ ਫਾਂਸੀ ਚੜ੍ਹਿਆ। ਸਗਮਾਂ ਦੇਸ਼ ਦੇ ਰੋਡੇ ਮੋਹਰੀਆਂ ਨੇ ਊਧਮ ਸਿੰਘ 'ਚ ਈ ਨੁਕਸ ਕੱਢਿਆ। ਰਾਤੀਂ ਹੋਈ ਲੜਾਈ ਨੂੰ ਬੰਦਾ ਤੜਕੇ ਤਾਂਈ ਭੁੱਲਕੇ ਫੇਰ ਓਹੋ ਜਾ ਹੋ ਜਾਂਦਾ। 
ਇੱਕੀ ਸਾਲ ਦਾ ਸਮਾਂ ਬਹੁਤ ਹੋ ਜਾਂਦਾ। ਦੋ ਦਹਾਕੇ ਤੇ ਇੱਕ ਸਾਲ। ਪਰ ਓਹ ਨਾ ਭੁੱਲਿਆ।
ਵਾਰਾਂ, ਕਿਤਾਬਾਂ, ਗੀਤਾਂ, ਫਿਲਮਾਂ ਰਾੰਹੀ ਓਹ ਮਹਾਨ ਸੂਰਮੇ ਜਿਓਂਦੇ ਈ ਰਹਿਣਗੇ। ਸਮੇੰ ਦਾ ਲਫੇੜਾ ਵੱਜਿਆ ਤਾਂ ਸਾਰਿਆੰ ਨੇ ਵਾਰੋ ਵਾਰੀ ਦੁਨੀਆੰ ਤੋੰ ਤੁਰੇ ਜਾਣਾ। ਪਰ ਬਾਈ ਊਧਮ ਸਿੰਘ ਹੋਣਾਂ ਨੇ ਦਿਨੋੰ ਦਿਨ ਗੱਭਰੂ ਹੁੰਦੇ ਜਾਣਾਂ । ਜਿਵੇਂ ਜੰਮਣ ਵੇਲੇ ਮਿਲੀ ਅਸੀਸ ਏਹਨਾਂ ਨੂੰ ਪੱਕੀ ਲੱਗਗੀ ਹੋਵੇ ,"ਪੁੱਤ ਜਿਓਂਦਾ ਰਹਿ"......ਘੁੱਦਾ

ਜਗਨਨਾਥ ਪੁਰੀ


ਜਗਨਨਾਥ ਪੁਰੀ ਤੇ ਕਦੇ ਸ਼ਹਿਰ ਮੱਕਾ
ਬਾਬਾ ਜਿੱਤਿਆ ਜਿੱਥੇ ਜ਼ਿਰਾਹ ਹੋਵੇ
ਇਸ਼ਕ ਤੈਰਦਾ ਨਹੀੰ ਸਿਰਫ ਕੱਚਿਆਂ ਤੇ
ਆਰਿਆਂ ਹੇਠ ਵੀ ਏਹ ਜ਼ਿਬਾਹ ਹੋਵੇ
ਨਿੱਜ ਜੰਮੜੇ ਪਿਓ ਦੀ ਫੜ੍ਹਨ ਦਾਹੜੀ
ਜਿਓੰਦੇ ਜੀਅ ਫੇਰ ਬੰਦਾ ਸਵਾਹ ਹੋਵੇ
ਭੈਣ ਭਰਾ ਨੂੰ 'ਬਰੋ' ਤੇ 'ਦੀ' ਕਹਿੰਦੇ
ਕੌਣ ਪੰਜਾਬੀਏ ਨੀਂ ਖੈਰ ਖਵਾਹ ਹੋਵੇ
ਦਿਲ ਤਿੜਕੇ ਨੂੰ ਵੈਦ ਜਵਾਬ ਦੇਜੇ
ਪਾਟੇ ਚੰਮ ਦੀ ਤਾਂ ਸੌ ਦਵਾ ਹੋਵੇ
ਘਰ ਘਰ ਫੇਰ ਐਸੇ ਪੁੱਤ ਜੰਮਣ 
ਦੁੱਲੇ ਊਧਮ ਜਿਹਾ ਸੁਭਾਅ ਹੋਵੇ 
ਸਾਰਾਗੜ੍ਹੀ ਤੇ ਗੜ੍ਹੀ ਚਮਕੌਰ ਚੇਤੇ
ਮਰਕੇ ਜਿਓਣ ਦਾ ਜਿੱਥੇ ਚਾਅ ਹੋਵੇ
ਸਾਡੀ ਕੌਮ 'ਚ ਘੁੱਦੇ ਥਬ੍ਹਾਕ ਬਣਜੇ
ਇੱਕੋ ਆਗੂ ਤੇ ਇੱਕੋ ਰਾਹ ਹੋਵੇ
ਵਿਛੋੜ ਸੁੱਟਿਆ ਯਾਰਾਂ ਪਰਿਵਾਰਾਂ ਨੂੰ
ਦਰਿਆ ਸਰਸਾ ਭਾਵੇਂ ਝਨਾ ਹੋਵੇ

ਨਿਆਂ ਆਲੀ ਬੁੜ੍ਹੀ

ਸਕੂਲੀ ਸਿਲੇਬਸ 'ਚ ਸਮਾਜਿਕ ਸਿੱਖਿਆ ਦੇ ਵਿਸ਼ੇ 'ਚ ਕਵਾਚਨ ਆਓਂਦਾ ਹੁੰਦਾ ਸੀ ਅਕੇ,"ਭਾਰਤ ਭਿੰਨਤਾਵਾੰ ਭਰਿਆ ਦੇਸ਼ ਹੈ, ਫੇਰ ਵੀ ਏਥੇ ਏਕਤਾ ਹੈ", ਏਸ ਕਥਨ ਤੇ ਚਾਨਣਾ ਪਾਓ"। ਏਹਦਾ ਜਵਾਬ ਲਿਖਦੇ ਹੁੰਦੇ ਸੀ ਬੀ ਏਥੇ ਕੁੱਲ ਧਰਮਾਂ ਦੇ ਲੋਕ ਇੱਕਜੁੱਟ ਹੋਕੇ ਰਹਿੰਦੇ ਹਨ ਤਾੰ ਕਰਕੇ ਭਾਰਤ ਇੱਕਜੁੱਟ ਆ। ਪਰ ਜਦੋਂ ਚੱਜ ਨਾਲ ਸੁਰਤ ਸੰਭਲੇ ਫੇਰ ਪਤਾ ਲੱਗਾ ਓਹ ਕਿਤਾਬਾੰ ਝੂਠੀਆੰ ਸੀ।
ਤਾਮਿਲ ਲੋਕ ਲਿੱਟੇ ਦੇ ਸਮੱਰਥਕ ਨੇ ਜਿਨ੍ਹਾਂ ਨੁੇ ਰਾਜੀਵ ਨੂੰ ਗੁੱਗਲ ਦਿੱਤੀ ਸੀ। 'ਤਾਹਾਂ ਆਜਾ। ਗੁਜਰਾਤ ਨੇ ਮੁਸਲਮਾਨ ਟੁੱਕਤੇ ਹੁਣ ਸਿੱਖ ਕਿਰਸਾਨਾਂ ਦੇ ਲੀੜੇ ਚਕਾਉਣ ਨੂੰ ਫਿਰਦੇ ਨੇ। ਸੱਜੇ ਬਗਜਾ। ਛੱਤੀਸਗੜ੍ਹ ਦੇ ਨਕਸਲੀ ਗਰਦਾਨੇ ਲੋਕ ਜੰਗਲ ਪਾਣੀ ਜਾਣ ਲੱਗੇ ਵੀ ਸੰਤਾਲੀ ਨਾਲ ਰੱਖਦੇ ਨੇ। ਫੌਜੀ ਵੀ ਮਾਰੇ ਜਾੰਦੇ ਨੇ ਤੇ ਨਕਸਲੀ ਵੀ। ਸੌਹਰਾ 'ਸ਼ਹੀਦ' ਲਫ਼ਜ਼ ਈ ਕਨਫਿਊਜ਼ ਹੋ ਗਿਆ ਬੀ ਕੀਹਦੇ ਨਾਂ ਮੂਹਰੇ ਲੱਗਾਂ। ਹੋਰ ਓਧਰ ਬਗਜਾ। ਪੂਰਬੀ ਸਟੇਟਾੰ 'ਚ ਵੀ ਹਿੰਦ ਸਰਕਾਰ ਸਾਰੇ ਕਿਤੇ ਲੂਤ ਲੂਤ ਕਰਦੀ ਫਿਰਦੀ ਆ। ਕਸ਼ਮੀਰ ਤਾਂ ਫੋੜਾ ਈ ਬਣਿਆ ਵਾ ਭਰ ਜਾਦਾਂ ਫਿੱਸ ਜਾਂਦਾ। 'ਚਰਜ ਤਾਂ ਏਸ ਗੱਲ ਦਾ ਬੀ ਤਾਂ ਏਕਤਾ ਕਿੱਥੇ ਆ ਭਾਰਤ 'ਚ, ਜੇਹੜੀ ਕਿਤਾਬਾਂ 'ਚ ਪੜ੍ਹੀ ਸੀ।
ਅਦਾਲਤਾਂ 'ਚ ਓਹ ਬੁੜ੍ਹੀ ਦੀ ਫੋਟੋ ਲੱਗੀ ਹੁੰਦੀ ਆ ਜਿਹੜੀ ਅੱਖਾਂ ਤੇ ਪੱਟੀ ਬੰਨ੍ਹਕੇ ਹੱਥ 'ਚ ਤੱਕੜੀ ਫੜ੍ਹਕੇ ਖੜ੍ਹੀ ਹੁੰਦੀ ਆ। ਪਰ ਉਹਵੀ ਪੱਟੀ ਵਿੱਚਦੀ ਦੇਖ ਲੈਂਦੀ ਆ ਕਿ ਮੂਹਰੇ ਅਫ਼ਜ਼ਲ ਗੁਰੂ ਖੜ੍ਹਾ ਕਿ ਭੁੱਲਰ ਕਿ ਟਾਈਟਲਰ ਖੜ੍ਹਾ। ਫੈਸਲੇ ਕਰਨ ਆਲੇ ਸੰਵਿਧਾਨ ਨਹੀਂ , ਕਟਿਹਰੇ 'ਚ ਖੜ੍ਹੇ ਬੰਦੇ ਦਾ ਧਰਮ ਦੇਖਦੇ ਨੇ। ਬਾਕੀ ਦੀਨਾਨਗਰ ਦੀ ਗੱਲ ਆ। ਜਿਹੜੇ ਮਾਰਨ ਆਏ ਸੀ ਓਹਵੀ ਕਿਸੇ ਮਾਂ ਦੇ ਪੁੱਤ ਸੀ ਤੇ ਜਿਹੜੇ ਮਰਗੇ ਓਹਨ੍ਹਾੰ ਦੇ ਟੱਬਰਾਂ ਦੀਆਂ ਵੀ ਆਂਦਰਾੰ ਵਿਲਕਦੀਆਂ। ਕੋਈ ਸ਼ਹੀਦ ਤੇ ਕੋਈ ਅੱਤਵਾਦੀ। ਪਰ ਓਹ ਕਿਓਂ ਅਉੰਦੇ ਨੇ,ਏਹ ਸਵਾਲ ਦਾ ਜਵਾਬ ਨਹੀਂ ਲੱਭਿਆ ਦਹਾਕੇ ਈ ਬੀਤਗੇ.....ਘੁੱਦਾ

ਨਿੱਕੇ ਦੀ ਪੰਦਰਾਂ ਗਸਤ

ਤੇਰੀ ਗੱਲ 'ਚੋਂ ਗੱਲ ਆਗੀ, ਕੇਰਾਂ ਏਮੇਂ ਜਿਮੇਂ ਸਾਉਣ ਦੇ ਆਹੀ ਅੱਧ ਪੱਖ ਜੇ ਦੇ ਦਿਨ ਸੀਗੇ। ਤਾਇਆ ਘਰੇ ਸੀ ਓਦੇਂ ਨਾਏ ਕੁਜਰਤੀਏਂ ਕੰਦੂਖੇੜੇ ਆਲਾ ਫੌਜੀ ਰਟੈਰ ਫੁੱਫੜ ਆਇਆ ਬਾ । ਸਾਡੇਆਲੇ ਨਿੱਕੇ ਗਰਨੈਬ ਨੇ ਸਕੂਲੋੰ ਆਕੇ ਅਲਾਨ ਕਰਤਾ ਕਹਿੰਦਾ,"ਤਾਇਆ ਸਕੂਲ 'ਚ ਪੰਦਰਾਂ ਗਸਤ ਦਾ ਫੰਗਸ਼ਨ ਆ ਤੇ ਜਾਰ ਹੋਣੀਂ ਭੰਗੜਾ ਪਾਓਣਗੇ"। ਪੰਦਰਾਂ ਗਸਤ ਸੁਣਕੇ ਫੌਜੀ ਫੁੱਫੜ ਤੋੰ ਮੱਲੋ ਮੱਲੀ ਸਲੂਟ ਬੱਜ ਗਿਆ। ਤਾਇਆ ਗਰਮੈਸ਼ 'ਚ ਆਗਿਆ ਬੀ ਹੁਣ ਨਿੱਕਾ ਭੈਣਦੇਣਾ ਸ਼ਟੇਜਾਂ ਤੇ ਨੱਚੂ। ਫੁੱਫੜ ਬੋਲ ਪਿਆ,"ਅੱਛੀ ਬਾਤ ਹੈ , ਕਲਚਰਲ ਅੈਕਟੀਵਿਟਿਜ਼ ਮੇਂ ਪਾਰਟੀਸਪੇਟ ਕਰਨਾ ਚਾਹੀਏ"।  ਫੁੱਫੜ ਮੂੰਹੋਂ ਦੋ ਤਿੰਨ ਭਾਰੇ ਜੇ ਲਪਜ਼ ਸੁਣਕੇ  ਤਾਇਆ ਟਿਕ ਗਿਆ ਬੀ ਖੌਣੀ ਪ੍ਰਾਹੁਣੇ ਨੇ ਬੱਡੀ ਗੱਲ ਕਰੀ ਆ ਕੋਈ।
ਨਿੱਕੇ ਨੂੰ ਤਾੰ ਸ਼ਹਿ ਮਿਲਗੀ, ਟਹਿਕ 'ਚ ਹੋਗਿਆ ।ਓਹੀ ਗੱਲ ਤੇ ਦੂਏ ਦਿਨ ਸਕੂਲ 'ਚ ਜਦੋਂ ਰੈਹਸਲ ਰੂਹਸਲ ਕਰਕੇ ਸਾਰੇ ਬਾਗੇ , ਤਾਂ ਨਿੱਕੇ ਨੇ ਤਾਂ ਭਰਾਵਾ ਢੋਲ ਕਿਓਂ ਨਾ ਚੱਕ ਲਿਆ। ਪਿਛਲੀ ਕਾਠੀ ਤੇ ਟੂਪ ਨਾਲ ਢੋਲ ਬੰਨ੍ਹਕੇ  ਨਿੱਕੇ ਨੇ ਸ਼ੈਂਕਲ ਰਾਗਟ ਬਣਾਤਾ।ਘਰੇ ਜਾਕੇ ਲੀੜੇ ਲੂੜੇ ਲਾਹਕੇ ਕੱਲੀ ਨਿੱਕਰ 'ਚ ਹੋ ਗਿਆ ਤੇ ਢੋਲ ਗਲ 'ਚ ਪਾ ਲਿਆ।
ਹਾੰ ਕੀ, ਦੇ ਤੇਰੇ ਦੀ ਲੈ ਤੇਰੇ ਦੀ, ਖੜਕਾਟ ਪਿਆ ਪਬੇ ਢੋਲ ਦਾ। ਪਸੂ ਅੱਡ ਖੁਲਣੀਆਂ ਤੇ ਚੜ੍ਹੇ ਫਿਰਣ। ਤਾਈ ਅਰਗੀਆਂ ਨਾਏ ਤਾੰ ਡਰਨ ਨਾਏ ਦੂਰੋੰ ਖੜ੍ਹਕੇ ਜਲ ਦੇ ਛੱਟੇ ਮਾਰਨ ਅਕੇ ਨਿੱਕੇ 'ਚ ਪੌਣ ਆਗੀ। ਵਿੱਚੇ ਨਿੱਕੇ ਨੇ ਕੰਨ ਤੇ ਹੱਥ ਧਰਕੇ ਬੋਲੀਆਂ ਚੱਕਤੀਆਂ। ਬੋਲੀ ਘੱਟ ਪਾਵੇ ਤੇ ਪੰਮੀ ਬਾਈ ਅੰਗੂ ਸ਼ੀ ਸ਼ੀ ਵੱਧ ਕਰੇ।
ਤਾਇਆ ਕਹਿੰਦਾ ਨਿੱਕਿਆ ਉੱਤੇ ਥੁੱਕ ਨਾ ਸਿੱਟ ,ਪੈਲੇ ਪਾਸੇ ਮੂੰਹ ਕਰਕੇ ਬੋਲੀ ਪਾਲਾ।  ਫੌਜੀ ਫੁੱਫੜ ਨਿੱਕੇ ਉੱਤੋਂ ਦੀ ਨੋਟ ਸਿੱਟੇ ਅਖੇ ਪੰਦਰਾੰ 'ਗਸਤ ਦੀ ਤਿਆਰੀ ਕਰਦਾ। ਨਿੱਕਾ ਬੀਚਰ੍ਹ ਗਿਆ , ਹਟੇ ਈ ਨਾ। ਹਾਨੀਸਾਰ ਨੂੰ ਤਾਏ ਨੇ ਹੇਕ ਆਲਾ ਹੱਥ ਫੜ੍ਹਕੇ ਨਿੱਕੇ ਦੀ ਬਾਂਹ ਨੂੰ ਬਟਾ ਦੇਲਿਆ ਤੇ ਜੋੜਾ ਚੱਕ ਲਿਆ ਹਾਰਕੇ। ਸਾਡੇਆਲਾ ਸਣੇ ਢੋਲ ਮੰਜੀਆਂ ਥੱਲੇ ਵੜਿਆ ਫਿਰੇ.......ਘੁੱਦਾ

Sunday, 19 July 2015

ਫਰੀਦਕੋਟ ਆਾਲੀ ਬੇਬੇ

ਖਿੱਚ ਧੂਹ ਨਾਲ 2007 'ਚ ਦਸਮੀਂ ਕਰਕੇ ਅਸੀਂ ਫਰੀਦਕੋਟ ਬੱਗਗੇ ਪੜ੍ਹਨ। ਓਥੇ ਕਮਰਾ ਲਿਆ ਸੀ ਕਿਰਾਏ ਤੇ। ਕਿਰਾਇਆ ਮੈਂ ਤੇ ਬੁਰਜ ਆਲਾ ਬਲਵਿੰਦਰ ਦੇਦੇਂ ਸੀ ਪਰ ਊਂ ਸੱਤ ਅੱਠ ਜਣੇ ਜੁੜੇ ਰਹਿੰਦੇ ਕਮਰੇ 'ਚ। ਬਜ਼ੁਰਗ ਬੇਬੇ ਬਾਪੂ ਦਾ ਮਕਾਨ ਸੀ। ਬੇਬੇ ਦਾ ਪੁੱਤ ਕਨੇਡਾ ਰਹਿੰਦਾ ਸੀ। ਸਾਡੇ ਕਮਰੇ 'ਚ ਸਾਹਮਣੀ ਕੰਧ ਤੇ ਵਲੈਤ ਗਏ ਪੁੱਤ ਦੀਆਂ ਫੋਟਮਾਂ ਲੱਗੀਆਂ ਹੁੰਦੀਆਂ ਜੀਹਦੇ 'ਚ ਓਹ ਹੱਥ ਨਾ ਸੇਹਰਾ ਚੱਕੀ ਪੋਜ਼ ਦੇ ਰਿਹਾ ਹੁੰਦਾ। ਨਾਲ ਬੇਬੇ ਦੀ ਨੂੰਹ ਤੇ ਜਵਾਕਾਂ ਦੀਆਂ ਫੋਟੋਆਂ। 
ਤੜਕੇ ਬੇਬੇ ਚਾਹ ਦੇ ਗਲਾਸ ਨਾਭਕੇ ਸਾਡੇ ਕੋਲ ਆ ਬਹਿੰਦੀ ਤੇ ਪੁੱਤ ਦੀਆਂ ਗੱਲਾੰ ਕਰਦੀ।"ਹੁਣ ਤਾਂ ਮੇਰਾ ਪੋਤਾ ਸੁੱਖ ਨਾ ਥੋਡੇ ਅੰਗੂ ਗੱਭਰੂ ਆ"। ਅਹੀਂ ਪੁੱਛਦੇ ਬੇਬੇ ਬਾਹਰਲੇ ਕਦੋੰ ਆਉਣਗੇ ?
ਵਾਲ ਸਵਾਰਕੇ ਨਾਲੇ ਤਾਂ ਬੇਬੇ ਨੇ ਜੂੜਾ ਵਲੀ ਜਾਣਾ ਨਾਲੇ ਆਖਣਾ," ਆਂਹਦਾ ਸੀ ਥੋਡਾ ਬਾਈ, ਸ਼ੈਂਤ ਐਂਤਕੀ ਪੋਹ
ਪੂਹ 'ਚ ਆਓਣਗੇ"। ਹਰੇੇਕ ਸਾਲ ਬੇਬੇ ਆਸ ਰੱਖਦੀ ਪਰ ਬਾਹਰਲੇ ਨਾ ਮੁੜੇ। ਹਰੇਕ ਵਾਰੀ ਬੇਬੇ ਪੁੱਤ ਦੀ ਮਜ਼ਬੂਰੀ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ,"ਆਓਣਾ ਤਾਂ ਸੀਗਾ ਪੁੱਤ ਤੇਰੇ ਬਾਈ ਨੇ ਪਰ ਜਵਾਕਾਂ ਦੀ ਭੜਾਈ ਕਰਕੇ ਰਹਿਪੇ"।
ਪਿਛਲੇ ਸਾਲ ਮੈਂ ਫਰੀਦਕੋਟ ਵਿੱਚੋਂ ਨੰਘਦਾ ਬੇਬੇ ਕੋਲ ਜਾਵੜਿਆ। ਗੱਲਾਂਂ ਕਰਦਿਆਂ ਚਾਹ ਪੀਦਿਆੰ ਸੋਬਤ ਪੁੱਛਿਆ ਮਖਾ," ਬੇਬੇ ਬਾਹਰਲੇ ਨਹੀਂ ਆਏ?"
ਬਿਨ੍ਹਾਂ ਕਿਸੇ ਰੋਸੇ ਦੇ ਬੇਬੇ ਨੇ ਫੇਰ ਜਵਾਬ ਦਿੱਤਾ," ਕੰਮ ਬਾਹਲੇ ਆ ਪੁੱਤ ਤੇਰੇ ਬਾਈ ਨੂੰ, ਕਹਿੰਦਾ ਸੀ ਪੋਹ ਪੂਹ 'ਚ ਆਮਾਂਗੇ"। 
ਸਹੁਰੇ ਢਿੱਡਾਂ ਨੇ ਪੈਰ ਪੈਰ ਤੇ ਸਰਸਾ ਬਣਾਤੀ। ਮਾਵਾਂ ਪੁੱਤਾਂ ਨੂੰ ਤਰਸੀ ਜਾਂਦੀਆਂ ਤੇ ਪੁੱਤ ਮਾਵਾਂ ਖੁਣੋਂ ਓਦਰੇ ਪਏ ਨੇ। ਸੱਚਿਆ ਪਾ'ਸ਼ਾ ਚੜ੍ਹਦੀਆਂ ਕਲਾਂ 'ਚ ਰੱਖੇ ਸਾਰਿਆਂ ਨੂੰ......ਘੁੱਦਾ

ਜਿਓਣਾ ਝੂਠ

ਸ਼ੁਰੂ ਤੋਂ ਵੱਡਿਆੰ ਮੂੰਹੋੰ ਸੁਣਦੇ ਆਓਣੇਂ ਆ ਅਖੇ ,'ਮਰਨਾ ਸੱਚ ਤੇ ਜਿਓਣਾ ਝੂਠ'। ਕੋਈ ਪਤਾ ਨਹੀੰ ਲੱਗਦਾ ਕਦੋੰ ਤੁਰਿਆ ਫਿਰਦਾ ਚੰਗਾ ਭਲਾ ਬੰਦਾ ਖ਼ਿਰਲ ਹੋ ਜਾਂਦਾ। ਜਦੋਂ ਕਿਸੇ ਮੁਰਦੇ ਨੂੰ ਸਿੜ੍ਹੀ ਤੋਂ ਲਾਹਕੇ ਲੱਕੜਾੰ ਤੇ ਪਾਉਦੇੰ ਵੇਖੀਦਾ ਤਾਂ ਕਰਨੈਲ ਸਿੰਘ ਪਾਰਸ ਹੋਣਾੰ ਦੀ ਲਿਖੀ ਗੱਲ ਚੇਤੇ ਆਉਦੀਂ ਆ ,"ਵਿੱਚ ਗਦੈਲੇ ਦੇ ਰਹੀ ਚੁਭਦੀ ਰੜਕ ਵੜੇਵੇਂ ਦੀ, ਸੇਜਾੰ ਤੈਨੂੰ ਗੋਹੇ ਲੱਕੜਾੰ ਦੀ ਵਿਛਾਉਣੀ।"
ਜਦੋਂ ਚਾਰ ਕੁ ਕਾਨਿਆੰ ਨੂੰ ਅੱਗ ਲਾਕੇ ਪੁੱਤ ਜਾਂ ਭਰਾ ਦੇ ਹੱਥ ਫੜ੍ਹਾਕੇ ਆਖਿਆ ਜਾਦਾਂ,"ਸ਼ੇਰਾ ਹੌਂਸਲੇ ਨਾਲ ਚਿਖਾ ਉੱਤੋਂ ਦੀ ਗੇੜਾ ਦੇਦੇ ਤਕੜਾ ਹੋਕੇ"ਤਾੰ ਓਦੋਂ ਓਹਦਾ ਦਿਲ ਪੁੱਛਿਆੰ ਈ ਜਾਣੀਂਦਾ। ਰੋਦੇਂ ਜੀਅ ਨੂੰ ਕੋਈ ਵੱਡਾ ਬੰਦਾ ਕਲਾਵੇ 'ਚ ਲੈਕੇ ਧੀਰ ਬੰਨ੍ਹਾਓਂਦਾ," ਓਹਤਾ ਵੈਰੀ ਜਰਮਿਆ ਸੀ ਪੁੱਤ ਆਪਣਾ, ਥੋੜ੍ਹੀ ਲਿਖਾਕੇ ਆਇਆ ਸੀ"।
ਕੋਲ ਪੈਰਾੰ ਭਾਰ ਬੈਠਾ, ਦੰਦਾੰ 'ਚ ਡੱਕਾ ਮਾਰਦਾ ਕੋਈ ਬੰਦਾ ਗੱਲ ਨੂੰ ਅੱਗੇ ਤੋਰਦਾ,"ਹੈੰ ਜਾਗਰਾ ਆਂਹਦੇ ਆ ਬੀ ਲੇਖ ਵਿਓਮਾਤਾ ਲਿਖਦੀ ਆ, ਫਲਾਣੇ ਦੇ ਫੁੱਲ ਚੁਗਦੇ ਸੀ ਤੇ ਖੋਪੜੀ ਤੇ ਓਮੇਂ ਜਿਮੇੰ ਅੱਖਰ ਲਿਖੇ ਬਏ ਸੀ। ਆਪਾਂ ਨੂੰ ਤਾਂ ਖੈਰ ਪੜ੍ਹਨੇ ਨੀਂ ਆਉਂਦੇ।"
ਕਿਤੇ ਵੀਹ ਸਾਲ ਪਹਿਲਾਂ ਹੋਏ ਵਿਆਹ ਦੀ ਮੂਵੀ ਦੇਖਕੇ ਪਤਾ ਲੱਗਦਾ ਬੀ ਅੱਧਿਓਂ ਜ਼ਿਆਦਾ ਜੀਅ ਹਵਾ ਹੋ ਗਏ ਨੇ। ਹੱਸ ਖੇਡਕੇ ਸਮਾੰ ਟਪਾਓ ਜਿੰਨਾ ਟਪਦਾ ,ਏਹਨਾਂ ਲੜਾਈਆਂ 'ਚ ਕੀ ਪਿਆ । ਖੌਣੀ ਕਿਹੜੇ ਵੇਲੇ ਬੰਦਾ 'ਹੈ' ਤੋੰ 'ਸੀ' ਹੋਜੇ.......ਘੁੱਦਾ